ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਪੁੱਛ ਲੈਨੇ ਆਂ।" ਦੂਜਾ ਔਰਤ ਦੇ ਕੋਲ ਮੂੰਹ ਲਿਜਾ ਕੇ ਪੁੱਛਣ ਲੱਗਿਆ- "ਕੀ ਗੱਲ ਐ, ਮਾਈ?"

ਜੋ ਕੁਝ ਉਹ ਬੋਲੀ, ਉਹਦੀ ਸਮਝ ਵਿੱਚ ਨਹੀਂ ਆਇਆ। ਉਹ ਹੈਰਾਨੀ ਵਿੱਚ ਮੁਸਕਰਾਉਣ ਲੱਗ ਪਿਆ। ਲੋਕ ਹੱਸ ਰਹੇ ਸਨ। ਉਸ ਔਰਤ ਉੱਤੇ ਜਾਂ ਸ਼ਾਇਦ ਕੇਸਰੀ ਪੱਗ ਵਾਲੇ ਨੌਜਵਾਨ ਉੱਤੇ ਹੀ।

ਧਾਗਾ ਮਿੱਲ ਵਿੱਚ ਕੰਮ ਕਰਦੇ ਭਈਏ ਇੱਕ ਪਾਸੇ ਖੜ੍ਹੇ ਪੀਟਰ-ਰੇੜ੍ਹੇ ਦੀ ਉਡੀਕ ਕਰ ਰਹੇ ਸਨ। ਉਹ ਅੱਠ-ਦਸ ਸਨ। ਹੱਥਾਂ ਵਿੱਚ ਥੈਲੇ ਫੜੇ ਹੋਏ, ਸਿਰਾਂ ਉੱਤੇ ਸਾਮਾਨ ਦੀਆਂ ਗੰਢਾਂ, ਬੀੜੀਆਂ ਪੀਂਦੇ ਤੇ ਇੱਕ ਦੂਜੇ ਨਾਲ ਕੋਈ ਗੱਲ ਕਰਦੇ। ਕੇਸਰੀ ਪੱਗ ਵਾਲਾ ਇੱਕ ਨੌਜਵਾਨ ਉਹਨਾਂ ਕੋਲ ਗਿਆ ਤੇ ਕਿਹਾ- "ਤੁਸੀਂ ਐਧਰ ਆਓ ਸਾਰੇ। ਔਹਨੂੰ ਦੇਖੋ, ਭਲਾ ਕੀ ਬੋਲਦੀ ਹੈ?"

"ਕਵਨ, ਕਯਾ ਬੋਲਤੀ??" ਇੱਕ ਭਈਆ ਰੁੱਖਾ ਜਿਹਾ ਬੋਲਿਆ।

"ਓਏ ਔਧਰ, ਇੱਕ ਔਰਤ ਐ। ਆਓ, ਤੁਸੀਂ ਸਮਝ ਲਉਗੇ ਸ਼ਾਇਦ ਉਹਦੀ ਬੋਲੀ।"

ਭਈਆਂ ਵਿੱਚ ਬਹੁਤੇ ਬਿਹਾਰੀ ਸਨ, ਦੋ ਤਿੰਨ ਯੂ.ਪੀ. ਵਾਲੇ ਤੇ ਇੱਕ ਹਿਮਾਚਲੀ। ਇੱਕ ਬੰਗਾਲੀ ਵੀ ਸੀ। ਔਰਤ ਆਪਣੇ-ਆਪ ਹੀ ਕੁਝ ਬੋਲੀ ਜਾ ਰਹੀ ਸੀ। ਉਹ ਸਭ ਉਹਨੂੰ ਸੁਣਨ ਲੱਗੇ। ਬੰਗਾਲੀ ਉਹਦੇ ਹੋਰ ਨੇੜੇ ਹੋ ਗਿਆ। ਫੇਰ ਜਦੋਂ ਉਹ ਆਪ ਬੋਲਿਆ ਤਾਂ ਔਰਤ ਅਚੰਭਿਤ ਰਹਿ ਗਈ। ਮੁਸਕਰਾ ਵੀ ਰਹੀ ਸੀ। ਦੋਵਾਂ ਨੇ ਗੱਲ ਸਾਂਝੀ ਕੀਤੀ।

ਬੰਗਾਲੀ ਮਜ਼ਦੂਰ ਕਈ ਸਾਲਾਂ ਤੋਂ ਇੱਥੇ ਸੀ। ਉਹ ਅੱਧ-ਪਚੱਧੀ ਪੰਜਾਬੀ ਬੋਲ ਲੈਂਦਾ। ਪੰਜਾਬੀ ਵਿੱਚ ਆਖੀਆਂ ਗੱਲਾਂ ਸਮਝਦਾ ਸਭ। ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੂੰ ਜੋ ਉਹਨੇ ਦੱਸਿਆ, ਉਹ ਇਹ ਸੀ ਕਿ ਇਹ ਔਰਤ ਬੰਗਾਲਣ ਹੈ। ਕਲਕੱਤਾ ਸ਼ਹਿਰ ਦੀ। ਇਧਰੋਂ ਇੱਕ ਟਰੱਕ ਡਰਾਈਵਰ ਓਥੋਂ ਇਹਨੂੰ ਚਕਮਾ ਦੇ ਕੇ ਲੈ ਆਇਆ ਸੀ, ਉਹ ਇਹਨੂੰ ਆਪਣੇ ਘਰ ਵਸਾਏਗਾ। ਓਧਰ ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ। ਇਹ ਓਧਰ ਆਪਣੀਆਂ ਤਿੰਨ ਕੁੜੀਆਂ ਛੱਡ ਕੇ ਆਈ ਹੈ। ਦੂਜੀ ਪਤਨੀ ਇਹਨੂੰ ਤੰਗ ਕਰਦੀ ਤੇ ਪਤੀ ਖਾਣ-ਪਹਿਨਣ ਨੂੰ ਨਹੀਂ ਦਿੰਦਾ ਸੀ। ਇਹਨੂੰ ਕੁੱਟਦਾ-ਮਾਰਦਾ ਵੀ ਸੀ। ਟਰੱਕ-ਡਰਾਈਵਰ ਜਿਹੜਾ ਇਹਨੂੰ ਲੈ ਕੇ ਆਇਆ ਸੀ, ਹੁਣ ਪਤਾ ਨਹੀਂ ਕਿੱਥੇ ਹੈ। ਇਹ ਹੋਰ ਤਿੰਨ-ਚਾਰ ਬੰਦਿਆਂ ਕੋਲ ਰਹੀ ਹੈ। ਉਹਨਾਂ ਨੇ ਵੀਹ ਦਿਨ ਇਹਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ। ਉਹ ਸ਼ਾਮ ਨੂੰ ਹਨੇਰੇ ਹੋਏ ਆਉਂਦੇ ਤੇ ਸਵੇਰੇ ਜਾਣ ਲੱਗੇ ਬਾਹਰੋਂ ਜਿੰਦਰਾ ਲਾ ਜਾਂਦੇ। ਰੋਟੀ ਖਾਣ ਨੂੰ ਇੱਕੋ ਡੰਗ ਦਿੰਦੇ ਸਨ, ਸ਼ਾਮ ਵੇਲੇ। ਲਿਆਉਣ ਵਾਲਾ ਦੋ ਮਹੀਨਿਆਂ ਪਿੱਛੋਂ ਇਹਨੂੰ ਉਹਨਾਂ ਬੰਦਿਆਂ ਕੋਲ ਛੱਡ ਗਿਆ ਸੀ। ਅੱਜ ਉਹ ਇਹਨੂੰ ਟਰੱਕ ਵਿੱਚੋਂ ਏਥੇ ਉਤਾਰ ਗਏ ਹਨ।

ਉਹਨੇ ਆਪਣਾ ਨਾਉਂ ਸੁਜਾਤਾ ਦੱਸਿਆ।

ਰੋਹਿਤ ਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਕਿਸੇ ਦੇ ਵੀ ਘਰ ਜਾ ਸਕਦੀ ਹੈ, ਜਿਹੜਾ ਇਹਨੂੰ ਬਸ ਦੋ ਡੰਗ ਰੋਟੀ ਦੇ ਸਕਦਾ ਹੋਵੇ।

60

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ