ਚਾਹ ਗਲਾਸਾਂ ਵਿਚ ਪਾ ਕੇ ਉਹਨੇ ਪੱਖਾ ਚਲਾ ਦਿੱਤਾ।
ਰਾਹੁਲ ਤੱਤੀ-ਤੱਤੀ ਚਾਹ ਪੀਣ ਲੱਗਿਆ। ਦੋ ਘੁੱਟਾਂ ਭਰ ਕੇ ਉਹ ਪੁੱਛਣ ਲੱਗਿਆ, ‘ਡੈਡੀ, ਤੁਸੀਂ ਕੱਲ੍ਹ ਆਥਣੇ ਜਹਾਜ਼ ਦੇਖਿਆ ਸੀ। ਦੇਖੋ, ਕਿੰਨਾ ਨੀਵਾਂ ਸੀ।’
'ਨਾ, ਕਦੋਂ?'
‘ਕੱਲ੍ਹ ਜਦੋਂ ਤੁਸੀਂ ਪਿੰਡ ਨੂੰ ਗਏ ਹੋਏ ਸੀ। ਡੈਡੀ ਤੁਸੀਂ ਪਿੰਡ ਨੂੰ ਕੀ ਕਰਨ ਗਏ ਸੀ?'
ਰਾਹੁਲ ਨੂੰ ਜਹਾਜ਼ ਭੁੱਲ ਗਿਆ ਸੀ।
'ਅੰਬੋ ਦਾ ਪਤਾ ਲੈਣ ਗਿਆ ਸੀ।'
'ਕੀ ਹੋ ਗਿਆ ਅੰਬੋ ਨੂੰ, ਡੈਡੀ?'
'ਉਹਨੂੰ ਟੱਟੀਆਂ ਲੱਗੀਆਂ ਹੋਈਆਂ ਸੀ।’ ਤੇ ਫੇਰ ਕਿਹਾ, 'ਚਾਹ ਪੀ ਕੇ ਟੱਟੀ ਜਾ ਆ ਓਏ।’ ਤੇ ਫਿਰ ਉਹਨੇ ਰਾਹੁਲ ਨੂੰ ਪੁੱਛਿਆ, 'ਕਦੋਂ ਜਾਨਾ ਹੁੰਨੈ ਟੱਟੀ?'
'ਆਥਣੇ।'
'ਆਥਣੇ ਨ੍ਹੀਂ, ਤੜਕੇ ਜਾਇਆ ਕਰ। ਚਾਹ ਪੀਣ ਸਾਰ। ਚੰਗਾ?'
'ਤੜਕੇ ਔਂਦੀ ਨ੍ਹੀਂ, ਡੈਡੀ।' ਰਾਹੁਲ ਹੱਸਣ ਲੱਗਿਆ।
'ਚੰਗਾ, ਚਾਹ ਪੀ ਲੈ ਪਹਿਲਾਂ। ਬਿਸਤਰੇ ਉੱਤੇ ਨਾ ਡੋਲ੍ਹ ਦੀਂ।' ਉਹਦੇ ਹੱਥੋਂ ਟੇਢੇ ਹੁੰਦੇ ਜਾ ਰਹੇ ਗਲਾਸ ਨੂੰ ਦੇਖ ਕੇ ਉਹਨੇ ਰਾਹੁਲ ਨੂੰ ਤਾੜਿਆ।
ਚਾਹ ਦੀ ਘੁੱਟ ਭਰ ਕੇ ਮੇਜ਼ ਉੱਤੇ ਪਏ ਮੋਮੀ ਕਾਗ਼ਜ਼ ਦੀ ਪੁੜੀ ਨੂੰ ਉਹਨੇ ਖੋਲ੍ਹਿਆ ਤੇ ਇੱਕ ਮਾਵਾ ਫ਼ੀਮ ਦਾ ਤੋੜ ਕੇ ਮੂੰਹ ਵਿੱਚ ਪਾ ਲਿਆ।
'ਡੈਡੀ, ਫ਼ੀਮ ਕਿਉਂ ਖਾਨੇ ਓਂ ਤੁਸੀਂ?' ਰਾਹੁਲ ਨੇ ਹਮੇਸ਼ਾ ਵਾਂਗ ਸਵਾਲ ਕੀਤਾ।
'ਓਏ, ਅੱਖ ਖੜ੍ਹੀ ਰਹਿੰਦੀ ਐ।' ਉਸ ਨੇ ਹਮੇਸ਼ਾ ਵਾਂਗ ਜਵਾਬ ਦਿੱਤਾ।
ਦੋਵੇਂ ਨਿੱਕਾ-ਨਿੱਕਾ ਹੱਸਣ ਲੱਗੇ।
ਅੰਬੋ ਦੀਆਂ ਟੱਟੀਆਂ ਦਾ ਬਹਾਨਾ ਸੀ, ਉਹ ਪਿੰਡੋਂ ਫ਼ੀਮ ਲੈਣ ਹੀ ਤਾਂ ਗਿਆ ਸੀ। ਕਿਸੇ ਦਿਨ ਉਹਦਾ ਦਿਲ ਬਹੁਤਾ ਹੀ ਉਦਾਸ ਹੁੰਦਾ ਤਾਂ ਉਹ ਫ਼ੀਮ ਖਾ ਲੈਂਦਾ, ਨਿੱਤ ਉਹ ਫ਼ੀਮ ਨਹੀਂ ਖਾਂਦਾ ਸੀ। ਪਿੰਡ ਜਾਂਦਾ ਤਾਂ ਤੋਲਾ, ਅੱਧਾ ਤੋਲਾ ਲੈ ਆਉਂਦਾ। ਇਸ ਵਾਰ ਫ਼ੀਮ ਵੇਚਣ ਵਾਲੇ ਦੇ ਕਹਿਣ ਉੱਤੇ ਉਹ ਦੋ ਤੋਲੇ ਇਕੱਠੀ ਹੀ ਲੈ ਆਇਆ ਸੀ। ਫ਼ੀਮ ਵਧੀਆ ਸੀ, ਕੱਚ ਵਾਂਗ ਭੁਰਦੀ। ਅੰਦਰ ਜਾਂਦੀ ਤਾਂ ਦਿਲ ਨੂੰ ਬੰਨ੍ਹ ਕੇ ਖੜ੍ਹਾ ਕਰ ਦਿੰਦੀ। ਸੰਘ ਵਿੱਚ ਪੈਦਾ ਹੋਈ ਫ਼ੀਮ ਦੀ ਕੁੜੱਤਣ ਉਸ ਨੂੰ ਕੋਈ ਮਾਨਸਿਕ ਤਸੱਲੀ ਦਿੰਦੀ।
'ਮੈਨੂੰ ਵੀ ਦੇ ਦਿਓ ਥੋੜ੍ਹੀ ਜ੍ਹੀ।' ਰਾਹੁਲ ਨੇ ਹਿੰਡ ਕੀਤੀ।
'ਨਹੀਂ, ਬੱਚੇ ਨਹੀਂ ਖਾਇਆ ਕਰਦੇ।'
ਚਾਹ ਪੀ ਕੇ ਰਾਹੁਲ ਗਲ਼ੀ ਵਿੱਚ ਹਾਣੀ ਮੁੰਡਿਆਂ ਨਾਲ ਖੇਡਣ ਲਈ ਦੌੜ ਗਿਆ। ਰਾਵਿੰਦਰ ਨੇ ਇੱਕ ਅੰਗਰੇਜ਼ੀ ਨਾਵਲ ਮੇਜ਼ ਉੱਤੋਂ ਚੁੱਕਿਆ ਤੇ ਉਸ ਨੂੰ ਪੜ੍ਹਨ ਲੱਗ ਪਿਆ। ਪਰ ਉਹਦਾ ਧਿਆਨ ਲਫ਼ਜ਼ਾਂ ਦੀ ਸਮਝ ਤੋਂ ਹਿੱਲ ਕੇ ਹੋਰ ਹੀ ਕਿਧਰੇ ਉੱਖੜ-ਉੱਖੜ ਜਾ ਰਿਹਾ ਸੀ। ਖੁੱਲ੍ਹੇ ਦਾ ਖੁੱਲ੍ਹਾ ਨਾਵਲ ਉਸ ਨੇ ਮੇਜ਼ ਉੱਤੇ ਮੂਧਾ ਮਾਰ