ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਵੇਂ ਚੁੱਪ ਬੈਠੇ ਰਹੇ।

ਸੋਮਾ ਨੇ ਚੁੱਪ ਤੋੜੀ। 'ਚਾਹ ਨ੍ਹੀਂ ਪਿਆਉਣੀ ਅੱਜ?'

'ਚਾਹ ਵੀ ਕਰਦੇ ਆਂ।'

'ਉੱਠ ਫੇਰ, ਜਾਣਾ ਵੀ ਐ ਮੈਂ।'

'ਪਾਣੀ ਪੀਣੈ?'

'ਪੀ ਲੈਨੀ ਆਂ, ਅੱਧਾ ਕੁ ਗਲਾਸ ਲਿਆ ਦੇ।'

'ਅੱਧਾ ਤੇਰਾ ਅੱਧਾ ਮੇਰਾ!'

ਰਾਵਿੰਦਰ ਪਾਣੀ ਦਾ ਗਿਲਾਸ ਲੈਣ ਗਿਆ, ਪਤਾ ਨਹੀਂ ਕੀ ਸੋਚ ਆਇਆ। ਪਾਣੀ ਪਿਆ ਕੇ ਉਹਨੇ ਸੋਮਾ ਨੂੰ ਮੰਜੇ ਉੱਤੇ ਸੁੱਟ ਲਿਆ। ਸੋਮਾ ਫ਼ੁਰਤੀ ਨਾਲ ਖੜ੍ਹੀ ਹੋਈ ਤੇ ਰਾਵਿੰਦਰ ਨੂੰ ਧੱਕਾ ਦੇ ਕੇ ਦੂਰ ਵਗਾਹ ਮਾਰਿਆ। ਐਨਾ ਜ਼ੋਰ ਉਹਦੇ ਵਿੱਚ ਪਤਾ ਨਹੀਂ ਕਿੱਧਰੋਂ ਆ ਗਿਆ ਸੀ। ਰਾਵਿੰਦਰ ਫ਼ਰਸ਼ ਉੱਤੇ ਡਿੱਗਿਆ ਪਿਆ ਖੜ੍ਹਾ ਹੋਇਆ ਤੇ ਹੱਤਕ ਮੰਨ ਕੇ ਉਹਦੇ ਮਗਰ ਦੌੜਿਆ। ਉਹ ਗਲ਼ੀ ਵਿੱਚ ਤੇਜ਼ ਕਦਮੀਂ ਜਾ ਰਹੀ ਸੀ। ਦੋ-ਚਾਰ ਆਦਮੀ ਵੀ ਓਧਰੋਂ ਏਧਰ ਆ ਰਹੇ ਸਨ। ਉਹ ਵਾਪਸ ਆਪਣੇ ਮੰਜੇ ਉੱਤੇ ਆਇਆ। ਸੀਲਿੰਗ ਫ਼ੈਨ ਧੀਮਾ ਧੀਮਾ ਚੱਲ ਰਿਹਾ ਸੀ। ਰਾਹੁਲ ਨੇ ਅੱਖਾਂ ਝਮੱਕੀਆਂ ਸਨ। ਪਾਸਾ ਲੈ ਕੇ ਫਿਰ ਸੌਂ ਗਿਆ ਸੀ।

ਸੋਮਾ ਤਾਂ ਉਹਨੂੰ ਜੜ੍ਹਾਂ ਤੋਂ ਹੀ ਵੱਢ ਗਈ ਸੀ। ਉਹਨੇ ਗਿਲਾਸ ਵਿੱਚ ਸੋਮਾ ਦੇ ਬਚੇ ਪਏ ਜੂਠੇ ਪਾਣੀ ਵੱਲ ਦੇਖਿਆ ਤੇ ਕੱਲ੍ਹ ਪਿੰਡੋਂ ਲਿਆਂਦੀ ਸਾਰੀ ਫ਼ੀਮ ਉਹਦੇ ਵਿੱਚ ਉਲੱਦ ਦਿੱਤੀ। ਦੰਦਾਂ ਦੇ ਬੁਰਸ਼ ਦੀ ਡੰਡੀ ਨੂੰ ਗਲਾਸ ਵਿੱਚ ਘੁਮਾਉਣ ਲੱਗਿਆ। ਕਾਲ਼ਾ ਪਾਣੀ ਉਹਦੇ ਦਿਮਾਗ਼ ਵਿੱਚ ਤੇਜ਼ੀ ਨਾਲ ਘੁੰਮ ਰਿਹਾ ਸੀ। ਹੁਣ ਕੋਈ ਨਹੀਂ ਆਵੇਗਾ। ਕੋਈ ਘੁਮੇਰ ਜਿਹੀ ਉਹਦੇ ਲੂੰ-ਲੂੰ ਵਿੱਚ ਰਚਣ ਲੱਗਦੀ ਤਾਂ ਉਹ ਬੁਰਸ਼ ਦੀ ਡੰਡੀ ਨੂੰ ਹੋਰ ਤੇਜ਼ ਘੁਮਾਉਂਦਾ। ਕਰੰਟ ਲੱਗਣ ਵਾਂਗ ਉਹਨੇ ਬੁਰਸ਼ ਦੂਰ ਵਗਾਹ ਮਾਰਿਆ। ਕਾਲ਼ੇ ਪਾਣੀ ਨੂੰ ਇੱਕੋ ਸਾਹ ਸੰਘੋਂ ਥੱਲੇ ਉਤਾਰ ਦਿੱਤਾ।

ਉਹਨੇ ਦੇਖਿਆ, ਰਾਹੁਲ ਸੁੱਤਾ ਪਿਆ ਹੈ। ਸੀਲਿੰਗ ਫ਼ੈਨ ਤੇਜ਼ ਚੱਲ ਰਿਹਾ ਹੈ। ਸਿਰਹਾਣੇ ਵਿੱਚ ਮੂੰਹ ਦੇ ਕੇ ਉਹ ਮੂਧਾ ਪੈ ਗਿਆ। ਉਹ ਸੋਚਣ ਲੱਗਿਆ, ਸੋਮਾ ਨੂੰ ਜਦ ਉਹਦੇ ਮਰਨ ਦਾ ਪਤਾ ਲੱਗਿਆ ਤਾਂ ਉਹ ਕਿੰਨਾ ਰੋਵੇਗੀ। ਆਪਣੀ ਭੁੱਲ ਉੱਤੇ ਪਛਤਾਵੇਗੀ। ਲੋਕ ਸੋਮਾ ਨੂੰ ਫਿਟ-ਲਾਹਨਤਾਂ ਦੇਣਗੇ...

ਪੰਜਾਂ ਮਿੰਟਾਂ ਬਾਅਦ ਹੀ ਨਸ਼ਾ ਉਹਦੀਆਂ ਨਸਾਂ ਵਿੱਚ ਤੈਰਨ ਲੱਗ ਪਿਆ, ਪਰ ਉਹ ਇੱਕ ਗੁੱਸੇ ਭਰੀ ਸ਼ਾਂਤੀ ਵਿੱਚ ਅਡੋਲ ਪਿਆ ਰਿਹਾ। ਲੱਗਿਆ ਜਿਵੇਂ ਉਹਨੂੰ ਨੀਂਦ ਆ ਰਹੀ ਹੋਵੇ। ਉਹ ਪਿਆ ਰਿਹਾ। ਇੱਕ ਬਿੰਦ ਉਹਦੇ ਮਨ ਵਿੱਚ ਆਈ, ਉਹ ਆਪਣੇ ਰਾਹੁਲ ਨੂੰ ਆਖ਼ਰੀ ਵਾਰ ਚੁੰਮ ਤਾਂ ਲਵੇ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਅੰਗਾਂ ਵਿੱਚ ਅਕੜੇਵਾਂ ਭਰਦਾ ਜਾ ਰਿਹਾ ਸੀ। ਉਹਦੀਆਂ ਲੱਤਾਂ ਜਿਵੇਂ ਸੌਂ ਗਈਆਂ ਹੋਣ। ਉਹਦੀਆਂ ਅੱਖਾਂ ਦੀਆਂ ਪਲ਼ਕਾਂ ਮਿਚ ਮਿਚ ਜਾਂਦੀਆਂ ਸਨ। ਉਹ ਖੜ੍ਹਾ ਹੋਇਆ ਤੇ ਬੜੀ ਮੁਸ਼ਕਿਲ ਨਾਲ ਰਾਹੁਲ ਤੱਕ ਪਹੁੰਚਿਆ। ਉਹ ਚੁੰਮਣ ਲੱਗਿਆ ਤਾਂ ਉਹ ਜਾਗ ਪਿਆ। ਜਾਗ ਕੇ ਚੂੰ-ਚੂੰ ਕਰਨ ਲੱਗਿਆ ਤੇ ਫਿਰ ਚਾਹ ਮੰਗੀ। ਰਾਵਿੰਦਰ ਰਾਹੁਲ ਦੇ

ਕੋਈ ਨਹੀਂ ਆਵੇਗਾ

77