ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੁੱਧ ਦੇਸੀ ਘੀ ਦਾ ਵੈਸ਼ਨੋ ਭੋਜਨ

ਦਿੱਲੀ ਦੇ ਚਾਂਦਨੀ ਚੌਕ ਵਿੱਚ ਤੁਸੀਂ ਸੀਸ ਗੰਜ ਗੁਰਦੁਆਰੇ ਵੱਲ ਦੇਸੀ ਘਿਓ ਦੀਆਂ ਜਲੇਬੀਆਂ ਦੀ ਦੁਕਾਨ ਵੇਖੀ ਹੋਵੇਗੀ। ਸਵੇਰ ਤੋਂ ਸ਼ਾਮ ਤੱਕ ਓਥੇ ਗਾਹਕਾਂ ਦੀ ਭੀੜ ਰਹਿੰਦੀ ਹੈ। ਗਰਮਾ-ਗਰਮ ਜਲੇਬੀਆਂ ਤੁਲਵਾ-ਤੁਲਵਾ ਲੋਕ ਬੋਹੜ ਦੇ ਪੱਤਿਆਂ ਉੱਤੇ ਰੱਖ ਕੇ ਖਾਂਦੇ ਹਨ। ਮਿੱਠੇ ਤੇ ਗਰਮ ਰਸ ਦੀਆਂ ਘੁੱਟਾਂ ਬੰਦੇ ਦੀ ਤਬੀਅਤ ਵਿੱਚ ਖੇੜਾ ਲਿਆਉਂਦੀਆਂ ਹਨ। ਕੋਲ ਹੀ ਪਾਣੀ ਦੀ ਟੂਟੀ ਹੈ। ਹੱਥ ਧੋ ਲਓ, ਕੁਰਲੀ ਕਰ ਲਓ ਤੇ ਚਾਹੇ ਇੱਕ ਅੱਧ ਘੁੱਟ ਪੀ ਵੀ ਲਵੋ। ਦਿੱਲੀ ਵਾਸੀ ਤੇ ਬਾਹਰੋਂ ਆਏ ਲੋਕ ਚਾਂਦਨੀ ਚੌਕ ਦੀਆਂ ਦੇਸੀ ਘਿਓ ਦੀਆਂ ਜਲੇਬੀਆਂ ਨਾ ਖਾਣ, ਚਾਹੇ ਕਦੇ-ਕਦੇ ਹੀ, ਤਾਂ ਸਮਝੋ ਦਿੱਲੀ ਆਏ, ਜਿਹੇ ਨਾ ਆਏ।

ਬਸ ਏਦਾਂ ਦਾ ਹੀ ਸੀ ਦੁਰਗਾ ਦਾਸ ਹਲਵਾਈ ਦਾ ਢਾਬਾ। ਓਥੇ ਦੇਸੀ ਘੀ ਵਿੱਚ ਪੂਰੀਆਂ ਪੱਕਦੀਆਂ ਤੇ ਸਬਜ਼ੀ ਦਾਲ ਨੂੰ ਦੇਸੀ ਘਿਓ ਦਾ ਹੀ ਤੜਕਾ ਲਗਦਾ। ਕਾਂਸੀ ਪਿੱਤਲ ਦੇ ਭਾਂਡੇ, ਕੌਲੀਆਂ, ਗਿਲਾਸ ਤੇ ਥਾਲ, ਸਭ ਮਾਂਜ-ਸੰਵਾਰ ਕੇ ਲਿਸ਼ਕਾਏ ਹੋਏ। ਨਲਕੇ ਦਾ ਠੰਡਾ ਪਾਣੀ, ਜੋ ਸਰਦੀਆਂ ਵਿੱਚ ਨਿੱਘਾ ਹੁੰਦਾ ਹੈ। ਢਾਬੇ ਦੇ ਬੈਂਚਾਂ ਉੱਤੇ ਨਾ ਕੋਈ ਸ਼ਰਾਬ ਪੀ ਕੇ ਬੈਠ ਸਕਦਾ ਸੀ ਤੇ ਨਾ ਓਥੇ ਬੈਠ ਕੇ ਸਿਗਰਟ-ਬੀੜੀ ਪੀਣ ਦਾ ਹੁਕਮ ਸੀ। ਸਵੇਰੇ ਦਿਨ ਚੜ੍ਹੇ ਤੋਂ ਸ਼ਾਮ ਡੂੰਘੇ ਹਨੇਰੇ ਤੱਕ ਓਥੇ ਗਾਹਕਾਂ ਦੀ ਭੀੜ ਰਹਿੰਦੀ। ਦੇਵੀਗੜ੍ਹ ਆ ਕੇ ਜਿਸ ਨੇ ਦੁਰਗਾ ਦਾਸ ਦੇ ਢਾਬੇ ਦੀ ਰੋਟੀ ਨਹੀਂ ਖਾਧੀ, ਸਮਝੋ ਉਹ ਦੇਵੀਗੜ੍ਹ ਆਇਆ ਹੀ ਨਹੀਂ। ਲੋਕ ਸਬਜ਼ੀ-ਪੂਰੀ ਖਾਂਦੇ ਵੀ ਚਲੇ ਜਾਂਦੇ ਤੇ ਹੈਰਾਨ ਵੀ ਹੁੰਦੇ ਹਨ ਕਿ ਮਹਿੰਗਾਈ ਦਾ ਜ਼ਮਾਨਾ ਹੈ, ਦੇਸੀ ਘੀ ਤਾਂ ਮੁੱਛਾਂ ਉੱਤੇ ਲਾਉਣ ਨੂੰ ਨਹੀਂ ਮਿਲਦਾ ਤੇ ਇਹ ਦੁਰਗਾ ਦਾਸ ਪੂਰੇ ਦਾ ਪੂਰਾ ਖਾਣਾ ਦੇਸੀ ਘੀ ਵਿੱਚ ਬਣਾ ਕੇ ਦਿੰਦਾ ਹੈ। ਇੱਕ ਥਾਲੀ ਦੋ ਰੁਪਏ, ਦੇਸੀ ਘੀ ਨੂੰ ਦੇਖ ਕੇ ਕੋਈ ਬਹੁਤੇ ਨਹੀਂ ਸਨ ਲੱਗਦੇ।

ਦੁਰਗਾ ਦਾਸ ਦੇ ਸਭ ਨੌਕਰ-ਚਾਕਰ ਇਸ਼ਨਾਨ ਕਰਨ ਬਾਅਦ ਹੀ ਕੰਮ ਕਰਨ ਲੱਗਦੇ। ਸੁੱਚ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ। ਉਹ ਨਿੱਤ ਧੋਤੇ ਹੋਏ ਚਿੱਟੇ ਕੱਪੜੇ ਪਾਉਂਦੇ। ਦੁਰਗਾ ਦਾਸ ਦੇ ਵਾਲ਼ ਲੰਮੇ-ਲੰਮੇ ਸਿੱਧੇ ਵਾਹ ਕੇ ਪਿਛਾਂਹ ਨੂੰ ਸੁੱਟੇ ਹੁੰਦੇ। ਉਹ ਦਾੜ੍ਹੀ ਮੁੰਨ ਕੇ ਰੱਖਦਾ ਤੇ ਮੁੱਛਾਂ ਕੁੰਡਲਦਾਰ। ਅੱਖਾਂ ਤੋਂ ਲੱਗਦਾ, ਜਿਵੇਂ ਕੋਈ ਗੁੰਡਾ ਬਦਮਾਸ਼ ਹੋਵੇ, ਪਰ ਉਹ ਅਜਿਹਾ ਬਿਲਕੁਲ ਨਹੀਂ ਸੀ। ਉਹ ਦੇਵਤਾ-ਪੁਰਸ਼ ਸੀ ਦੂਜਿਆਂ ਢਾਬਿਆਂ ਉੱਤੇ ਆਪਣੀ ਈਮਾਨਦਾਰੀ ਦਾ ਰੋਅਬ ਜਮਾ ਕੇ ਰੱਖਦਾ। ਉਹਨੂੰ ਅਭਿਮਾਨ

ਸ਼ੁੱਧ ਦੇਸੀ ਘੀ ਦਾ ਵੈਸ਼ਨੋ ਭੋਜਨ

83