ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/65

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਹ ਕਾਲ-ਬੈੱਲ ਵਜਾ ਕੇ ਅੰਦਰ ਹੋਇਆ ਤਾਂ ਘਰ ਵਿੱਚ ਟੈਲੀਵਿਜ਼ਨ ਦਾ ਸ਼ੋਰ ਸੀ। ਚਿੱਤਰਹਾਰ ਚੱਲ ਰਿਹਾ ਸੀ। ਗੇਟ ਜੱਸੋ ਦੇ ਵੱਡੇ ਮੁੰਡੇ ਨੇ ਖੋਲ੍ਹਿਆ ਸੀ। ਉਹ ਗੁਰਦੇਵ ਨੂੰ ਨਹੀਂ ਜਾਣਦਾ ਸੀ। ਜਾਣਦਾ ਤਾਂ ਸੀ, ਪਰ ਹੁਣ ਪਹਿਚਾਣਿਆ ਨਹੀਂ ਹੋਵੇਗਾ। ਗੁਰਦੇਵ ਨੇ ਵੀ ਉਹਨੂੰ ਨਹੀਂ ਪਹਿਚਾਣਿਆ। ਪੰਦਰਾਂ ਸਾਲਾਂ ਦੌਰਾਨ ਬਹੁਤ ਕੁਝ ਬਦਲ ਗਿਆ ਸੀ। ਮੁੰਡੇ ਦੇ ਮੂੰਹ ਉੱਤੇ ਭਰਵੀਂ ਦਾੜ੍ਹੀ ਸੀ ਅਤੇ ਗੁਰਦੇਵ ਦੀ ਦਾੜ੍ਹੀ ਅੱਧੀ ਚਿੱਟੀ ਹੋ ਚੁੱਕੀ ਸੀ। ਗੁਰਦੇਵ ਨੇ ਉਹਦੇ ਬਾਪ ਦਾ ਨਾਂ ਲਿਆ ਤਾਂ ਮੁੰਡਾ ਸਮਝ ਗਿਆ ਕਿ ਇਹ ਕੋਈ ਉਹਨਾਂ ਦਾ ਆਪਣਾ ਹੀ ਹੈ।

ਗੁਰਦੇਵ ਤੇ ਮੁੰਡੇ ਦੀ ਗੱਲ-ਬਾਤ ਸੁਣ ਕੇ ਪਹਿਲਾਂ ਜੱਸੋ ਹੀ ਉਹਨਾਂ ਕੋਲ ਆਈ। ਉਹਨੂੰ ਬੋਲਦਾ ਸੁਣ ਕੇ ਝੱਟ ਪਹਿਚਾਣ ਗਈ। ਸਤਿ ਸ੍ਰੀ ਅਕਾਲ ਆਖੀ ਤੇ ਉਹਦਾ ਹੱਥ ਫੜ ਕੇ ਲੈ ਜਾਣ ਵਾਂਗ ਉਹ ਉਹਨੂੰ ਅੰਦਰ ਬੈਠਕ ਵਿੱਚ ਲੈ ਗਈ। ਪਰਿਵਾਰ ਦਾ ਹਾਲ-ਚਾਲ ਪੁੱਛਿਆ। ਨਿਹੋਰਾ ਵੀ ਮਾਰਿਆ, "ਅੱਜ ਕਿੱਧਰੋਂ ਰਾਹ ਭੁੱਲ ਗਿਆ?"

ਹੁਣ ਉਹ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵਾਲੇ ਹੋ ਚੁੱਕੇ ਸਨ। ਜੱਸੋ ਦੇ ਦੋ ਮੁੰਡੇ ਅਤੇ ਇੱਕ ਕੁੜੀ ਸੀ। ਤਿੰਨੇ ਵਿਆਹੇ-ਵਰ੍ਹੇ, ਅਗਾਂਹ ਤਿੰਨਾਂ ਦੇ ਜੁਆਕ ਸਨ। ਗੁਰਦੇਵ ਦੇ ਵੀ ਇੱਕ ਮੁੰਡਾ ਤੇ ਤਿੰਨ ਕੁੜੀਆਂ ਸਨ। ਉਹਨੇ ਵੀ ਚਾਰ ਬੱਚੇ ਵਿਆਹ ਲਏ ਸਨ। ਚਾਰਾਂ ਦੇ ਅਗਾਂਹ ਬੱਚੇ ਸਨ।

ਜੱਸੋ ਉਹਨਾਂ ਦੇ ਪਿੰਡ ਦੀ ਕੁੜੀ ਸੀ। ਪਤਾ ਨਹੀਂ ਕਿਹੜੇ ਵੇਲੇ ਉਹਨਾਂ ਦਾ ਨਿਹੁੰ ਲੱਗਿਆ, ਗੱਲ ਖ਼ਾਸੀ ਵਧ ਗਈ ਸੀ। ਜੱਸੋ ਕਾਲਜ ਜਾਂਦੀ ਹੁੰਦੀ। ਗੁਰਦੇਵ ਬੀ.ਏ. ਕਰ ਚੁੱਕਿਆ ਸੀ। ਚੁੱਪ-ਚੁਪੀਤੇ ਹੀ ਜੱਸੋ ਦੇ ਪਿਓ ਨੇ ਮੁੰਡਾ ਲੱਭਿਆ ਸੀ ਤੇ ਉਹਨੂੰ ਭੰਵਾਲੀਆਂ ਦੇ ਦਿੱਤੀਆਂ ਸਨ, ਪਰ ਉਹ ਮਿਲਣੋਂ ਨਹੀਂ ਹਟੇ। ਗੁਰਦੇਵ ਜੱਸੋ ਦੇ ਸਹੁਰੇ ਵੀ ਜਾਂਦਾ। ਉਹ ਕਦੇ ਪੇਕੀਂ ਮਿਲਣ ਆਉਂਦੀ ਤਾਂ ਉਹ ਕਿਤੇ ਨਾ ਕਿਤੇ ਇਕੱਲੇ ਜ਼ਰੂਰ ਬੈਠਦੇ ਤੇ ਆਪਣਾ ਦੁੱਖ-ਸੁੱਖ ਕਰਦੇ।

ਜੱਸੋ ਨੇ ਕੋਈ ਨੌਕਰੀ ਨਹੀਂ ਕੀਤੀ। ਨੌਕਰੀ ਦੀ ਉਹਨੂੰ ਲੋੜ ਹੀ ਨਹੀਂ ਸੀ। ਉਹਦਾ ਸਹੁਰਾ ਜ਼ਮੀਨ-ਜਾਹਿਦਾਦ ਵਾਲਾ ਬੰਦਾ ਸੀ। ਅਗਾਂਹ ਜੱਸੋ ਦਾ ਘਰਵਾਲਾ ਪਿਓ ਦਾ ਇਕੱਲਾ ਪੁੱਤ ਸੀ। ਸੁਭਾਓ ਦਾ ਬਹੁਤ ਸਾਊ ਅਤੇ ਵਪਾਰਕ ਰੁਚੀਆਂ ਦਾ ਮਾਲਕ ਸੀ। ਅਗਾਂਹ ਉਹਨੇ ਆਪਣੇ ਦੋਵੇਂ ਮੁੰਡੇ ਬਹੁਤੇ ਨਹੀਂ ਪੜ੍ਹਾਏ। ਦੋਵਾਂ ਨੂੰ ਦਸਵੀਂ ਦਸਵੀਂ ਕਰਵਾਈ ਅਤੇ ਕੰਮਾਂ ਵਿੱਚ ਪਾ ਦਿੱਤਾ। ਵੱਡੇ ਦਾ ਇਕ ਬਾਣੀਏ ਨਾਲ ਆੜ੍ਹਤ ਦੀ ਦੁਕਾਨ ਵਿੱਚ ਅੱਧ ਸੀ ਅਤੇ ਛੋਟਾ ਪੈਟਰੋਲ ਪੰਪ ਦਾ ਮਾਲਕ। ਗੁਰਦੇਵ ਨੇ ਬੀ.ਏ. ਤੋਂ ਬਾਅਦ ਕੁਝ ਨਹੀਂ ਕੀਤਾ, ਪਟਵਾਰੀ ਬਣ ਗਿਆ। ਦੁਨੀਆ ਲੁੱਟ-ਸੁੱਟ ਖਾਧੀ। ਉਹਦੀ ਘਰਵਾਲੀ ਅੱਠਵੀਂ ਪਾਸ ਸੀ। ਮੁੰਡੇ ਨੂੰ ਸਿਰੇ ਲਾਇਆ ਉਹਨਾਂ ਨੇ। ਮੁੰਡਾ ਹੁਣ ਡਾਕਟਰ ਸੀ। ਦੂਰ ਸ਼ਹਿਰ ਆਪਣਾ ਕਲੀਨਿਕ ਸੀ। ਸਰਕਾਰੀ ਨੌਕਰੀ ਮਿਲੀ ਸੀ, ਛੱਡ ਦਿੱਤੀ। ਆਪਣੇ ਕਲੀਨਿਕ ਦੀ ਅੰਨ੍ਹੀ ਆਮਦਨੀ ਸੀ ਉਹਨੂੰ। ਡਾਕਟਰ ਨਾਲ ਮਰੀਜ਼ ਭਾਅ ਨਹੀਂ ਕਰਦਾ। ਬਾਕੀ ਕੁੱਲ ਦੁਨੀਆ ਦਾ ਸੌਦਾ ਭਾਅ ਤੋੜ ਕੇ ਹੁੰਦਾ ਹੈ। ਡਾਕਟਰ ਦੇ ਮੂੰਹੋਂ ਨਿਕਲਿਆ ਬੋਲ ਰੱਬ ਦਾ ਬੋਲ ਹੈ।

ਜੱਸੋ ਦਾ ਘਰਵਾਲਾ ਸ਼ੱਕੀ ਬੰਦਾ ਨਹੀਂ ਸੀ। ਜੱਸੋ ਦੇ ਵਿਆਹ ਵੇਲੇ ਗੁਰਦੇਵ ਸਾਰੇ ਕਾਰਾਂ-ਵਿਹਾਰਾਂ ਵਿੱਚ ਮੂਹਰੇ ਸੀ। ਜਿੱਥੇ ਮੂਹਰੇ ਨਹੀਂ ਸੀ, ਪਿੱਛੇ ਪਿੱਛੇ ਸੀ। ਉਹ ਜੱਸੋ ਦੇ

ਨਿਹੁੰ

65