ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਹੁੰ

ਉਸ ਦਿਨ ਟਰੇਨ ਬਹੁਤ ਲੇਟ ਸੀ। ਉਹ ਬੱਸ ਸਟੈਂਡ 'ਤੇ ਗਿਆ, ਉਹਦੇ ਪਿੰਡ ਨੂੰ ਜਾਣ ਵਾਲੀ ਆਖ਼ਰੀ ਬੱਸ ਨਿੱਕਲ ਚੁੱਕੀ ਸੀ। ਮਨ ਹੀ ਮਨ ਉਸ ਰੇਲਵੇ ਵਾਲਿਆਂ ਨੂੰ ਗਾਲ੍ਹਾਂ ਕੱਢੀਆਂ। ਗੱਡੀ ਦਾ ਨਾਂ ਰੱਖ ਦਿੰਦੇ ਨੇ ਐਕਸਪ੍ਰੈਸ, ਪਰ ਪਸੰਜ਼ਰ ਗੱਡੀਆਂ ਤੋਂ ਵੀ ਭੈੜੀ ਹਾਲਤ ਹੈ, ਇਨ੍ਹਾਂ ਐਕਸਪ੍ਰੈਸ ਗੱਡੀਆਂ ਦੀ। ਉਹ ਦੁਚਿੱਤੀ ਜਿਹੀ ਵਿੱਚ ਚੌਰਾਹੇ ਉੱਤੇ ਆ ਖੜੋਤਾ। ਉਮੀਦ ਸੀ, ਉਧਰ ਨੂੰ ਜਾਣ ਵਾਲਾ ਕੋਈ ਟਰੱਕ ਮਿਲ ਜਾਵੇਗਾ। ਆਖ਼ਰੀ ਬੱਸਾਂ ਲੰਘੀਆਂ ਤੋਂ ਪਿੰਡਾਂ ਦੇ ਲੋਕ ਟਰੱਕਾਂ ਦਾ ਸਹਾਰਾ ਲੱਭ ਲੈਂਦੇ ਹਨ। ਉਹਨਾਂ ਨੂੰ ਤਾਂ ਇਹ ਮੁਫ਼ਤ ਦੀ ਕਮਾਈ ਹੁੰਦੀ ਹੈ। ਕਿਹੜਾ ਮਾਲਕ ਨੂੰ ਹਿਸਾਬ-ਕਿਤਾਬ ਦੇਣਾ ਹੁੰਦਾ। ਟਰੱਕਾਂ ਵਾਲੇ ਬੱਸ ਕਿਰਾਇਆ ਵਸੂਲ ਕਰਦੇ ਹਨ। ਉਹਨਾਂ ਦਾ ਚਾਹ-ਪਾਣੀ ਖਰਾ ਹੋ ਜਾਂਦਾ ਹੈ। ਬਿਗ਼ਾਨੇ ਥਾਂ ਰਾਤ ਕੱਟਣੀ ਮੁਸ਼ਕਲ ਹੈ। ਫਿਰ ਸ਼ਹਿਰਦਾਰੀ। ਚੌਰਾਹੇ ਉੱਤੇ ਕਈ ਟਰੱਕ ਆਏ ਸਨ। ਉਹਨਾਂ ਦੇ ਪਿੰਡਾਂ ਵੱਲ ਕੋਈ ਨਹੀਂ ਜਾ ਰਿਹਾ ਸੀ। ਟਰੱਕ ਆਉਂਦਾ, ਖੱਬੇ ਮੁੜ ਜਾਂਦਾ, ਹੋਰ ਆਉਂਦਾ, ਸੱਜੇ ਮੁੜ ਜਾਂਦਾ। ਉਹਨਾਂ ਦੇ ਪਿੰਡ ਵੱਲ ਜਾਂਦੀ ਸਿੱਧ ਸੜਕ 'ਤੇ ਕੋਈ ਵੀ ਟਰੱਕ ਨਹੀਂ ਗਿਆ। ਸਵਾਰੀਆਂ ਹੋਰ ਵੀ ਖੜ੍ਹੀਆਂ ਸਨ। ਦੋ ਘੰਟੇ ਗੁਜ਼ਰ ਗਏ। ਅੱਧੀਆਂ ਸਵਾਰੀਆਂ ਇੱਕ-ਇੱਕ ਕਰਕੇ ਕਿਰ ਗਈਆਂ ਤੇ ਫੇਰ ਉਹਨੇ ਵੀ ਸੋਚਿਆ, ਇੰਝ ਹੀ ਖੜ੍ਹਾ ਰਿਹਾ ਤਾਂ ਚੌਰਾਹੇ ਉੱਤੇ ਹੀ ਰਾਤ ਕੱਟਣੀ ਪਵੇਗੀ, ਪਰ ਸਿਆਲ ਦਾ ਮਹੀਨਾ ਹੈ। ਚੌਰਾਹੇ ਉੱਤੇ ਕਿਹੜਾ ਕੋਈ ਹੋਟਲ ਜਾਂ ਧਰਮਸ਼ਾਲਾ ਹੈ ਕਿ ਜਾ ਵੜੀਏ। ਐਵੇਂ ਟੁੱਟੀਆਂ ਜਿਹੀਆਂ ਪੰਜ-ਸੱਤ ਦੁਕਾਨਾਂ ਹਨ। ਚਾਹ-ਦੁੱਧ ਦੀਆਂ ਦੁਕਾਨਾਂ, ਨਿੱਕ-ਸੁੱਕ ਦੀਆਂ ਰੇੜ੍ਹੀਆਂ ਵਾਲੇ ਜਾਂ ਦੋ ਢਾਬੇ।

ਗਾੜ੍ਹਾ ਹਨੇਰਾ ਉੱਤਰ ਆਇਆ ਸੀ। ਉਹਨੇ ਰਿਕਸ਼ਾ ਕੀਤਾ ਅਤੇ ਅਰਜਨ ਨਗਰ ਪਹੁੰਚ ਗਿਆ। ਮਕਾਨ ਲੱਭਣ ਵਿੱਚ ਕੋਈ ਔਖ ਨਹੀਂ ਹੋਈ। ਉਹ ਅਨੇਕਾਂ ਵਾਰ ਪਹਿਲਾਂ ਇੱਥੇ ਆਇਆ ਸੀ। ਪਰ ਹੁਣ ਤਾਂ ਪੰਦਰਾਂ ਸਾਲ ਹੋ ਚੁੱਕੇ ਸਨ, ਉਹ ਕਦੇ ਨਹੀਂ ਆਇਆ ਸੀ, ਜਿਵੇਂ ਸੰਬੰਧ ਹੀ ਨਾ ਹੋਣ। ਉਹਨਾਂ ਦਿਨਾਂ ਵਿੱਚ ਤਾਂ ਇੱਥੇ ਵਿਰਲੇ ਵਿਰਲੇ ਮਕਾਨ ਹੀ ਸਨ। ਕਿਧਰੇ ਕੋਈ-ਕੋਈ ਕੋਠੀ ਤੇ ਕੁਝ ਛੋਟੇ ਮਕਾਨ। ਪਰ ਹੁਣ ਕੋਈ ਅਜਿਹਾ ਪਲਾਟ ਨਹੀਂ ਸੀ, ਜਿਹੜਾ ਖ਼ਾਲੀ ਪਿਆ ਹੋਵੇ। ਸਮੁੰਦਰੀ ਜਹਾਜ਼ਾਂ ਵਾਂਗ ਕੋਠੀਆਂ ਸਿਰ ਕੱਢੀ ਖੜ੍ਹੀਆਂ ਸਨ। ਨਵੇਂ ਤੋਂ ਨਵੇਂ ਡਿਜ਼ਾਇਨ। ਜੱਸੋ ਦੇ ਮਕਾਨ ਦੀ ਪੱਕੀ ਨਿਸ਼ਾਨੀ ਸੀ, ਲੋਹੇ ਦੇ ਗੇਟ ਵਿੱਚ ਅੰਗਰੇਜ਼ੀ ਅੱਖਰਾਂ ਦਾ ਵੈਲਡਿੰਗ ਕੀਤਾ, 'ਬਰਾੜ ਹਾਊਸ'। ਗੇਟ ਦਾ ਰੰਗ ਗੇਰੂਆ ਸੀ ਅਤੇ ਅੱਖਰਾਂ ਦਾ ਰੰਗ ਕਾਲ਼ਾ। ਉਹ ਹਮੇਸ਼ਾ ਇਹੀ ਰੰਗ ਪੇਂਟ ਕਰਾਉਂਦੇ।

64

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ