ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਸੰਸਾਰ ਵਿੱਚ ਉਹਦਾ ਕੋਈ ਨਹੀਂ ਰਹਿ ਜਾਵੇਗਾ। ਸੋਮਾ ਗੰਭੀਰ ਹੋ ਕੇ ਜਵਾਬ ਦਿੰਦੀ, 'ਕੋਈ ਕਿਉਂ ਨਹੀਂ, ਤੇਰਾ ਰਾਹੁਲ ਐ, ਮੈਂ ਆਂ।'

'ਤੂੰ ਕੀ ਐਂ?'

'ਜੋ ਕੁਛ ਸਮਝ ਲਵੇਂ।'

'ਕੀ ਸਮਝ ਲਵਾਂ?'

'ਇਕ ਦੋਸਤ।'

'ਕਿਵੇਂ?'

'ਮੈਂ ਤੇਰੀ ਦੋਸਤ ਆਂ। ਤੇਰੇ ਦੁੱਖ, ਮੇਰੇ ਦੁੱਖ ਨੇ। ਦੱਸ, ਮੈਂ ਤੇਰੇ ਲਈ ਕੀ ਕਰ ਸਕਦੀ ਆਂ?'

'ਤੂੰ ਮੇਰੇ ਲਈ ਬਹੁਤ ਕੁਛ ਕਰ ਸਕਦੀ ਐਂ। ਤੂੰ ...ਰਾਵਿੰਦਰ ਕੁਝ ਵੀ ਨਾ ਕਹਿ ਸਕਦਾ।’

ਤੇ ਫਿਰ ਜਦ ਉਹਦੀ ਪਤਨੀ ਮਰ ਗਈ, ਇੱਕ ਮਹੀਨਾ ਉਹ ਬਹੁਤ ਉਦਾਸ ਰਿਹਾ। ਗੁੰਮ-ਸੁੰਮ ਜਿਹਾ ਬਣਿਆ ਰਹਿੰਦਾ। ਸਿਰ ਸੁੱਟ ਕੇ ਆਪਣੀ ਮੇਜ਼ ਉੱਤੇ ਕੰਮ ਕਰਦਾ ਰਹਿੰਦਾ। ਸੋਮਾ ਉਹਦੇ ਕੋਲ ਆਉਂਦੀ ਤੇ ਉਹਦੇ ਨਾਲ ਸਾਧਾਰਨ ਜਿਹੀਆਂ ਗੱਲਾਂ ਮਾਰ ਕੇ ਚਲੀ ਜਾਂਦੀ। ਹੌਲ਼ੀ-ਹੌਲ਼ੀ ਉਹ ਉਹਦੇ ਕੋਲ ਆਪਣੇ ਘਰ ਦੀਆਂ ਹੋਰ ਗਹਿਰੀਆਂ ਗੱਲਾਂ ਕਰਨ ਲੱਗਿਆ ਤੇ ਫਿਰ ਇੱਕ ਦਿਨ ਰਾਵਿੰਦਰ ਨੇ ਉਹਨੂੰ ਆਪਣੇ ਘਰ ਬੁਲਾਇਆ। ਉਹ ਆਈ ਤਾਂ ਰਾਵਿੰਦਰ ਦੀ ਗੱਲ ਸੁਣ ਦੰਦਾਂ ਵਿੱਚ ਉਂਗਲ ਦੇ ਕੇ ਬੈਠ ਗਈ। ਸੋਚਣ ਲੱਗੀ, ਕੀ ਜਵਾਬ ਦੇਵੇ ਉਸ ਨੂੰ?

'ਮੈਂ ਤਾਂ ਸੋਚਿਆ ਸੀ, ਮੈਂ ਤੇਰੀ ਦੋਸਤ ਬਣ ਕੇ ਰਹਾਂਗੀ, ਤੇਰੀ ਸੱਚੀ ਹਮਦਰਦਣ। ਮੇਰੇ ਹੁੰਦਿਆਂ ਤੇਰੇ ਮਨ ਨੂੰ ਕੁਛ ਸਕੂਨ ਮਿਲੇਗਾ, ਪਰ ਤੂੰ ਇਹ ਕੀ ਕਹਿ ਬੈਠਾ?'

'ਤੂੰ ਸੋਚ ਕੇ ਤਾਂ ਦੇਖ...'

'ਨਹੀਂ, ਮੇਰੇ ਮਾਪੇ ਇਹ ਕਦੇ ਨਹੀਂ ਮੰਨ ਸਕਦੇ।'

ਰਾਵਿੰਦਰ ਨੇ ਇੱਕ ਲੰਬਾ ਸਾਹ ਬਾਹਰ ਕੱਢਿਆ ਤੇ ਚੁੱਪ ਬੈਠਾ ਧਰਤੀ ਵੱਲ ਟਿਕ-ਟਿਕੀ ਲਾ ਕੇ ਦੇਖਣ ਲੱਗਿਆ। ਰਾਹੁਲ ਬਾਹਰੋਂ ਆਇਆ ਤੇ ਸੋਮਾ ਦੀ ਗੋਦੀ ਵਿੱਚ ਬੈਠ ਗਿਆ। ਉਹ ਗੱਲ੍ਹ ਨਾਲ ਗੱਲ੍ਹ ਲਾ ਕੇ ਰਾਹੁਲ ਨੂੰ ਪਿਆਰ ਕਰਨ ਲੱਗੀ।

ਰਾਵਿੰਦਰ ਚਾਹ ਵਾਲੇ ਗਲਾਸ ਮੇਜ਼ ਉੱਤੋਂ ਚੁੱਕ ਕੇ ਰਸੋਈ ਵਿੱਚ ਧਰਨ ਗਿਆ ਤਾਂ ਸੋਮਾ ਖੜ੍ਹੀ ਹੋ ਗਈ। ‘ਚੰਗਾ ਫਿਰ' ਕਹਿ ਕੇ ਜਾਣ ਲੱਗੀ। ਰਾਵਿੰਦਰ ਨੇ ਉਹਨੂੰ ਰੋਕਿਆ ਨਹੀਂ। ਉਹਨੇ ਫਿੱਕੀ ਮੁਸਕਰਾਹਟ ਬੁੱਲ੍ਹਾ ਉੱਤੇ ਲਿਆਂਦੀ ਤੇ ਦਰਵਾਜ਼ੇ ਤੱਕ ਉਹਨੂੰ ਛੱਡਣ ਆਇਆ।

ਕਈ ਦਿਨਾਂ ਤੱਕ ਉਹ ਮਿਲੇ ਨਹੀਂ ਤੇ ਫਿਰ ਇੱਕ ਦਿਨ ਸੋਮਾ ਖ਼ੁਦ ਹੀ ਉਹਦੀ ਸੀਟ 'ਤੇ ਆਈ ਤੇ ਕਹਿਣ ਲੱਗੀ, 'ਅੱਜ ਮੈਂ ਘਰ ਆਵਾਂਗੀ। ਆ ਜਾਵਾਂ?'

'ਲੈ ਕਿਉਂ ਨਹੀਂ। ਜੀਅ ਸਦਕੇ, ਸੌ ਵਾਰੀ ਆ।' ਰਾਵਿੰਦਰ ਨੇ ਹੱਸ ਕੇ ਜਵਾਬ ਦਿੱਤਾ। ਅੰਦਰੋਂ ਪਰ ਉਸ ਦਾ ਚਿੱਤ ਹੋਰ ਗੰਭੀਰ ਹੋ ਗਿਆ। ਇੱਕ ਬਿੰਦ ਉਹਦੀ ਆਸ ਬੱਝੀ, ਜ਼ਰੂਰ ਹੀ ਸੋਮਾ ਨੇ ਕੋਈ ਫ਼ੈਸਲਾ ਕਰ ਲਿਆ ਹੋਵੇਗਾ।

ਕੋਈ ਨਹੀਂ ਆਵੇਗਾ

73