ਸੋਮਾ ਉਹਨੂੰ ਬਹੁਤ ਚੰਗੀ ਲੱਗਦੀ। ਉਹਦਾ ਲੰਬਾ-ਲੰਬਾ ਤੇ ਗੁੰਦਵਾਂ-ਭਰਵਾਂ ਸਰੀਰ, ਲੰਬੇ ਸੰਘਣੇ ਸਿਰ ਦੇ ਵਾਲ਼। ਗਹਿਰ-ਗੰਭੀਰ ਚਿਹਰੇ ਉੱਤੇ ਮਸ਼ਾਲ ਵਾਂਗ ਮਚਦੀਆਂ ਤੇ ਬਾਤਾਂ ਪਾਉਂਦੀਆਂ ਅੱਖਾਂ। ਸਭ ਤੋਂ ਵੱਡੀ ਗੱਲ, ਉਹ ਸਮਝਦਾਰ ਬਹੁਤ ਸੀ। ਉਹਦੀ ਕੋਈ ਵੀ ਗੱਲ ਹੁੰਦੀ, ਉਹਦੇ ਵਿੱਚ ਡੂੰਘੇ ਅਰਥ ਭਰੇ ਹੁੰਦੇ ਤੇ ਜਿਸ ਗੱਲ ਨੇ ਰਾਵਿੰਦਰ ਨੂੰ ਸੋਮਾ ਨਾਲ ਬੰਨ੍ਹ ਕੇ ਰੱਖਿਆ ਹੋਇਆ ਸੀ, ਉਹ ਸੀ ਉਹਦਾ ਕਿਸੇ ਵੀ ਗੱਲ ਉੱਤੇ ਗੁੱਸੇ ਨਾ ਹੋਣਾ। ਰਾਵਿੰਦਰ ਉਹਨੂੰ ਆਪਣੇ ਰਾਹ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਗੱਲਾਂ ਹੀ ਗੱਲਾਂ ਵਿੱਚ ਉਹਨੂੰ ਸੰਤੁਸ਼ਟ ਕਰ ਦਿੰਦੀ। ਠੋਕਵਾਂ ਜਵਾਬ ਕਦੇ ਵੀ ਨਾ ਦਿੰਦੀ, ਪਰ ਗੱਲ ਅਜਿਹੀ ਕਰਦੀ ਕਿ ਰਾਵਿੰਦਰ ਅਵਾਕ ਰਹਿ ਜਾਂਦਾ। ਉਹ ਸੋਮਾ ਨਾਲ ਬੋਲਣਾ ਬੰਦ ਕਰ ਦਿੰਦਾ, ਪਰ ਉਹ ਤਾਂ ਫਿਰ ਉਸ ਨੂੰ ਆ ਬੁਲਾਉਂਦੀ ਤੇ ਉਹ ਨਾਲ ਪਿਆਰ-ਮੁਹੱਬਤ ਦੀਆਂ ਗੱਲਾਂ ਕਰਨ ਲੱਗਦੀ। ਕਦੇ-ਕਦੇ ਉਹਨੂੰ ਲੱਗਦਾ, ਜਿਵੇਂ ਉਹ ਗੱਲਾਂ ਰਾਹੀਂ ਹੀ ਆਪਣਾ ਠਰਕ ਪੂਰਾ ਕਰਦੀ ਹੋਵੇ। ਉਹਨੂੰ ਬੇਵਕੂਫ਼ ਜਿਹਾ ਸਮਝ ਕੇ। ਪਰ ਨਹੀਂ...
ਇਸ ਐਤਵਾਰ ਸੋਮਾ ਨੇ ਆਉਣਾ ਸੀ। ਰਾਵਿੰਦਰ ਨੇ ਸੋਚ ਲਿਆ ਸੀ ਕਿ ਉਹ ਉਸ ਨੂੰ ਆਖ਼ਰੀ ਵਾਰ ਕਹਿ ਕੇ ਦੇਖੇਗਾ। ਨਾ ਮੰਨੀ ਤਾਂ ਸਦਾ ਲਈ ਉਹ ਉਸ ਨਾਲੋਂ ਆਪਣੇ ਸੰਬੰਧ ਤੋੜ ਲਵੇਗਾ।
ਮਾਈ ਆਈ ਸੀ। ਰੋਟੀ ਬਣਾ ਕੇ ਦੋਵਾਂ ਪਿਓ-ਪੁੱਤਾਂ ਨੂੰ ਖਵਾ ਗਈ ਸੀ। ਬਰਤਨ ਮਾਂਜ ਕੇ ਪੰਜ-ਚਾਰ ਕੱਪੜੇ ਵੀ ਧੋ ਗਈ। ਪੱਖਾ ਛੱਡ ਕੇ ਰਾਹੁਲ ਸੌਂ ਗਿਆ ਸੀ। ਤੇਜ਼ ਧੁੱਪ ਬਾਹਰ ਵਿਹੜੇ ਵਿੱਚ ਲਗਾਤਾਰ ਵਰ੍ਹ ਰਹੀ ਸੀ। ਦੁਪਹਿਰ ਦੇ ਦੋ ਵੱਜਣ ਵਾਲੇ ਸਨ। ਸੋਮਾ ਅਜੇ ਆਈ ਨਹੀਂ ਸੀ। ਰਾਵਿੰਦਰ ਨੂੰ ਨੀਂਦ ਦਾ ਲੋਰ ਜਿਹਾ ਆਉਂਦਾ, ਪਰ ਉਹਦੀ ਅੱਖ ਭੜਕ ਦੇ ਕੇ ਖੁੱਲ੍ਹ ਜਾਂਦੀ। ਉਹਦੇ ਕੰਨ ਦਰਵਾਜ਼ੇ ਦੀ ਦਸਤਕ ਵੱਲ ਲੱਗੇ ਹੋਏ ਸਨ। ਸੀਲਿੰਗ ਫ਼ੈਨ ਬੇਆਵਾਜ਼ ਚੱਲ ਰਿਹਾ ਸੀ। ਕੋਈ ਸ਼ਾਂਤ ਜਿਹਾ ਮਾਹੌਲ ਕਮਰੇ ਵਿੱਚ ਆ ਕੇ ਬੈਠ ਗਿਆ ਸੀ। ਇਸ ਸ਼ਾਂਤ ਮਾਹੌਲ ਵਿੱਚ ਇੱਕ ਬੇਚੈਨੀ ਔਖੇ-ਔਖੇ ਸਾਹ ਲੈ ਰਹੀ ਸੀ। ਰਾਵਿੰਦਰ ਨੂੰ ਖਿਝ ਚੜ੍ਹਨ ਲੱਗਦੀ, ਉਹ ਆਈ ਕਿਉਂ ਨਹੀਂ? ਉਹਦਾ ਦਮ ਟੁੱਟਣ ਲੱਗਦਾ, ਸ਼ਾਇਦ ਨਾ ਹੀ ਆਵੇ। ਢਾਈ ਦਾ ਵਕਤ ਹੋਇਆ ਤਾਂ ਦਰਵਾਜ਼ੇ ਦੇ ਤਖ਼ਤਿਆਂ ਨੂੰ ਥਾਪ ਲੱਗੀ। ਦਰਵਾਜ਼ੇ ਦਾ ਅੰਦਰਲਾ ਕੁੰਡਾ ਤਾਂ ਖੁੱਲ੍ਹਾ ਹੀ ਸੀ, ਪਰ ਉਹ ਉੱਠ ਕੇ ਗਿਆ ਤੇ ਦਰਵਾਜ਼ਾ ਖੋਲ੍ਹਿਆ। ਤੇਜ਼ ਧੁੱਪ ਵਿੱਚ ਰਾਵਿੰਦਰ ਦੀਆਂ ਅੱਖਾਂ ਮਿਚ ਰਹੀਆਂ ਸਨ। ਸੋਮਾ ਦਾ ਸਾਹ ਚੜ੍ਹਿਆ ਹੋਇਆ ਸੀ। ਧੁੱਪ ਵਿੱਚ ਜਾਂ ਪਤਾ ਨਹੀਂ ਕਿਸੇ ਡਰ ਕਰਕੇ। ਬੈਠਣ ਸਾਰ ਉਹਨੇ ਪਾਣੀ ਦਾ ਗਿਲਾਸ ਮੰਗਿਆ। ਇੱਕ ਗਿਲਾਸ ਹੋਰ ਪੀਣ ਲੱਗੀ ਤਾਂ ਅੱਧਾ ਗਿਲਾਸ ਰਾਵਿੰਦਰ ਨੇ ਉਹਦੇ ਬੁੱਲ੍ਹਾਂ ਨਾਲੋਂ ਤੋੜ ਲਿਆ। ਆਪ ਪੀਣ ਲੱਗਿਆ। ਸੋਮਾ ਦੀ ਜੂਠ ਪੀਣੀ ਉਹਦੀ ਆਦਤ ਸੀ ਤੇ ਫਿਰ ਉਸ ਨੇ ਸੋਮਾ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ। ਬਹੁਤ ਜ਼ੋਰ ਦੀ ਘੁੱਟ ਕੇ ਉਹਦੀਆਂ ਪਸਲੀਆਂ ਦੇ ਕੜਾਕੇ ਕੱਢ ਦਿੱਤੇ। ਉਹ ਉਹਨੂੰ ਚੁੰਮਣ ਲੱਗਿਆ ਤਾਂ ਸੋਮਾ ਨੇ ਉਹਦਾ ਮੂੰਹ ਪਰ੍ਹੇ ਭਵਾ ਦਿੱਤਾ। ਰਾਵਿੰਦਰ ਦੇ ਅੰਗਾਂ ਵਿੱਚ ਜ਼ਬਰਦਸਤੀ ਦੀ ਦਲੇਰੀ ਨਹੀਂ ਸੀ। ਉਹ ਤਾਂ ਸੋਮਾ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ, ਪਰ ਉਸ ਦਿਨ ਤਾਂ ਉਹਨੇ ਹੋਰ ਹੀ ਕੁਝ ਮਨ ਵਿੱਚ ਧਾਰ ਲਿਆ ਹੋਇਆ ਸੀ।
ਕੋਈ ਨਹੀਂ ਆਵੇਗਾ
75