ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੀਹ

"ਜਾਂ ਤਾਂ ਮੈਨੂੰ ਕਿਧਰੇ ਲੈ ਕੇ ਨਿੱਕਲ ਚੱਲ, ਨਹੀਂ ਮੈਂ ਕੋਈ ਖੂਹ-ਖਾਤਾ ਗੰਦਾ ਕਰਦੂੰ 'ਗੀ॥ ਮੈਥੋਂ ਘਰ ਦੀ ਕੈਦ ਨ੍ਹੀਂ ਕੱਟੀ ਜਾਂਦੀ।" ਮੀਤੋ ਦੇ ਇਹ ਬੋਲ ਵਾਰ-ਵਾਰ ਉਹਦੇ ਮੱਥੇ ਵਿੱਚ ਕਿੱਲਾਂ ਵਾਂਗ ਆ ਕੇ ਠੁਕ ਜਾਂਦੇ ਤੇ ਇੱਕ ਦਹਿਸ਼ਤ ਜਿਹਾ ਖ਼ਿਆਲ ਉਹਦੀ ਦੇਹ ਨੂੰ ਖੱਖੜੀ-ਖੱਖੜੀ ਕਰਕੇ ਸੁੱਟਦਾ ਤੁਰਿਆ ਜਾਂਦਾ, ਜਦੋਂ ਉਹ ਸੋਚਦਾ ਕਿ ਉਹ ਵੱਡੇ ਤੜਕੇ ਆਪਣੇ ਘਰੋਂ ਉੱਠ ਕੇ ਆਕੇ ਉਹਦਾ ਬੂਹਾ ਖੜਕਾਏਗੀ। ਮੀਤੋ ਨੇ ਪੱਕੀ ਕੀਤੀ ਸੀ ਕਿ ਉਹ ਆਪਣਾ ਸਕੂਟਰ ਤਿਆਰ ਰੱਖੇ। ਉਹ ਪਿੰਡੋਂ ਨਿੱਕਲ ਜਾਣਗੇ ਤੇ ਫਿਰ ਕਿਧਰੇ ਜਾ ਕੇ ਵਿਆਹ ਕਰਵਾ ਲੈਣਗੇ।

ਜੱਗਾ ਆਪਣੇ ਬਾਹਰਲੇ ਘਰ ਦੀ ਬੈਠਕ ਵਿੱਚ ਪੈਂਦਾ ਹੁੰਦਾ। ਅੰਦਰਲੇ ਘਰ ਨਾਲੋਂ ਏਥੇ ਸਕੂਨ ਸੀ। ਉਹਨਾਂ ਦਾ ਪਾਲੀ ਵੀ ਏਥੇ ਹੀ ਪੈਂਦਾ। ਉਹਨਾਂ ਕੋਲ ਪੰਜ ਮੱਝਾਂ ਸਨ। ਪਾਲੀ ਦੀ ਮੱਝਾਂ 'ਤੇ ਚੌਵੀ ਘੰਟੇ ਦੀ ਡਿਊਟੀ ਸੀ। ਕੱਖ-ਪੱਠਾ ਪਾਉਣ ਤੋਂ ਲੈ ਕੇ ਗੋਹਾ-ਕੂੜਾ ਕਰਨ ਤੱਕ ਸਾਰਾ ਕੰਮ ਪਾਲੀ ਕਰਦਾ। ਰਾਤ ਦੀ ਰਾਖੀ ਵੀ। ਬਸ ਧਾਰਾਂ ਕੱਢਣ ਦਾ ਕੰਮ ਜੱਗੇ ਦੀ ਭਰਜਾਈ ਕਰਦੀ ਤੇ ਦੋਧੀ ਨੂੰ ਦੁੱਧ ਮਿਣ ਕੇ ਦਿੰਦੀ ਜੱਗੇ ਦੀ ਮਾਂ। ਜੱਗੇ ਦੇ ਚਾਰ ਭਤੀਜੇ-ਭਤੀਜੀਆਂ ਸਨ। ਅੰਦਰਲੇ ਘਰ ਤਾਂ ਚੀਂਘ-ਚੰਘਿਆੜਾ ਪਿਆ ਰਹਿੰਦਾ। ਜੱਗੇ ਲਈ ਬਾਹਰਲੇ ਘਰ ਦੀ ਬੈਠਕ ਵਧੀਆ ਸੀ। ਓਥੇ ਹੀ ਉਹ ਪੈਂਦਾ ਬਹਿੰਦਾ ਤੇ ਪੜ੍ਹਾਈ ਕਰਦਾ। ਦਸਵੀਂ ਦੀ ਤਿਆਰੀ ਏਸੇ ਬੈਠਕ ਵਿੱਚ ਕੀਤੀ ਤੇ ਫਿਰ ਬੀ.ਏ. ਤੱਕ ਇਹੀ ਬੈਠਕ ਉਹਦਾ ਪੱਕਾ ਅੱਡਾ ਬਣੀ ਰਹੀ। ਬੈਠਕ ਉਹਨੂੰ ਇਸ ਕਰਕੇ ਵੀ ਪਿਆਰੀ ਸੀ, ਕਿਉਂਕਿ ਏਥੇ ਕਦੇ ਤਾਰਿਆਂ ਦੀ ਛਾਵੇਂ-ਛਾਵੇਂ ਮੀਤੋ ਵੀ ਆ ਜਾਂਦੀ।

ਉਹਨਾਂ ਦੀ ਦੋਸਤੀ ਸ਼ਹਿਰ ਜਾ ਕੇ ਹੋਈ। ਕਾਲਜ ਦਾ ਮਾਹੌਲ ਖੁੱਲ੍ਹਾ ਸੀ। ਐਨਾ ਖੁੱਲ੍ਹਾ ਵੀ ਨਹੀਂ, ਛੋਟਾ ਸ਼ਹਿਰ ਹੀ ਸੀ ਇਹ, ਪਰ ਪਿੰਡ ਦੇ ਸਕੂਲ ਨਾਲੋਂ ਤਾਂ ਕਿਤੇ ਮੋਕਲੀ ਹਵਾ ਸੀ। ਉਹ ਪੰਜ-ਦਸ ਮਿੰਟ ਗੱਲਾਂ ਕਰ ਸਕਦੇ। ਗੱਲਾਂ ਲਈ ਤਾਂ ਘੰਟੇ ਚਾਹੀਦੇ ਸਨ। ਦਿਨ ਚਾਹੀਦੇ ਸਨ। ਕਈ ਮਹੀਨੇ। ਜਿਵੇਂ ਉਹਨਾਂ ਨੂੰ ਇਹ ਮਹੀਨੇ ਮਿਲ ਜਾਣ ਤਾਂ ਉਹ ਗੱਲਾਂ ਹੀ ਕਰਦੇ ਰਹਿਣ। ਦੋਵੇਂ ਬੜੀ ਸ਼ਿੱਦਤ ਨਾਲ ਲੋਚਦੇ ਕਿ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਘੰਟੇ ਉਹਨਾਂ ਦੇ ਹੋ ਜਾਣ, ਉਹਨਾਂ ਲਈ ਹੀ।

ਪਤਾ ਹੀ ਨਹੀਂ ਲੱਗਿਆ ਸੀ, ਹੱਸ-ਦੰਦਾਂ ਦੀ ਪ੍ਰੀਤ ਕਦੇ ਏਥੇ ਤੱਕ ਪਹੁੰਚ ਗਈ ਕਿ ਕੁੜੀ ਦੀਆਂ ਬਾਂਹਾਂ ਨਾਗ਼ ਬਣ ਕੇ ਮੁੰਡੇ ਦੇ ਗਲ ਨਾਲ ਲਿਪਟ ਗਈਆਂ।

ਮੁੰਡਾ ਬੀ.ਏ. ਸੀ ਤੇ ਕੁੜੀ ਵੀ। ਦੋਵੇਂ ਰੌਸ਼ਨ ਦਿਮਾਗ ਸਨ। ਪਰ ਕੁੜੀ ਕੁਝ-ਕੁਝ ਭਾਵੁਕ ਸੀ, ਜਦੋਂ ਕਿ ਮੁੰਡਾ ਸੋਚਾਂ ਵਿੱਚ ਪੈ ਜਾਂਦਾ। ਬਸ ਇੱਕੋ ਡਰ ਉਹਨੂੰ ਵਰਜਦਾ ਕਿ

ਲੀਹ

79