○ਅਸਲ ਵਿੱਚ ਲੇਖਕ ਓਸੇ ਮਾਹੌਲ ਨੂੰ ਲੈ ਕੇ ਲਿਖਦਾ ਹੈ, ਜਿਸ ਦਾ ਉਹਨੂੰ ਨਿੱਜੀ ਅਨੁਭਵ ਹੋਵੇ। ਮੈਨੂੰ ਤਾਂ ਪਿੰਡਾਂ ਦੇ ਨੇੜੇ ਦਾ ਅਨੁਭਵ ਹੈ। ਮੇਰਾ ਬਾਪ ਹਲਵਾਹਕ ਸੀ। ਅਸੀਂ ਜ਼ਮੀਨਾਂ ਵਾਲੇ ਹਾਂ। ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਦੋ-ਤਿੰਨ ਸਾਲ ਮੈਂ ਖ਼ੁਦ ਵੀ ਖੇਤੀ ਦਾ ਕੰਮ ਕੀਤਾ ਸੀ। ਫੇਰ ਜਿਨ੍ਹਾਂ ਕਿਸਾਨ-ਲੋਕਾਂ ਵਿੱਚ ਮੇਰਾ ਬਚਪਨ ਬੀਤਿਆ, ਉਨ੍ਹਾਂ ਵਿੱਚ ਮੈਂ ਖੇਡਿਆ-ਪਲ਼ਿਆ, ਵੱਡਾ ਹੋ ਕੇ ਵੀ ਕੋਈ ਚੁਤਾਲੀ-ਪੰਤਾਲੀ ਸਾਲਾਂ ਦੀ ਉਮਰ ਤੱਕ ਜੱਟ-ਕਿਸਾਨਾਂ ਵਿੱਚ ਹੀ ਵਿਚਰਦਾ ਰਿਹਾ, ਮੈਨੂੰ ਤਾਂ ਉਨ੍ਹਾਂ ਲੋਕਾਂ ਦਾ ਹੀ ਪਤਾ ਹੈ। ਫੇਰ ਸਾਡੇ ਪਿੰਡ ਧੌਲ਼ਾ ਤੋਂ ਮਾਨਸਾ-ਬਠਿੰਡਾ ਵੱਲ ਸਾਡੀਆਂ ਰਿਸ਼ਤੇਦਾਰੀਆਂ ਸਨ, ਆਉਣ-ਜਾਣ ਸੀ, ਇਨ੍ਹਾਂ ਚਾਲ੍ਹੀ-ਪੰਜਾਹ ਪਿੰਡਾਂ ਵਿੱਚ ਮੇਰਾ ਸਾਰੀ ਉਮਰ ਦਾ ਤੋਰਾ-ਫੇਰਾ ਸੀ। ਇਨ੍ਹਾਂ ਚਾਲ੍ਹੀ-ਪੰਜਾਬ ਪਿੰਡਾਂ ਦਾ ਮਿੱਟੀ-ਪਾਣੀ ਮੈਨੂੰ ਜਾਣਦਾ ਹੈ। ਮੇਰੀਆਂ ਕਹਾਣੀਆਂ ਤੇ ਨਾਵਲਾਂ ਵਿੱਚ ਇਨ੍ਹਾਂ ਪਿੰਡਾਂ ਦੀ ਆਬੋ-ਹਵਾ ਹੈ, ਮਿੱਟੀ ਦੀ ਸੁਗੰਧ ਹੈ। ਮੇਰੀਆਂ ਰਚਨਾਵਾਂ ਇਨ੍ਹਾਂ ਪਿੰਡਾਂ ਦੇ ਦਾਇਰੇ ਵਿੱਚ ਹੀ ਘੁੰਮਦੀਆਂ ਹਨ। ਰਚਨਾ ਨੂੰ ਕੱਚਾ ਮਸਾਲਾ ਇੱਥੋਂ ਹੀ ਮਿਲਦਾ ਹੈ। ਇਸ ਦਾਇਰੇ ਵਿੱਚੋਂ ਬਾਹਰ ਕਿਧਰੇ ਜਾ ਕੇ ਰਚਨਾ ਦੀ ਭਾਲ ਕਰਾਂਗਾ ਤਾਂ ਮੇਰੀ ਕਲਮ ਭਟਕ ਜਾਵੇਗੀ।
ਇੰਗਲੈਂਡ ਆਪਣੇ ਚਹੇਤੇ ਨਾਵਲਕਾਰ ਥਾਮਸ ਹਾਰਡੀ ਦਾ ਜਨਮ-ਸਥਾਨ ਅਤੇ ਉਹਦੀ ਕਰਮ-ਭੂਮੀ ਦੇਖਣ ਗਿਆ ਤਾਂ ਮੈਨੂੰ ਮੇਰੀ ਸੋਚ ਦੀ ਪ੍ਰੋੜ੍ਹਤਾ ਮਿਲੀ ਕਿ ਹਾਰਡੀ ਵੀ ਮੇਰੇ ਵਾਂਗ ਹੀ ਸੋਚਦਾ-ਕਰਦਾ ਸੀ। ਉਹਦੇ ਸਾਰੇ ਨਾਵਲਾਂ ਦੇ ਘਟਨਾ-ਸਥਲ ਇੱਕ ਖ਼ਾਸ ਖੇਤਰ ਵਿੱਚੋਂ ਹਨ। ਇਸ ਵਿਸ਼ੇਸ਼ ਖੇਤਰ ਦਾ ਨਾਂ ਉਹਨੇ ਵੈਸੈਕਸ ਰੱਖਿਆ ਹੋਇਆ ਸੀ। ਮੇਰਾ ਵੈਸੈਕਸ ਮੇਰੇ ਪਿੰਡ ਧੌਲ਼ਾ ਤੋਂ ਲੈ ਕੇ ਮਾਨਸਾ-ਬਠਿੰਡਾ ਇਲਾਕੇ ਦੇ ਇਹ ਚਾਲ੍ਹੀ-ਪੰਜਾਹ ਪਿੰਡ ਹਨ।
ਇਸ ਤੱਥ ਨਾਲ ਵੀ ਮੈਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਦੁਨੀਆ ਦਾ ਬਿਹਤਰੀਨ ਸਾਹਿਤ ਖ਼ਾਸ ਕਰਕੇ ਗਲਪ-ਸਾਹਿਤ ਪਿੰਡਾਂ ਬਾਰੇ ਹੀ ਲਿਖਿਆ ਹੋਇਆ ਹੈ।
ਮਲ੍ਹੇ ਝਾੜੀਆਂ (ਸ੍ਵੈ-ਜੀਵਨੀ) ਵਿੱਚੋਂ