ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਹਾਲ ਸਿੰਘ ਨੰਬਰਦਾਰ ਨੇ ਗੱਲ ਸੁਣੀ ਤਾਂ ਉੱਠ ਕੇ ਥਾਣੇਦਾਰ ਨੂੰ ਪੁੱਛਣ ਲੱਗਿਆ- "ਇਹਨੂੰ ਪੁੱਛੋ ਸਰਦਾਰ ਜੀ, ਇਹ ਰੋਟੀ-ਟੁੱਕ ਦਾ ਕਰ ਸਕਦੀ ਐ?"

ਥਾਣੇਦਾਰ ਨੇ ਰੋਹਿਤ ਨੂੰ ਕਿਹਾ- "ਪੁੱਛ ਬਈ ਇਹਨੂੰ...।"

ਰੋਹਿਤ ਨੇ ਸੁਜਾਤਾ ਨਾਲ ਗੱਲ ਕੀਤੀ ਤੇ ਫੇਰ ਅੱਧ-ਪਚੱਧੀ ਪੰਜਾਬੀ ਬੋਲ ਕੇ ਦੱਸਣ ਲੱਗਿਆ ਕਿ ਉਹ ਘਰ ਦਾ ਸਾਰਾ ਕੰਮ ਕਰੇਗੀ।

ਨਿਹਾਲ ਸਿੰਘ ਨੇ ਜਿਵੇਂ ਬੇਨਤੀ ਕੀਤੀ ਹੋਵੇ- "ਮਹਾਰਾਜ, ਮੈਂ ਪਿੰਡ ਨੂੰ ਜਾਨਾਂ। ਇੱਕ ਘੰਟਾ ਦੇ ਦਿਓ ਸਿਰਫ਼। ਹੁਣੇ ਲਿਆ ਕੇ ਬੰਦਾ ਹਾਜ਼ਰ ਕਰ ਦਿੰਨਾਂ। ਇਹਦਾ ਵੀ ਪੁੰਨ, ਉਹਦਾ ਵੀ ਪੁੰਨ।"

"ਨੰਬਰਦਾਰਾ, ਤੈਨੂੰ ਜ਼ਿੰਮੇਦਾਰੀ ਓਟਣੀ ਪਊ। ਐਸਾ ਨਾ ਹੋਵੇ ਬਈ ਤੇਰਾ ਉਹ ਬੰਦਾ ਟਰੱਕ-ਡਰਾਈਵਰ ਵਾਂਗੂੰ ਈ ਇਹਨੂੰ ਵੀਹ ਦਿਨਾਂ ਪਿੱਛੋਂ ਡੱਕਰ ਦੇਵੇ।" ਥਾਣੇਦਾਰ ਨੂੰ ਵੀ ਹੁਣ ਉਸ ਔਰਤ ਵਿੱਚ ਦਿਲਚਸਪੀ ਹੋ ਗਈ ਲੱਗਦੀ ਸੀ।

"ਨਾ ਸਰਦਾਰ ਜੀ, ਫੁੱਲਾਂ-ਪਾਨਾਂ ਵਾਂਗ ਰੱਖੂ ਉਹ ਤਾਂ ਇਹਨੂੰ। ਉਹਨੂੰ ਤਾਂ ਤੀਵੀਂ ਚਾਹੀਦੀ ਐ, ਚਾਹੇ ਕਿਹੀ ਜ੍ਹੀ ਹੋਵੇ। ਬਸ ਦੋ ਗੁੱਲੀਆਂ ਥੱਪ ਸਕਦੀ ਹੋਵੇ। ਆਪੇ ਹੱਥ ਫੁਕਦੈ ਵਿਚਾਰਾ। ਉਹ ਤਾਂ ਸੱਤ ਜਨਮਾਂ ਦਾ ਭੁੱਖਾ ਐ ਤੀਮੀਂ ਦਾ। ਫੇਰ ਐਬ ਕੋਈ ਨ੍ਹੀਂ। ਕਮੌਂਦੈ ਤੇ ਖਾਂਦੈ। ਮੈਂ ਜ਼ਿੰਮੇਦਾਰੀ ਲੈਨਾਂ ਏਸ ਗੱਲ ਦੀ ਤਾਂ। ਤੁਸੀਂ ਹੁਕਮ ਕਰੋ ਇੱਕ ਵਾਰੀ। ਜਾਵਾਂ ਮੈਂ?"

"ਜਾਹ, ਇਹ ਵੀ ਠੀਕ ਐ। ਜੇ ਇਧਰ ਈ ਇਹਦਾ ਕੋਈ ਥਾਂ ਟਿਕਾਣਾ ਬਣਦੈ, ਹੋਰ ਇਹਨੇ ਕੀ ਲੈਣੈ।" ਇਸ ਵਾਰ ਕੇਸਰੀ ਪੱਗਾਂ ਵਾਲੇ ਬੋਲੇ।

ਬਚਨੇ ਦਾ ਘਰ ਨਿਹਾਲ ਸਿੰਘ ਨੰਬਰਦਾਰ ਦੇ ਗਵਾਂਢ ਵਿੱਚ ਸੀ। ਉਹਦਾ ਕੋਈ ਨਹੀਂ ਸੀ। ਇਕੱਲੀ ਜਾਨ ਦੀ ਜਾਨ, ਜ਼ਮੀਨ ਨਹੀਂ ਸੀ। ਘਰ ਵੀ ਕੀ ਸੀ, ਇੱਕੋ ਕਮਰਾ। ਨਾਲ ਹੀ ਛੋਟੀ ਜਿਹੀ ਰਸੋਈ। ਨਿੱਕਾ ਜਿਹਾ ਵਿਹੜਾ। ਵਿਹੜੇ ਵਿੱਚ ਨਿੰਮ ਦਾ ਰੁੱਖ। ਇੱਕ ਪਾਸੇ ਕੰਧ ਨਾਲ ਪਾਣੀ ਦਾ ਨਲਕਾ। ਵੀਹੀ ਨਾਲ ਕੰਧ 'ਤੇ ਨਲਕੇ ਵਿਚਕਾਰ ਪੱਕੀਆਂ ਇੱਟਾਂ ਦਾ ਓਟਾ। ਚੱਕੀ ਦਾ ਫੁੱਟਿਆ ਪੁੜ ਰੱਖ ਕੇ ਬਣਾਇਆ ਨ੍ਹਾਉਣ-ਧੋਣ ਦਾ ਫ਼ਰਸ਼। ਉਹ ਸ਼ਹਿਰੋਂ ਚਾਹ-ਪੱਤੀ, ਕੱਪੜੇ ਧੋਣ ਵਾਲਾ ਸਾਬਣ, ਮਾਚਿਸਾਂ, ਵਸਾਰ ਤੇ ਗਰਮ ਮਸਾਲਾ ਲੈ ਆਉਂਦਾ। ਬਾਈਸਾਈਕਲ ਖੱਚਰ ਵਾਂਗ ਲੱਦਿਆ ਹੁੰਦਾ। ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚ ਉਹ ਜਾਂਦਾ। ਨਿੱਤ ਦੀ ਕਿਰਸ ਨਾਲ ਉਹਨੇ ਖਾਸੇ ਪੈਸੇ ਜੋੜ ਰੱਖੇ ਸਨ। ਉਹ ਇਹ ਕੰਮ ਕਈ ਵਰ੍ਹਿਆਂ ਤੋਂ ਕਰੀ ਜਾ ਰਿਹਾ ਸੀ। ਇਸ ਸਮੇਂ ਉਹਦੀ ਉਮਰ ਪੰਜਾਹਾਂ ਦੇ ਨੇੜੇ ਸੀ। ਚਾਲੀ ਸਾਲਾਂ ਤੱਕ ਉਹਨੂੰ ਕੋਈ ਰਿਸ਼ਤਾ ਨਹੀਂ ਹੋਇਆ ਸੀ ਤੇ ਫੇਰ ਆਸ ਵੀ ਮੁੱਕ ਗਈ। ਉਹਨੇ ਦਿਲ ਵਿੱਚ ਧਾਰ ਰੱਖਿਆ ਸੀ ਕਿ ਇੱਕ ਦਿਨ ਆਪਣੇ ਘਰ ਉਹ ਕੋਈ ਤੀਵੀਂ ਜ਼ਰੂਰ ਲੈ ਕੇ ਆਵੇਗਾ। ਉਹਨੂੰ ਇਹ ਵੀ ਯਕੀਨ ਸੀ ਕਿ ਹੁਣ ਤਾਂ ਮੁੱਲ ਦੀ ਤੀਵੀਂ ਹੀ ਕੋਈ ਆ ਸਕੇਗੀ। ਏਸੇ ਕਰਕੇ ਉਹ ਪੈਸੇ ਜੋੜਦਾ ਜਾ ਰਿਹਾ ਸੀ। ਬੈਂਕ ਦੀ ਕਾਪੀ ਵਿੱਚ ਅੱਠ ਹਜ਼ਾਰ ਜਮ੍ਹਾਂ ਸੀ। ਉਹਨੂੰ ਕਿਸੇ ਨੇ ਦਸ ਹਜ਼ਾਰ ਦਾ ਲਾਰਾ ਦਿੱਤਾ ਹੋਇਆ ਸੀ। ਉਹ ਦਿਨ ਦੇਖਦਾ, ਨਾ ਰਾਤ, ਕਮਾਈ ਵੱਲ ਧਿਆਨ ਰੱਖਦਾ। ਜਿਵੇਂ ਦਸ ਹਜ਼ਾਰ ਬਣਿਆ ਨਹੀਂ ਤੇ ਤੀਵੀਂ ਉਹਦੇ ਘਰ ਆਈ

ਜੜ੍ਹਾਂ

61