ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਆਵਦੀ ਇੱਜ਼ਤ ਆਵਦੇ ਕੋਲ ਰੱਖ, ਭਲਿਆਮਾਣਸਾ। ਮੈਂ ਕੰਜਰੀ ਤਾਂ ਹੈ ਨ੍ਹੀਂ ਬਈ...। ਦਾੜ੍ਹੀ ਪੱਟ ਕੇ ਹੱਥ ਵਿੱਚ ਫੜਾ ਦੂੰਗੀ।" ਉਹ ਪੈਰ ਗੱਡ ਕੇ ਖੜ੍ਹੀ ਬੋਲ ਰਹੀ ਸੀ।

ਤੇ ਫੇਰ ਹੋਰ ਇੱਕ ਦਿਨ, ਉਹ ਖੇਤੋਂ ਆ ਰਹੀ ਸੀ। ਹੱਥ ਵਿੱਚ ਡਾਂਗ, ਸਿਰ ਉੱਤੇ ਚਾਰੇ ਦੀ ਭਰੀ। ਇੱਕ ਬੰਦਾ ਉਹਦੇ ਮਗਰ-ਮਗਰ ਚੁੱਪ-ਚਪੀਤਾ ਤੁਰਿਆ ਆਵੇ। ਮਗਰੋਂ ਪੈੜ-ਚਾਲ ਸੁਣ ਕੇ ਬਘੇਲੋ ਨੇ ਗਰਦਨ ਭੰਵਾਈ। ਉਹ ਦੂਜੇ ਅਗਵਾੜ ਦਾ ਇੱਕ ਲੰਡਰ ਮੁੰਡਾ ਸੀ। ਪਤਾ ਨਹੀਂ ਕਿੱਧਰੋਂ ਆ ਰਿਹਾ ਸੀ। ਪਹਿਲਾਂ ਵੀ ਉਹ ਦੋ-ਤਿੰਨ ਵਾਰੀ ਉਹਦੇ ਵੱਲ ਮੈਲ਼ੀ ਅੱਖ ਨਾਲ ਝਾਕਦਾ ਉਹਨਾਂ ਦੇ ਘਰ ਮੂਹਰ ਦੀ ਲੰਘਿਆ ਸੀ। ਜਦੋਂ ਹੀ ਕੱਸੀ ਦੇ ਵੱਡੇ ਖਾਲ਼ ਕੋਲ ਉਹ ਆਈ, ਉਹ ਆਪ ਵੀ ਪਹੇ ਵਿੱਚ ਡਿੱਗ ਪਈ ਸੀ। ਮੁੰਡਾ ਉਹਦੇ ਨਾਲ ਗੁੱਥਮ-ਗੁੱਥਾ ਹੋ ਗਿਆ। ਉਹਨੂੰ ਡੌਲਿਓਂ ਫੜ ਕੇ ਖਾਲ਼ ਵੱਲ ਖਿੱਚ ਰਿਹਾ ਸੀ। ਬਘੇਲੋ ਨੇ ਬਥੇਰਾ ਗਾਲ੍ਹਾਂ ਕੱਢੀਆਂ, ਉੱਚੀਆਂ ਚੀਕਾਂ ਮਾਰੀਆਂ, ਬਈ ਕੋਈ ਸੁਣ ਲਵੇ। ਮੁੰਡਾ ਉਹਤੋਂ ਤਕੜਾ ਵੀ ਨਹੀਂ ਸੀ, ਪਰ ਉਹਦਾ ਖਹਿੜਾ ਨਹੀਂ ਛੱਡ ਰਿਹਾ ਸੀ। ਬਘੇਲੋ ਨੇ ਪਰ੍ਹਾਂ ਪਈ ਡਾਂਗ ਦੇਖੀ। ਆਪਣੇ-ਆਪ ਨੂੰ ਉਹਦੇ ਕੋਲੋਂ ਛੁਡਾ ਕੇ ਉਹ ਡਾਂਗ ਵੱਲ ਭੱਜੀ। ਅਗਲੇ ਬਿੰਦ ਮੁੰਡੇ ਦਾ ਮੱਥਾ ਪਾੜਿਆ ਗਿਆ ਸੀ। ਧਰਤੀ ਉੱਤੇ ਪਿਆ ਉਹ ਮੱਛੀ ਵਾਂਗ ਤੜਫ਼ ਰਿਹਾ ਸੀ। ਬਘੇਲੋ ਨੇ ਦੋ ਡਾਂਗਾਂ ਉਹਦੇ ਗਿੱਟਿਆਂ ਉੱਤੇ ਵੀ ਜੜ ਦਿੱਤੀਆਂ ਸਨ ਤੇ ਫੇਰ ਉਹਨੇ ਆਪ ਹੀ ਆਪਣੀ ਭਰੀ ਚੁੱਕੀ, ਭੁੰਜੇ ਪਈ ਡਾਂਗ ਨੂੰ ਪੈਰ ਨਾਲ ਖੜ੍ਹਾ ਕੀਤਾ, ਮੁੰਡੇ ਉੱਤੇ ਥੁੱਕਿਆ ਤੇ ਆਰਾਮ ਨਾਲ ਆਪਣੇ ਰਾਹ ਤੁਰਨ ਲੱਗੀ।

ਉਹ ਦਿਨ ਸੋ ਉਹ ਦਿਨ, ਮੁੜਕੇ ਕੋਈ ਬੰਦਾ ਬਘੇਲੋ ਵੱਲ ਮਾੜੀ ਨਿਗਾਹ ਨਾਲ ਝਾਕਿਆ ਤੱਕ ਨਹੀਂ।◆

56

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ