ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਤਾ। ਉਹ ਸੋਚਣ ਲੱਗਿਆ, ਸੋਮਾ ਅੱਜ ਆਵੇਗੀ ਤਾਂ ਉਹ ਉਹਨੂੰ ਆਖ਼ਰੀ ਵਾਰ ਕਹਿ ਕੇ ਦੇਖੇਗਾ। ਨਾ ਮੰਨੀ ਤਾਂ ਸਦਾ ਲਈ ਉਹ ਉਸ ਨਾਲੋਂ ਆਪਣੇ ਸੰਬੰਧ ਤੋੜ ਲਵੇਗਾ।

ਉਹਦੀ ਪਤਨੀ ਛੇ ਮਹੀਨੇ ਪਹਿਲਾਂ ਲਗਾਤਾਰ ਕਈ ਸਾਲ ਬੀਮਾਰ ਰਹਿ ਕੇ ਮਰ ਗਈ ਸੀ। ਉਹਦੇ ਦੋ ਬੱਚੇ ਸਨ। ਇੱਕ ਕੁੜੀ ਸੀ, ਵੀਹ-ਬਾਈ ਸਾਲ ਦੀ। ਬੀਵੀ ਦੀ ਹਾਲਤ ਦੇਖ ਕੇ ਰਾਵਿੰਦਰ ਨੇ ਪਿਛਲੇ ਸਾਲ ਕੁੜੀ ਨੂੰ ਵਿਆਹ ਦਿੱਤਾ ਸੀ। ਇੱਕ ਇਹ ਮੁੰਡਾ ਰਾਹੁਲ, ਜੋ ਦਸ-ਗਿਆਰਾਂ ਸਾਲ ਦਾ ਸੀ ਤੇ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਰੋਟੀ ਟੁੱਕ ਪਕਾਉਣ ਲਈ ਉਹਨੇ ਇੱਕ ਮਾਈ ਰੱਖ ਛੱਡੀ ਸੀ। ਉਹ ਬਰਤਨ ਮਾਂਜਦੀ ਤੇ ਉਹਨਾਂ ਦੇ ਕੱਪੜੇ ਵੀ ਧੋ ਜਾਂਦੀ।

ਦੂਜੇ ਵਿਆਹ ਲਈ ਉਹਨੂੰ ਕਈ ਥਾਵਾਂ ਤੋਂ ਪੁੱਛਿਆ ਗਿਆ ਸੀ। ਕੋਈ ਤਲਾਕ-ਸ਼ੁਦਾ ਹੁੰਦੀ ਤੇ ਕੋਈ ਵਿਧਵਾ। ਕਿਸੇ ਵਿਧਵਾ ਦੇ ਆਪਣੇ ਇੱਕ ਦੋ ਬੱਚੇ ਹੁੰਦੇ। ਵੱਡੀ ਉਮਰ ਦੀ ਕੋਈ ਕੰਵਾਰੀ ਬੈਠੀ ਹੁੰਦੀ ਤਾਂ ਅਨਪੜ੍ਹ। ਕੋਈ ਪੜ੍ਹੀ ਪਕਰੋੜ ਹੁੰਦੀ ਤਾਂ ਉਹਦੇ ਆਚਰਣ ਬਾਰੇ ਕਈ ਗੱਲਾਂ ਸੁਣਨ ਨੂੰ ਮਿਲਦੀਆਂ।

ਰਾਹੁਲ ਉਹਨੂੰ ਬਹੁਤ ਪਿਆਰਾ ਸੀ। ਉਹ ਡਰਦਾ ਸੀ, ਕੋਈ ਅਜਿਹੀ ਔਰਤ ਨਾ ਘਰ ਵਿੱਚ ਆ ਜਾਵੇ, ਜਿਸ ਕਰਕੇ ਰਾਹੁਲ ਪਿਤਾ ਪਿਆਰ ਵੱਲੋਂ ਵੀ ਜਾਂਦਾ ਰਹੇ। ਉਹ ਝਿਜਕਦਾ, ਮਤਰੇਈ ਮਾਂ ਦੇ ਸਲੂਕ ਨਾਲ ਰਾਹੁਲ ਟਹਿਕਦਾ ਫੁੱਲ ਕਿਤੇ ਮੁਰਝਾ ਨਾ ਜਾਵੇ। ਇਹ ਸੱਟ ਤਾਂ ਉਹ ਸਹਿ ਨਹੀਂ ਸਕੇਗਾ। ਬੇਗ਼ਾਨੀ ਔਰਤ ਕੋਈ ਨਰਕ ਨਾ ਖੜ੍ਹਾ ਕਰ ਦੇਵੇ। ਆਪਣੇ ਸੁਖ ਨਾਲੋਂ ਉਹਨੂੰ ਰਾਹੁਲ ਦਾ ਪਿਆਰ ਵਧੇਰੇ ਤਸੱਲੀ ਦਿੰਦਾ, ਪਰ ਕਦੇ-ਕਦੇ ਉਹ ਸੋਚਦਾ, ਮੁੰਡਾ ਤਾਂ ਆਪਣੀ ਥਾਂ ਹੈ, ਵੱਡਾ ਹੋ ਕੇ ਵਿਆਹਿਆ ਜਾਵੇਗਾ ਤਾਂ ਬੇਗ਼ਾਨੀ ਧੀ ਉਹਦੀ ਕੀ ਲੱਗੇਗੀ। ਲੋਕ ਗੱਲਾਂ ਬਣਾਉਣਗੇ। ਬੁਢਾਪੇ ਦਾ ਸੁਖ ਉਹ ਕਿੱਥੋਂ ਪ੍ਰਾਪਤ ਕਰੇਗਾ। ਉਹ ਸ਼ਿੱਦਤ ਨਾਲ ਵਿਚਾਰ ਕਰਨ ਲਗਦਾ, ਕੋਈ ਵੀ ਔਰਤ ਉਹ ਕਿੱਧਰੋਂ ਲੈ ਆਵੇ। ਉਹਦੀ ਰੋਟੀ ਪੱਕਦੀ ਹੋ ਜਾਵੇ। ਕੋਈ ਉਹਦੇ ਕੱਪੜੇ ਧੋ ਕੇ ਦਿਆ ਕਰੇ। ਉਹਦੇ ਘਰ ਨੂੰ ਸੁੰਭਰ-ਸੂਹਰ ਕੇ ਰੱਖੇ। ਉਹ ਦਫ਼ਤਰੋਂ ਆਵੇ ਤਾਂ ਉਹ ਉਹਦੇ ਨਾਲ ਬੇਮਤਲਬ ਜਿਹੀਆਂ ਗੱਲਾਂ ਕਰੇ। ਉਹ ਉਸ ਔਰਤ ਨੂੰ ਆਪਣੀਆਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ਦੱਸੇ। ਕੋਈ ਹੋਵੇ, ਕੋਈ ਤਾਂ ਹੋਵੇ।

ਉਹਦੇ ਦੋਸਤ-ਮਿੱਤਰ ਤੇ ਰਿਸ਼ਤੇਦਾਰ ਵੀ ਹੁਣ ਤਾਂ ਕੋਈ ਗੱਲਬਾਤ ਕਿਧਰੇ ਨਹੀਂ ਚਲਾ ਰਹੇ ਸਨ। ਮਿਲਦੇ ਤਾਂ ਤਰਸ ਭਰੀਆਂ ਨਜ਼ਰਾਂ ਨਾਲ ਉਹਦੇ ਚਿਹਰੇ ਵੱਲ ਦੇਖਣ ਲੱਗਦੇ।

ਜ਼ਿੰਦਗੀ ਵਿੱਚ ਇੱਕੋ-ਇੱਕ ਸਹਾਰਾ ਉਹਦੇ ਲਈ ਬਸ ਸੋਮਾ ਸੀ। ਸੋਮਾ ਉਹਦੀ ਕੁਲੀਗ ਸੀ। ਪਹਿਲੇ ਦਿਨੋਂ ਹੀ ਉਹ ਇੱਕ ਦੂਜੇ ਦੇ ਨੇੜੇ ਸਨ। ਘੰਟਿਆਂ ਬੱਧੀ ਉਹ ਗੱਲਾਂ ਕਰਦੇ ਰਹਿੰਦੇ। ਰਾਵਿੰਦਰ ਨੂੰ ਸੋਮਾ ਬਹੁਤ ਚੰਗੀ ਲੱਗਦੀ। ਨਿੱਤ ਇੱਕ ਦੂਜੇ ਨੂੰ ਮਿਲ ਕੇ ਜੇ ਉਹ ਕੋਈ ਇੱਕ-ਅੱਧ ਗੱਲ ਨਾ ਕਰ ਲੈਂਦੇ ਤਾਂ ਦੋਹਾਂ ਨੂੰ ਹੀ ਔਖੇ ਸਾਹ ਆਉਣ ਲੱਗਦੇ। ਰਾਵਿੰਦਰ ਆਪਣੀ ਬੀਮਾਰ ਪਤਨੀ ਬਾਰੇ ਦੱਸਦਾ। ਸੋਮਾ ਉਹਦੇ ਨਾਲ ਹਮਦਰਦੀ ਪ੍ਰਗਟ ਕਰਦੀ। ਉਹ ਦੱਸਦਾ ਕਿ ਉਹਦੀ ਪਤਨੀ ਇੱਕ ਦਿਨ ਮਰ ਜਾਵੇਗੀ

72

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ