ਮੰਜੇ ਉੱਤੇ ਹੀ ਡਿੱਗ ਪਿਆ। ਹੁਣ ਉਹ ਆਪਣੇ ਆਪ ਉੱਤੇ ਲਾਹਣਤਾਂ ਪਾਉਣ ਲੱਗਿਆ। ਉਹ ਕੀਹਦੇ ਲਈ ਮਰ ਰਿਹਾ ਹੈ? ਉਹ ਜਿਊਂਦਾ ਕਿਉਂ ਨਹੀਂ ਰਹਿਣਾ ਚਾਹੁੰਦਾ? ਘੱਟੋ ਘੱਟ ਰਾਹੁਲ ਲਈ ਤਾਂ ਜਿਊਂਦਾ ਰਹੇ। ਜ਼ਿੰਦਗੀ ਵਿੱਚ ਬੜਾ ਕੁਝ ਹੈ, ਜੀਹਦੇ ਲਈ ਉਹ ਜਿਊਂਦਾ ਰਹਿ ਸਕਦਾ ਹੈ। ਔਰਤ ਹੀ ਤਾਂ ਜ਼ਿੰਦਗੀ ਨਹੀਂ। ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ। ਉਹਦੇ ਦਿਮਾਗ਼ ਵਿੱਚ ਇੱਕ ਰੂਲਾ ਉੱਠਿਆ, ਉਹ ਕਿਸੇ ਗਵਾਂਢੀ ਨੂੰ ਬੁਲਾਵੇ ਤੇ ਉਹਨੂੰ ਫ਼ੀਮ ਖਾਣ ਬਾਰੇ ਦੱਸ ਦੇਵੇ। ਸ਼ਾਇਦ ਉਹਨੂੰ ਕੋਈ ਬਚਾ ਹੀ ਲਵੇ। ਰਾਹੁਲ ਹੁਣ ਰੋਣ ਲੱਗ ਪਿਆ ਸੀ ਤੇ ਫਿਰ ਰੋਂਦਾ ਰੋਂਦਾ ਚੁੱਪ ਹੋਇਆ ਸੀ ਤੇ ਸੌਂ ਗਿਆ ਸੀ।
ਲੱਤਾਂ ਘੜੀਸਦਾ ਰਾਵਿੰਦਰ ਹੌਲ਼ੀ-ਹੌਲ਼ੀ ਵਿਹੜੇ ਵਿੱਚ ਆਇਆ, ਉਹਦੇ ਸੰਘ ਦੀਆਂ ਰਗ਼ਾਂ ਖ਼ੁਸ਼ਕ ਹੋ ਚੁੱਕੀਆਂ ਸਨ। ਉਹਦੀ ਆਵਾਜ਼ ਨਹੀਂ ਨਿੱਕਲ ਰਹੀ ਸੀ। ਦਰਵਾਜ਼ੇ ਦਾ ਅੰਦਰਲਾ ਕੁੰਡਾ ਬੰਦ ਸੀ।
ਸ਼ਾਮ ਹੋਈ ਤਾਂ ਗਲ਼ੀ ਦੇ ਲੋਕਾਂ ਨੇ ਦੇਖਿਆ। ਉਹਦਾ ਮੁੰਡਾ ਰਾਹੁਲ ਦਰਵਾਜ਼ੇ ਕੋਲ ਖੜ੍ਹਾ ਹੋ ਰਿਹਾ ਹੈ। ਕੋਈ ਕੰਧ ਉੱਤੋਂ ਦੀ ਚੜ੍ਹ ਕੇ ਝਾਕਿਆ, ਮੁੰਡੇ ਤੋਂ ਕੁੰਡਾ ਨਹੀਂ ਖੁੱਲ੍ਹ ਰਿਹਾ। ਰਾਵਿੰਦਰ ਦਾ ਹੱਥ ਦਰਵਾਜ਼ੇ ਤੋਂ ਦੋ ਕੁ ਇੰਚ ਦੀ ਦੂਰੀ ਉੱਤੇ ਹੀ ਰਹਿ ਗਿਆ ਸੀ। ਉਹ ਗੁੱਛਾ-ਮੁੱਛਾ ਹੋਇਆ ਪਿਆ ਸੀ। ਉਹਦੇ ਮੂੰਹ ਵਿੱਚੋਂ ਮੱਖੀਆਂ ਵੜ-ਵੜ ਨਿੱਕਲ ਰਹੀਆਂ ਸਨ।◆
78
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ