ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੱਲਵੀਂ ਜਿਹੀ ਨਿਗਾਹ ਮਾਰੀ। ਪਰ੍ਹਾਂ ਵਰਾਂਢੇ ਦੇ ਖੂੰਜੇ ਵਿੱਚ ਤਿੰਨ ਮੰਜੇ ਸਨ। ਵਰਾਂਡੇ ਦੇ ਦੋਵੇਂ ਪਾਸੀਂ ਕਮਰੇ ਸਨ। ਦੋਵਾਂ ਕਮਰਿਆਂ ਦੀਆਂ ਬੱਤੀਆਂ ਜਗ ਰਹੀਆਂ ਸਨ। ਰੌਸ਼ਨੀ ਮੱਧਮ ਸੀ, ਜ਼ੀਰੋ ਵਾਟ ਦੇ ਬਲਬ ਹੋਣਗੇ। ਉਹਨੇ ਅੰਦਾਜ਼ਾ ਲਾਇਆ ਕਿ ਦੋਵੇਂ ਕਮਰਿਆਂ ਵਿੱਚ ਮੁੰਡੇ ਤੇ ਬਹੂਆਂ ਸੁੱਤੇ ਹੋਏ ਹਨ। ਵਰਾਂਢੇ ਵਾਲੇ ਤਿੰਨਾਂ ਮੰਜਿਆਂ ਵਿੱਚੋਂ ਇੱਕ ਮੰਜਾ ਜ਼ਰੂਰ ਜੱਸੋ ਦਾ ਹੈ। ਉਹਨੇ ਮੰਜਿਆਂ ਵੱਲ ਵਧਣਾ ਚਾਹਿਆ, ਪਰ ਵਰਾਂਢੇ ਦੇ ਫ਼ਰਸ਼ ਉੱਤੇ ਪੈਰ ਰੱਖਦੇ ਹੀ ਉਹ ਖੜ੍ਹ ਗਿਆ। ਕੀ ਪਤਾ, ਕਿਹੜਾ ਮੰਜਾ ਜੱਸੋ ਦਾ ਹੈ? ਜੱਸੇ ਦਾ ਮੰਜਾ ਏਥੇ ਹੈ ਵੀ ਕਿ ਨਹੀਂ? ਰਜ਼ਾਈਆਂ ਨਾਲ ਮੂੰਹ ਢਕੇ ਹੋਏ ਹਨ। ਜਿਵੇਂ ਮੁਰਦੇ ਪਏ ਹੋਣ। ਕਿਤੇ ਉਹ ਹੋਰ ਕਿਸੇ ਨੂੰ ਹੀ ਨਾ ਜਗਾ ਲਵੇ। ਰਾਤ ਹੈ, ਰੌਲ਼ਾ ਪੈ ਜਾਵੇਗਾ। ਚੋਰ ਸਮਝ ਕੇ ਮੁੰਡੇ ਊਂ ਨਾ ਕੁੱਟ ਦੇਣ। ਉਹ ਵਾਪਸ ਬੈਠਕ ਵਿੱਚ ਆ ਕੇ ਆਪਣੇ ਮੰਜੇ ਉੱਤੇ ਪੈ ਗਿਆ। ਰਜ਼ਾਈ ਦਾ ਲੜ ਆਪਣੀ ਹਿੱਕ ਤੱਕ ਕਰ ਲਿਆ। ਨੀਂਦ ਨਾ ਉਹਨੂੰ ਪਹਿਲਾਂ ਆਈ ਸੀ ਅਤੇ ਨਾ ਹੁਣ ਆ ਰਹੀ ਸੀ। ਉਹਦੀ ਅੱਖ ਲੱਗਦੀ, ਫਿਰ ਖੁੱਲ੍ਹ ਜਾਂਦੀ। ਮੰਜੇ ਦੀਆਂ ਬਾਹੀਆਂ ਉਹਦੀਆਂ ਮੰਜ਼ਲਾਂ ਬਣ ਗਈਆਂ। ਰਾਤ ਦਾ ਸਫ਼ਰ ਜਿਵੇਂ ਇੱਕ ਬਾਹੀ ਤੋਂ ਦੂਜਾ ਬਾਹੀ ਤੱਕ ਦੀ ਭਟਕਣ ਹੋਵੇ। ਕਦੇ ਉਹਨੂੰ ਲੱਗਦਾ, ਉਹ ਆਪ ਉਹਦੇ ਕੋਲ ਆਵੇਗੀ। ਸੁਪਨਾ ਆਉਂਦਾ, ਜਿਵੇਂ ਉਹਦੇ ਸਿਰਹਾਣੇ ਖੜ੍ਹੀ ਹੋਵੇ। ਉਹਦੀ ਅੱਖ ਖੁੱਲ੍ਹ ਜਾਂਦੀ, ਕਮਰੇ ਵਿੱਚ ਕਿਧਰੇ ਕੁਝ ਨਹੀਂ ਹੁੰਦਾ ਸੀ। ਇਸੇ ਉਧੇੜ ਬੁਣ ਵਿੱਚ ਪਹੁ ਫੁੱਟਣ ਲੱਗੀ। ਉਹਦੀਆਂ ਅੱਖਾਂ ਵਿੱਚ ਸਾਰੀ ਰਾਤ ਦਾ ਜਗਰਾਤਾ ਬੈਠਾ ਹੋਇਆ ਸੀ। ਉਹ ਉੱਠ ਕੇ ਬੈਠ ਗਿਆ। ਥੋੜ੍ਹੀ ਦੇਰ ਬਾਅਦ ਨਛੱਤਰ ਸਿੰਘ ਵੀ ਉੱਠ ਖੜ੍ਹਾ। ਅਗਵਾੜੀਆਂ ਭੰਨਣ ਲੱਗਿਆ। ਆਖ ਰਿਹਾ ਸੀ, "ਬੜੀ ਨੀਂਦ ਆਈ ਬਈ, ਜਿਵੇਂ ਘੋੜੇ ਵੇਚ ਕੇ ਸੁੱਤੇ ਹੋਈਏ। ਕਿਉਂ ਗੁਰਦੇਵ ਸਿਆਂ?"

"ਹਾਂ ...।" ਗੁਰਦੇਵ ਢਿੱਲਾ ਜਿਹਾ ਬੋਲਿਆ।

"ਚਾਹ ਲੈ ਕੇ ਆਉਨਾਂ ਮੈਂ।" ਨਛੱਤਰ ਸਿੰਘ ਨੇ ਕਿਹਾ ਅਤੇ ਖੰਘਦਾ ਥੁੱਕਦਾ ਬੈਠਕ ਤੋਂ ਬਾਹਰ ਹੋ ਗਿਆ।

ਚਾਹ ਪੀ ਕੇ ਗੁਰਦੇਵ ਲੈਟਰਿਨ ਗਿਆ, ਫੇਰ ਨ੍ਹਾ ਲਿਆ। ਨਛੱਤਰ ਸਿੰਘ ਨ੍ਹਾਤਾ ਨਹੀਂ ਸੀ, ਪਰ ਉਹਨੇ ਗੁਰਦੇਵ ਦੇ ਨਾਲ ਹੀ ਨਾਸ਼ਤਾ ਕਰ ਲਿਆ। ਪਰੌਂਠੇ, ਮੱਖਣ, ਦਹੀਂ, ਅੰਬ ਦਾ ਆਚਾਰ, ਗੰਢੇ, ਚਾਹ। ਗੁਰਦੇਵ ਨੂੰ ਅੱਜ ਇਹ ਸਭ ਚੰਗਾ ਨਹੀਂ ਲੱਗਿਆ। ਨਛੱਤਰ ਸਿੰਘ ਹੀ ਸਭ ਸਮੇਟੀ ਜਾ ਰਿਹਾ ਸੀ।

ਕਾਫ਼ੀ ਦਿਨ ਚੜ੍ਹ ਆਇਆ ਸੀ। ਬੈਠਕ ਵਿੱਚ ਸੁੱਤੇ ਬੱਚੇ ਉੱਠ ਕੇ ਚਲੇ ਗਏ ਸਨ। ਘਰ ਦਾ ਕਾਰੋਬਾਰ ਸ਼ੁਰੂ ਹੋ ਚੁੱਕਿਆ ਸੀ। ਨਛੱਤਰ ਨ੍ਹਾਉਣ ਲਈ ਬਾਥਰੂਮ ਵਿੱਚ ਵੜਿਆ ਤਾਂ ਜੱਸੋ ਕੋਈ ਬਹਾਨਾ ਜਿਹਾ ਬਣਾ ਕੇ ਬੈਠਕ ਵਿੱਚ ਆਈ। ਨਛੱਤਰ ਸਿੰਘ ਵਾਲੇ ਮੰਜੇ ਦੀ ਬਾਹੀ ਉੱਤੇ ਬੈਠ ਗਈ। ਉਹਨਾਂ ਨੇ ਰਸਮੀ ਜਿਹੀਆਂ ਗੱਲਾਂ ਕੀਤੀਆਂ ਅਤੇ ਫੇਰ ਚੁੱਪ ਹੋ ਗਏ। ਜਿਵੇਂ ਦੋਹਾਂ ਕੋਲ ਕੋਈ ਵੀ ਗੱਲ ਨਾ ਹੋਵੇ। ਵਕਤ ਬਹੁਤ ਥੋੜ੍ਹਾ ਸੀ। ਫੇਰ ਨਛੱਤਰ ਸਿੰਘ ਨੇ ਨ੍ਹਾ ਕੇ ਬੈਠਕ ਵਿੱਚ ਆ ਜਾਣਾ ਸੀ। ਗੁਰਦੇਵ ਬੋਲਿਆ-"ਮੈਂ ਤਾਂ ਸਾਰੀ ਰਾਤ ਨ੍ਹੀਂ ਸੁੱਤਾ।"

"ਮੈਨੂੰ ਪਤੈ।" ਜੱਸੋ ਨੇ ਕਿਹਾ।

68

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ