ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਸਭ ਦੱਸ ਰਹੀ ਐ, ਆਪਣਾ ਥਾਂ-ਟਿਕਾਣਾ।" ਦੂਜਾ ਨੌਜਵਾਨ ਵੀ ਰੋਅਬ ਵਿੱਚ ਸੀ।

"ਕਿਉਂ ਬਈ, ਕਹਾਂ ਕੀ ਰਹਿਨੇ ਵਾਲੀ ਹੋ ਤੁਮ? ਥਾਣੇਦਾਰ ਨੇ ਔਰਤ ਦੇ ਡੌਲੇ ਉੱਤੇ ਛਟੀ ਲਾਈ।

ਔਰਤ ਜੋ ਬੋਲੀ, ਕਿਸੇ ਦੀ ਸਮਝ ਵਿੱਚ ਨਹੀਂ ਆਇਆ।

ਪਹਿਲਾ ਨੌਜਵਾਨ ਬੋਲਿਆ- "ਇਹਦੀ ਬੋਲੀ ਆਪਾਂ ਨ੍ਹੀਂ ਸਮਝ ਸਕਦੇ ਸਰਦਾਰ ਜੀ। ਸਾਡੇ ਕੋਲ ਹੈਗਾ ਇੱਕ ਬੰਦਾ।" ਉਹ ਦਰਵਾਜ਼ੇ ਉੱਤੇ ਗਿਆ ਤੇ ਚੁੱਪ ਖੜ੍ਹੀ ਭੀੜ ਵਿੱਚੋਂ ਧਾਗਾ-ਮਿੱਲ ਦੇ ਇੱਕ ਮਜ਼ਦੂਰ ਨੂੰ ਬੁਲਾ ਲਿਆਇਆ।

ਮੰਡੀ ਦੇ ਚੜ੍ਹਦੇ ਪਾਸੇ ਵਾਲੇ ਦਰਵਾਜ਼ੇ ਤੋਂ ਥੋੜ੍ਹਾ ਹਟ ਕੇ ਬੱਸ-ਸਟਾਪ ਹੈ। ਇੱਥੋਂ ਇੱਕ ਮੀਲ ਦੂਰ ਮੇਨ ਸੜਕ। ਲਿੰਕ ਰੋਡ ਉੱਤੇ ਬੱਸਾਂ ਦੀ ਆਵਾਜਾਈ ਕਦੇ ਆਮ ਰਹਿੰਦੀ ਸੀ, ਹੁਣ ਨਹੀਂ। ਮਨਮਰਜ਼ੀ ਨਾਲ ਹੀ ਕੋਈ ਬੱਸ ਅੰਦਰਲੇ ਬਸ-ਸਟਾਪ ਉੱਤੇ ਆਉਂਦੀ ਹੈ। ਮੰਡੀ ਦਾ ਪ੍ਰੈੱਸ ਰਿਪੋਰਟਰ ਹਰ ਮਹੀਨੇ ਖ਼ਬਰ ਛਪਵਾਉਂਦਾ ਹੈ ਕਿ ਸਾਰੀਆਂ ਬੱਸਾਂ ਅੰਦਰ ਹੋ ਕੇ ਜਾਇਆ ਕਰਨ। ਮੰਡੀ ਵਿੱਚ ਕੋਈ ਸਿਆਸੀ ਜਲਸਾ ਹੋਵੇ ਤਾਂ ਇੱਕ ਮੰਗ ਅੰਦਰਲੇ ਬੱਸ-ਅੱਡੇ ਉੱਤੇ ਬੱਸਾਂ ਆਉਣ ਸੰਬੰਧੀ ਲਾਜ਼ਮੀ ਰੱਖੀ ਜਾਂਦੀ ਹੈ, ਪਰ ਕੋਈ ਨਹੀਂ ਸੁਣਦਾ। ਸਗੋਂ ਮੰਡੀ ਵਿੱਚੋਂ ਹੀ ਆਵਾਜ਼ ਉੱਠ ਖੜ੍ਹਦੀ ਹੈ- "ਭਾਈ ਰਿਕਸ਼ਾ ਵਾਲਿਆਂ ਨੇ ਵੀ ਤਾਂ ਕਿਤੋਂ ਖਾਣੀ ਐ ਦਾਲ-ਰੋਟੀ।"

ਪਰ ਥਰੀ-ਵੀਲ੍ਹਰਾਂ ਦਾ ਕੀ ਕਰੇਗਾ ਕੋਈ? ਰਿਕਸ਼ਿਆਂ ਵਾਲੇ ਖੜ੍ਹੇ-ਖੜ੍ਹੋਤੇ ਮੂੰਹ ਦੇਖਦੇ ਰਹਿ ਜਾਂਦੇ ਹਨ ਤੇ ਥਰੀ-ਵੀਲ੍ਹਰ ਸਾਰੀਆਂ ਸਵਾਰੀਆਂ ਹੂੰਝ ਲਿਜਾਂਦਾ ਹੈ।

ਜਦੋਂ ਅੰਦਰਲੇ ਬੱਸ-ਸਟਾਪ ਉੱਤੇ ਸਾਰੀਆਂ ਬੱਸਾਂ ਆਉਂਦੀਆਂ ਸਨ, ਉਨ੍ਹਾਂ ਦਿਨਾਂ ਵਿੱਚ ਏਥੇ ਕਈ ਵਰਕਸ਼ਾਪਾਂ ਖੁੱਲ੍ਹੀਆਂ। ਟਰੈਕਟਰਾਂ, ਟਰੱਕਾਂ ਤੇ ਸਕੂਟਰਾਂ ਦੀਆਂ ਵਰਕਸ਼ਾਪਾਂ। ਇਹ ਵਰਕਸ਼ਾਪਾਂ ਹੁਣ ਵੀ ਹਨ। ਖਰਾਦੀਏ ਵੀ ਆ ਗਏ। ਬੋਰਾਂ ਦਾ ਸਮਾਨ ਵਿਕਦਾ ਹੈ। ਇੰਜਣਾਂ ਦੇ ਸਪੇਅਰ-ਪਾਰਟਸ ਦੀਆਂ ਦੁਕਾਨਾਂ। ਨਹੀਂ ਆਉਂਦੀ ਕੋਈ ਬੱਸ ਅੰਦਰਲੇ ਅੱਡੇ ਉੱਤੇ ਤਾਂ ਨਾ ਆਵੇ, ਬੰਦਿਆਂ ਦਾ ਉਂਝ ਵੀ ਏਥੇ ਮੇਲਾ ਲੱਗਿਆ ਰਹਿੰਦਾ ਹੈ।

ਉਸ ਦਿਨ ਦੁਪਹਿਰੇ ਜਿਹੇ ਉਸ ਦੁਆਲੇ ਭੀੜ ਇਕੱਠੀ ਹੋਈ ਖੜ੍ਹੀ ਸੀ। ਕੋਈ ਉਹਨੂੰ, ਉਹਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਕੁਝ ਪੁੱਛਦਾ, ਕੋਈ ਕੁਝ। ਕੋਈ ਪੰਜਾਬੀ ਬੋਲਦਾ, ਕੋਈ ਟੁੱਟੀ-ਫੁੱਟੀ ਹਿੰਦੀ। ਉਹ ਜਿਹੜਾ ਵੀ ਜਵਾਬ ਦਿੰਦੀ, ਕਿਸੇ ਦੇ ਕੁਝ ਪਿੜ-ਪੱਲੇ ਨਾ ਪੈਂਦਾ। ਤਮਾਸ਼ਬੀਨ ਹੱਸਦੇ ਤੇ ਉਹਦਾ ਮਖ਼ੌਲ ਉਡਾਉਂਦੇ। ਉਹ ਦੋ ਘੰਟਿਆਂ ਤੋਂ ਓਥੇ ਬੈਠੀ ਹੋਈ ਸੀ। ਇਕ ਹੋਟਲ-ਮਾਲਕ ਉਹਦੇ ਉੱਤੇ ਤਰਸ ਖਾ ਕੇ ਉਹਨੂੰ ਇੱਕ ਚਾਹ ਦਾ ਗਿਲਾਸ ਤੇ ਦੋ ਬਰੈੱਡ-ਪੀਸ ਫੜਾ ਗਿਆ ਸੀ। ਔਰਤ ਨੇ ਇਹ ਸਭ ਕੌੜਾ ਕਸੈਲਾ ਕਰਕੇ ਅੰਦਰ ਸੁੱਟ ਲਿਆ ਸੀ। ਜਿਵੇਂ ਉਹਦਾ ਅੰਦਰ ਮਰਿਆ ਪਿਆ ਹੋਏ।

ਕੋਲ ਦੀ ਲੰਘੇ ਜਾਂਦੇ ਕੇਸਰੀ ਪੱਗ ਵਾਲੇ ਦੋ ਨੌਜਵਾਨਾਂ ਨੇ ਬੰਦਿਆਂ ਦਾ ਇਕੱਠ ਦੇਖਿਆ ਤਾਂ ਉਹ ਉਨ੍ਹਾਂ ਵਿੱਚ ਆ ਘੁਸੇ। ਔਰਤ ਦਾ ਮਾਮਲਾ ਦੇਖ ਕੇ ਉਹ ਪਹਿਲਾਂ ਤਾਂ ਮੁਸਕਰਾਏ, ਫੇਰ ਓਥੋਂ ਖਿਸਕਣ ਲੱਗੇ। ਇੱਕ ਨੌਜਵਾਨ ਬੋਲਿਆ- "ਕੌਣ ਹੋਈ ਇਹੇ? ਆਪਣੇ ਕੰਨੀ ਦੀ ਤਾਂ ਲੱਗਦੀ ਨ੍ਹੀ।

ਜੜ੍ਹਾਂ

59