ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਾਂ ਸ਼ਾਹਿਦ ਕੁੜੀ ਨਹੀਂ ਹੋਈ ਸੀ। ਗੋਦੀ ਵਾਲੇ ਜੁਆਕ ਨੂੰ ਜੱਸੋ ਨਛੱਤਰ ਸਿੰਘ ਨਾਲ ਪਾ ਦਿੰਦੀ। ਜਦੋਂ ਉਹਦੇ ਘੁਰਾੜੇ ਵੱਜਣ ਲੱਗਦੇ ਤੇ ਖ਼ਾਸੀ ਰਾਤ ਲੰਘ ਚੁੱਕੀ ਹੁੰਦੀ ਤਾਂ ਗੁਰਦੇਵ ਉੱਠ ਕੇ ਜੱਸੋ ਕੋਲ ਪਹੁੰਚ ਜਾਂਦਾ। ਚੋਰੀ ਦਾ ਗੁੜ ਉਹਨਾਂ ਨੂੰ ਬਹੁਤ ਸੁਆਦ ਲੱਗਦਾ।

ਗੁਰਦੇਵ ਦੀ ਵੱਡੀ ਕੁੜੀ ਸੁਲਤਾਨਪੁਰ ਤੋਂ ਅਗਾਂਹ ਇੱਕ ਛੋਟੇ ਸ਼ਹਿਰ ਵਿੱਚ ਵਿਆਹੀ ਹੋਈ ਸੀ। ਇਸ ਛੋਟੇ ਸ਼ਹਿਰ ਨੂੰ ਰੇਲਵੇ ਸਟੇਸ਼ਨ ਲੱਗਦਾ ਸੀ। ਪਹਿਲ-ਪਲੇਠੀ ਦੀ ਕੁੜੀ ਅਠਾਰਾਂ ਸਾਲਾਂ ਦੀ ਹੀ ਵਿਆਹ ਦਿੱਤੀ ਸੀ। ਉਹਦਾ ਮੁੰਡਾ ਛੋਟਾ ਸੀ। ਵੱਡੀ ਭੈਣ ਕੋਲ ਉਹਦੇ ਸਹੁਰੀਂ ਮਿਲਣ ਨਹੀਂ ਜਾਂਦਾ ਸੀ। ਫੇਰ ਜਦੋਂ ਉਹ ਪੜ੍ਹ ਲਿਖ ਕੇ ਡਾਕਟਰ ਬਣ ਗਿਆ, ਫੇਰ ਵੀ ਉਹ ਨਾ ਜਾਂਦਾ। ਅਸਲ ਵਿੱਚ ਉਹਨੂੰ ਵੱਡੀ ਭੈਣ ਦੇ ਉਜੱਡ ਜਿਹੇ ਸਹੁਰੇ ਪਸੰਦ ਨਹੀਂ ਸਨ। ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਸੀ। ਕੁੜੀ ਨੂੰ ਨਿਰਾਦਰੀ ਕਿਵੇਂ ਰੱਖਿਆ ਜਾਂਦਾ, ਹਾਰ ਕੇ ਗੁਰਦੇਵ ਆਪ ਉਹਦੇ ਸਹੁਰੇ ਜਾਂਦਾ। ਝੱਗਾ-ਚੁੰਨੀ ਤੇ ਖਾਣ-ਪੀਣ ਦਾ ਨਿੱਕ-ਸੁੱਕ ਦੇ ਆਉਂਦਾ। ਕਦੇ ਉਹ ਆਪ ਵੀ ਪੇਕੀਂ ਗੇੜਾ ਮਾਰਦੀ। ਅੰਦਰ-ਖਾਤੇ ਗੱਲ ਇਹ ਸੀ ਕਿ ਗੁਰਦੇਵ ਦੇ ਪਿੰਡ ਤੋਂ ਵੱਡੀ ਕੁੜੀ ਦੇ ਸਹੁਰਿਆਂ ਵਿਚਕਾਰ ਸੁਲਤਾਨਪੁਰ ਸੀ, ਜਿੱਥੇ ਜੱਸੋ ਵਿਆਹੀ ਹੋਈ ਸੀ। ਕੁੜੀ ਕੋਲ ਜਾਣ ਦਾ ਬਹਾਨਾ ਕਰਦਾ, ਰਾਤ ਕੱਟਦਾ ਸੁਲਤਾਨਪੁਰ ਆ ਕੇ।

ਹੁਣ ਪੰਦਰਾਂ ਸਾਲ ਦੌਰਾਨ ਕਾਫ਼ੀ ਬਦਲ ਚੁੱਕਿਆ ਸੀ। ਜੱਸੋ ਦੇ ਘਰ ਜੁਆਕਾਂ ਦੀ ਹੇੜ ਸੀ। ਬਹੂਆਂ ਆ ਚੁੱਕੀਆਂ ਸਨ। ਨਛੱਤਰ ਸਿੰਘ ਨੇ ਦੋ ਪੈੱਗ ਮਸਾਂ ਪੀਤੇ ਅਤੇ ਗਲਾਸ ਮੂਧਾ ਮਾਰ ਦਿੱਤਾ। ਕਹਿੰਦਾ, "ਤੂੰ ਜਿੰਨੀ ਮਰਜ਼ੀ ਪੀ, ਮੇਰੀ ਤਾਂ ਭਿਆਂ ਐ।" ਗੁਰਦੇਵ ਨੇ ਤੀਜਾ ਪੈੱਗ ਪੀਤਾ ਅਤੇ ਬੋਲਿਆ, "ਜੱਸੋ, ਲਿਆ ਬਈ ਖਾਈਏ ਰੋਟੀ।" ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਸੀ। ਜੱਸੋ ਦੋਵਾਂ ਨੂੰ ਰੋਟੀ ਖੁਆ ਗਈ। ਬੈਠਕ ਵਿੱਚ ਉਹਨਾਂ ਨੇ ਅੱਖਾਂ ਹੀ ਅੱਖਾਂ ਵਿੱਚ ਗੱਲਾਂ ਕੀਤੀਆਂ। ਜੱਸੋ ਹਰ ਵਾਰ ਮਜਬੂਰੀ ਦਾ ਨੱਕ ਵੱਟਦੀ। ਭਾਂਡੇ ਚੁੱਕਣ ਆਈ, ਉਹ ਮੂੰਹੋ ਵੀ ਬੋਲ ਪਈ, "ਉਮਰ ਉਮਰ ਦੀਆਂ ਗੱਲਾਂ ਹੁੰਦੀਆਂ ਨੇ ਕਮਲਿਆ।"

ਨਛੱਤਰ ਸਿੰਘ ਨੇ ਰਜ਼ਾਈ ਖਿੱਚ ਲਈ ਸੀ, ਪਰ ਗੁਰਦੇਵ ਮੰਜੇ ਉੱਤੇ ਊਂਧਾ ਜਿਹਾ ਬੈਠਾ ਸੀ। ਗੋਡੇ ਇਕੱਠੇ ਕਰ ਕੇ ਉੱਤੋਂ ਦੀ ਹੱਥਾਂ ਦੀ ਕਰੰਘੜੀ ਮਾਰੀ ਹੋਈ। ਜਿਵੇਂ ਕੁਝ ਡੂੰਘਾ ਸੋਚ ਰਿਹਾ ਹੋਵੇ, ਜਿਵੇਂ ਕੁਝ ਉਡੀਕ ਰਿਹਾ ਹੋਵੇ। ਨਛੱਤਰ ਸਿੰਘ ਉੱਭੜਵਾਹਾ ਬੋਲਿਆ, "ਹੈਂ, ਮੈਨੂੰ ਆਖ ਕੇ ਗਈ ਐਂ ਕੁਛ?"

ਬੈਠਕ ਵਿੱਚ ਉਹਨਾਂ ਕੋਲ ਦੋ-ਤਿੰਨ ਜੁਆਕ ਵੀ ਆਪਣੀਆਂ ਪਲੂੰਘੜੀਆਂ ਵਿਛਾ ਕੇ ਪਏ ਹੋਏ ਸਨ। ਅੱਧੀ ਰਾਤ ਤੋਂ ਉੱਤੇ ਦਾ ਸਮਾਂ ਸੀ, ਉਹ ਪਿਸ਼ਾਬ ਕਰਨ ਦੇ ਬਹਾਨੇ ਉੱਠਿਆ। ਲੰਮਾ ਚੌੜਾ ਵਿਹੜਾ ਸੀ ਘਰ ਦਾ। ਇੱਕ ਖੂੰਜੇ ਜਾ ਕੇ ਉਹਨੇ ਪਿਸ਼ਾਬ ਕੀਤਾ। ਵਿਹੜੇ ਵਿੱਚ ਹੀ ਨਲਕਾ ਸੀ। ਉਹਨੇ ਨਲਕਾ ਗੇੜ ਕੇ ਹੱਥ ਧੋਤੇ। ਚਾਹੇ ਘਰ ਵਿੱਚ ਵਾਟਰ ਵਰਕਸ ਦੀਆਂ ਟੂਟੀਆਂ ਵੀ ਸਨ, ਪਰ ਨਲਕਾ ਵੀ ਸੀ। ਉਹਨਾਂ ਨੂੰ ਨਲਕੇ ਬਗ਼ੈਰ ਸਰਦਾ ਨਹੀਂ ਸੀ। ਵਾਟਰ ਵਰਕਸ ਦੇ ਪਾਣੀ ਦਾ ਇਤਬਾਰ ਕੋਈ ਨਹੀਂ ਸੀ। ਘਰ ਵਿੱਚ ਮੱਝ ਰੱਖੀ ਹੋਈ ਸੀ। ਪਾਣੀ ਦੀ ਲੋੜ ਤਾਂ ਹਰ ਵੇਲੇ ਰਹਿੰਦੀ। ਉਹਨੇ

ਨਿਹੁੰ

67