ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ। ਤੀਵੀਂ ਦੀ ਆਸ ਵਿੱਚ ਉਹ ਅੱਕਦਾ-ਥੱਕਦਾ ਨਹੀਂ ਸੀ। ਉਹ ਸੋਚਦਾ, ਇੱਕ ਵਾਰੀ ਉਹਦੇ ਘਰ ਕੋਈ ਤੀਵੀਂ ਆ ਜਾਵੇ ਸਹੀ, ਉਹ ਦੁੱਗਣੀ ਕਮਾਈ ਕਰਿਆ ਕਰੇਗਾ। ਜਿਊਂਦਿਆਂ ਵਿੱਚ ਹੋ ਜਾਵੇਗਾ। ਸ਼ਰੀਕਾਂ ਦੇ ਮਿਹਣੇ ਮੁੱਕ ਜਾਣਗੇ। ਵਿਹੜੇ ਵਾਲੀ ਨਿੰਮ ਨੂੰ ਇੱਕ ਦਿਨ ਪਤਾਸੇ ਜ਼ਰੂਰ ਲੱਗਣਗੇ।

ਬਚਨਾ ਨਿਹਾਲ ਸਿੰਘ ਦੇ ਸ਼ਰੀਕੇ ਵਿੱਚੋਂ ਸੀ। ਚਾਹੇ ਉਹ ਆਂਢ-ਗੁਆਂਢ ਵਿੱਚ ਕਿਸੇ ਕੁੜੀ-ਬਹੂ ਵੱਲ ਅੱਖ ਭਰ ਕੇ ਨਹੀਂ ਕਦੇ ਝਾਕਿਆ ਸੀ, ਪਰ ਉਹਦੇ ਘਰ ਕਦੇ ਕਦੇ ਓਪਰੇ ਬੰਦੇ ਆਉਂਦੇ। ਰਾਤ ਪਈ ਤੋਂ ਆਉਂਦੇ ਤੜਕੇ ਮੂੰਹ-ਹਨੇਰੇ ਹੀ ਨਿੱਕਲ ਜਾਂਦੇ। ਉਹਨਾਂ ਨਾਲ ਕੋਈ ਤੀਵੀਂ ਵੀ ਹੁੰਦੀ। ਛੜੇ ਗੁਆਂਢ ਦਾ ਸੌ ਦੁੱਖ, ਨੰਬਰਦਾਰ ਚਿਤਾਰਦਾ। ਉਹ ਪੋਤੇ-ਪੋਤੀਆਂ ਵਾਲਾ ਖਾਨਦਾਨੀ ਬੰਦਾ ਸੀ। ਬਚਨੇ ਦਾ ਘਰ ਵਸਾਉਣ ਲਈ ਉਹ ਬਚਨੇ ਨਾਲੋਂ ਵੀ ਵੱਧ ਫ਼ਿਕਰ ਕਰਦਾ। ਆਖਦਾ- "ਸ਼ਰੀਕ ਤਾਂ ਵੱਸਦਾ-ਰਸਦਾ ਚੰਗਾ।"

ਅੱਜ ਬਚਨਾ ਪਿੰਡਾਂ ਵਿੱਚ ਨਹੀਂ ਗਿਆ ਸੀ। ਉਹਦਾ ਸਰੀਰ ਢਿੱਲਾ ਸੀ। ਜਿਵੇਂ ਕਣਸ ਹੋਵੇ। ਲੌਂਗਾਂ ਵਾਲੀ ਚਾਹ ਪੀ ਕੇ ਉਹ ਚਾਦਰਾ ਤਾਣੀਂ ਵਿਹੜੇ ਦੀ ਇੱਕ ਗੁੱਠ ਵਿੱਚ ਅਲਾਣੀ ਮੰਜੀ ਉੱਤੇ ਮੂੰਹ-ਸਿਰ ਵਲ੍ਹੇਟੀ ਪਿਆ ਸੀ। ਨੰਬਰਦਾਰ ਨੇ ਉਹਨੂੰ ਝੰਜੋੜਿਆ ਤਾਂ ਉਹ ਉੱਠ ਕੇ ਬੈਠ ਗਿਆ। ਗੱਲ ਸੁਣੀ ਤਾਂ ਚਾਦਰਾ ਇਕੱਠਾ ਕਰਕੇ ਪੈਂਦਾਂ ਉੱਤੇ ਰੱਖ ਦਿੱਤਾ। ਅਗਵਾੜੀਆਂ ਭੰਨਣ ਲੱਗਿਆ।

ਨੰਬਰਦਾਰ ਕਹਿੰਦਾ- "ਗੁਰਬਚਨ ਸਿਆਂ ਭਰਾਵਾ, ਸਲਾਹਾਂ ਜੀਆਂ ਤਾਂ ਕਰ ਨਾ, ਬਸ ਉੱਠ ਕੇ ਤੁਰ ਚੱਲ। ਖੁੰਝਿਆ ਵਖਤ ਮੁੜ ਕੇ ਹੱਥ ਨ੍ਹੀਂ ਔਣਾ।"

ਅਕਾਲਸਰ ਤੋਂ ਸੁਖਾਨੰਦ ਮੰਡੀ ਨੇੜੇ ਹੀ ਸੀ। ਪੱਕੀ ਲਿੰਕ ਸੜਕ। ਦੋਵਾਂ ਕੋਲ ਆਪਣੇ-ਆਪਣੇ ਸਾਈਕਲ। ਉਹ ਤਾਂ ਫਿੜਕੇ ਵਾਂਗ ਥਾਣੇ ਜਾ ਵੱਜੇ। ਏਸ ਦੌਰਾਨ ਰੋਹਿਤ ਨੇ ਸੁਜਾਤਾ ਤੋਂ ਹੋਰ ਵੀ ਕਈ ਗੱਲਾਂ ਪੁੱਛ ਕੇ ਥਾਣੇਦਾਰ ਨੂੰ ਦੱਸੀਆਂ ਸਨ। ਥਾਣੇਦਾਰ ਗੱਲ ਸੁਣਦਾ ਤੇ ਹੱਸਣ ਲੱਗਦਾ। ਕੇਸਰੀ ਪੱਗਾਂ ਵਾਲੇ, ਜੋ ਓਸੇ ਮੰਡੀ ਦੇ ਨੌਜਵਾਨ ਸਨ, ਕੁਝ ਸਮੇਂ ਲਈ ਚਾਹ-ਪਾਣੀ ਪੀਣ ਆਪਣੇ ਘਰਾਂ ਨੂੰ ਉੱਠ ਗਏ ਸਨ। ਭੀੜ ਵੀ ਜਾ ਚੁੱਕੀ ਸੀ।

ਇਕ ਕਾਗ਼ਜ਼ ਉੱਤੇ ਥਾਣੇਦਾਰ ਨੇ ਮੁਣਸ਼ੀ ਤੋਂ ਸੁਜਾਤਾ ਦਾ ਬਿਆਨ ਲਿਖਵਾ ਲਿਆ। ਸੁਜਾਤਾ ਨੇ ਅੰਗਰੇਜ਼ੀ ਅੱਖਰਾਂ ਵਿੱਚ ਆਪਣਾ ਨਾਉਂ ਲਿਖਿਆ। ਫੇਰ ਗੁਰਬਚਨ ਸਿੰਘ ਦਾ ਬਿਆਨ ਲਿਖਿਆ। ਉਹਨੇ ਪੰਜਾਬੀ ਵਿੱਚ ਦਸਖ਼ਤ ਕੀਤੇ। ਦੋਵੇਂ ਨੌਜਵਾਨਾਂ ਤੇ ਨੰਬਰਦਾਰ ਨਿਹਾਲ ਸਿੰਘ ਨੇ ਗਵਾਹੀਆਂ ਪਾ ਦਿੱਤੀਆਂ।

ਉਹ ਤੁਰਨ ਲੱਗੇ ਤਾਂ ਥਾਣੇਦਾਰ ਬੋਲਿਆ- "ਗੁਰਬਚਨ ਸਿਆਂ, ਇਹਨੂੰ ਨਿਆਣਾ-ਨਿੱਕਾ ਵੀ ਹੋਣੈ। ਫੇਰ ਨਾ ਕਹੀਂ, ਬਈ..."

"ਇਹ ਤਾਂ ਹੋਰ ਵੀ ਚੰਗੀ ਗੱਲ ਐ ਸਰਦਾਰ ਜੀ। ਛੇਤੀ ਮਿਲ ਜੂ ’ਗਾ ਜੁਆਕ।" ਬਚਨੇ ਨੂੰ ਸਭ ਮਨਜ਼ੂਰ ਸੀ।

ਰੋਹਿਤ ਆਖ ਰਿਹਾ ਸੀ, "ਅਮਾਰ ਵਾੜੀ ਕੀ ਜੜ੍ਹੇਂ ਤੁਮਾਰ ਵਾੜੀ ਮੇਂ ਲਗ ਰਹੀ ਹੈਂ, ਖੁਸੀ ਕੀ ਬਾਤ, ਬ੍ਹਈ।"

62

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ