ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੜ੍ਹਾਂ

ਮੰਡੀ ਸੁਖਾਨੰਦ ਇੱਕ ਪੁਰਾਣੀ ਮੰਡੀ ਹੈ, ਰਿਆਸਤਾਂ ਵੇਲੇ ਦੀ। ਸੁਖਾਨੰਦ ਨਾਉਂ ਦਾ ਇੱਥੇ ਇੱਕ ਪਿੰਡ ਹੁੰਦਾ ਸੀ, ਜੋ ਹੁਣ ਵੀ ਹੈ, ਪਰ ਲੱਗਦਾ ਹੈ ਜਿਵੇਂ ਹੁਣ ਇਹ ਪਿੰਡ ਇਸ ਮੰਡੀ ਦਾ ਹੀ ਇੱਕ ਹਿੱਸਾ ਹੋਵੇ, ਮੰਡੀ ਦਾ ਪੇਂਡੂ ਭਾਗ। ਮਹਾਰਾਜੇ ਨੇ ਜਦੋਂ ਆਪਣੀ ਰਿਆਸਤ ਵਿੱਚ ਦਾਣਾ-ਮੰਡੀਆਂ ਬਣਵਾਈਆਂ ਤਾਂ ਸੁਖਾਨੰਦ ਪਿੰਡ ਦੀ ਵੀ ਕਿਸਮਤ ਜਾਗ ਪਈ। ਇਲਾਕੇ ਦਾ ਸਾਰਾ ਦਾਣਾ-ਫੱਕਾ ਏਥੇ ਆਉਣ ਲੱਗਿਆ। ਜਿੰਨੀ ਲੰਬੀ, ਓਨੀ ਚੌੜੀ-ਚੌਰਸ ਮੰਡੀ ਦੀਆਂ ਦੁਕਾਨਾਂ ਦੇ ਦੋ ਵੱਡੇ-ਵੱਡੇ ਦਰਵਾਜ਼ੇ ਰੱਖੇ, ਲੋਹੇ ਦੇ ਗੇਟਾਂ ਵਾਲੇ। ਨੇੜੇ-ਤੇੜੇ ਦੇ ਪਿੰਡਾਂ ਤੋਂ ਮਹਾਜਨ ਲੋਕ ਮੰਡੀ ਆ ਵੱਸੇ ਤੇ ਆੜ੍ਹਤ ਦੀਆਂ ਦੁਕਾਨਾਂ ਪਾ ਲਈਆਂ ਤੇ ਫੇਰ ਆਜ਼ਾਦੀ ਤੋਂ ਬਾਅਦ ਸੁਖਾਨੰਦ ਮੰਡੀ ਦੀ ਓਨੀ ਹੀ ਚੜ੍ਹਤ ਰਹੀ। ਰੇਲਵੇ ਸਟੇਸ਼ਨ ਤਾਂ ਪਹਿਲਾਂ ਹੀ ਸੀ, ਹੁਣ ਇਹ ਮੰਡੀ ਮੇਨ ਸੜਕ ਉੱਤੇ ਆ ਗਈ। ਜਦੋਂ ਲਿੰਕ-ਸੜਕਾਂ ਦਾ ਸਿਲਸਿਲਾ ਸ਼ੁਰੂ ਹੋਇਆ ਫੇਰ ਤਾਂ ਇਹ ਮੰਡੀ ਇਲਾਕੇ ਦੇ ਹਰ ਪਿੰਡ ਨਾਲ ਜੁੜ ਗਈ। ਇਹਦੀ ਚੜ੍ਹਤ ਦੂਣ-ਸਵਾਈ ਹੋ ਉੱਠੀ। ਇੱਥੇ ਬਲਾਕ ਪੱਧਰ ਦੇ ਕਈ ਸਰਕਾਰੀ ਅਰਧ-ਸਰਕਾਰੀ ਦਫ਼ਤਰ ਖੁੱਲ੍ਹ ਗਏ। ਕੁੜੀਆਂ ਤੇ ਮੁੰਡਿਆਂ ਦੇ ਦੋ ਵੱਖ-ਵੱਖ ਹਾਈ ਸਕੂਲ ਬਣ ਗਏ। ਵੱਡਾ ਸਰਕਾਰੀ ਹਸਪਤਾਲ ਇਲਾਕੇ ਦੇ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਦਾ। ਪੁਲਿਸ ਚੌਕੀ ਤੋਂ ਪੂਰਾ ਥਾਣਾ ਬਣ ਗਿਆ। ਪੇਂਡੂ ਲੋਕਾਂ ਦਾ ਆਉਣ ਜਾਣ ਹੋਰ ਵੀ ਵਧਣ ਲੱਗਿਆ।

ਮੰਡੀ ਦੇ ਦੱਖਣ ਵਿੱਚ ਸੱਤ ਗਲੀਆਂ ਹਨ। ਇਹ ਗਲੀਆਂ ਆਜ਼ਾਦੀ ਤੋਂ ਬਾਅਦ ਬਣੀਆਂ। ਇਹਨਾਂ ਵਿੱਚ ਤਮਾਮ ਘਰ ਮਹਾਜਨਾਂ ਦੇ ਹਨ। ਆੜ੍ਹਤੀਏ ਤੇ ਮੰਡੀ ਤੋਂ ਬਾਹਰਲੇ ਹੋਰ ਦੁਕਾਨਦਾਰਾਂ ਦੇ ਘਰ। ਸੱਤਵੀਂ ਗਲੀ ਤੋਂ ਪਾਰ ਇੱਕ ਲੰਬੇ-ਚੌੜੇ ਵਿਹੜੇ ਵਾਲੀ ਹਵੇਲੀ ਵਿੱਚ ਪੁਲਿਸ-ਥਾਣਾ ਹੈ।

ਨੇੜੇ ਦੇ ਪਿੰਡ ਅਕਾਲਸਰ ਦਾ ਨਿਹਾਲ ਸਿੰਘ ਨੰਬਰਦਾਰ ਦੁਪਹਿਰ ਦਾ ਥਾਣੇ ਬੈਠਾ ਹੋਇਆ ਸੀ। ਉਹ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਛੁਡਾਉਣ ਆਇਆ ਸੀ। ਬੰਦੇ ਤੋਂ ਦਾਰੁ ਦਾ ਤੌੜਾ ਫੜਿਆ ਗਿਆ। ਗ਼ਰੀਬ ਬੰਦਾ ਸੀ ਉਹ। ਇਕੱਲਾ-ਅਕਹਿਰਾ, ਬਸ ਮਾਂ ਹੀ ਮਾਂ। ਉਹਦਾ ਅਮਲੀ ਬਾਪ ਸਾਰੀ ਜ਼ਮੀਨ ਫੂਕ ਗਿਆ ਸੀ ਤੇ ਹੁਣ ਉਹ ਗ਼ਰੀਬ ਬੰਦਾ ਦਿਹਾੜੀ ਕਰਕੇ ਗੁਜ਼ਾਰਾ ਕਰਦਾ, ਕਦੇ-ਕਦੇ ਤੌੜਾ ਵੀ ਪਾ ਲੈਂਦਾ। ਆਪ ਤਾਂ ਪੀਂਦਾ ਨਹੀਂ ਸੀ। ਦੋ-ਚਾਰ ਬੋਤਲਾਂ ਨਿੱਕਲਦੀਆਂ, ਵੇਚ ਲੈਂਦਾ। ਉਹਦੀ ਕਬੀਲਦਾਰੀ ਸੰਢੀ ਜਾਂਦੀ। ਉਹ ਤਾਂ ਪਹਿਲਾਂ ਹੀ ਮਰਿਆਂ ਵਰਗਾ ਸੀ, ਜੱਟ ਹੋ ਕੇ ਦਿਹਾੜੀ ਕਰਦਾ।

ਜੜ੍ਹਾਂ

57