ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/84

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੀ ਕਿ ਉਹ ਸ਼ੁੱਧ ਦੇਸੀ ਘਿਓ ਦਾ ਭੋਜਨ ਵਰਤਾਉਂਦਾ ਹੈ। ਦੇਵੀਗੜ੍ਹ ਸਾਰੇ ਵਿੱਚ ਉਹਦੀ ਮਸ਼ਹੂਰੀ ਹੈ। ਉਹਦੇ ਢਾਬੇ ਉੱਤੇ ਦੂਰੋਂ-ਦੂਰੋਂ ਗਾਹਕ ਚੱਲ ਕੇ ਆਉਂਦਾ ਹੈ। ਉਹ ਢਾਬੇ ਤੋਂ ਬਾਹਰ ਨਿੱਕਲ ਕੇ ਸੜਕ ਉੱਤੇ ਕੁਰਸੀ ਡਾਹ ਲੈਂਦਾ। ਕੁਰਸੀ ਅੱਗੇ ਮੇਜ਼ ਰੱਖਦਾ। ਦੋ ਤਿੰਨ ਫ਼ਾਲਤੂ ਕੁਰਸੀਆਂ ਵੀ। ਖੜ੍ਹਾ ਹੋ ਕੇ ਉੱਚੀ ਆਵਾਜ਼ ਵਿੱਚ ਹੋਕਰਾ ਮਾਰਦਾ- "ਆਓ ਬਈ, ਦੇਸੀ ਘਿਓ 'ਚ ਪੱਕੀ ਰੋਟੀ ਛਕੋ। ਸ਼ੁੱਧ ਦੇਸੀ ਘੀ ਦਾ ਵੈਸ਼ਨੂੰ ਭੋਜਨ।" ਉਹਦੇ ਢਾਬੇ ਉੱਤੇ ਪੰਜਾਬੀ ਅੱਖਰਾਂ ਵਿੱਚ ਲੱਕੜ ਦੇ ਫੱਟੇ ਉੱਤੇ ਮੋਟਾ-ਮੋਟਾ ਲਿਖ ਕੇ ਲਾਇਆ ਹੋਇਆ ਸੀ, 'ਸ਼ੁੱਧ ਦੇਸੀ ਘੀ ਦਾ ਵੈਸ਼ਨੂੰ ਭੋਜਨ।'

ਉਹਦੀ ਆਵਾਜ਼ ਐਨੀ ਤਿੱਖੀ ਤੇ ਗੜ੍ਹਕਵੀਂ ਸੀ, ਲੱਗਦਾ ਬੰਦਾ ਵਾਕਿਆ ਹੀ ਦੇਸੀ ਘਿਓ ਖਾ ਕੇ ਬੋਲਦਾ ਹੈ। ਖੰਘਾਰ ਕੇ ਦੂਰ ਥੁੱਕਣਾ ਤੇ ਫਿਰ ਮੁੱਛਾਂ ਉੱਤੇ ਹੱਥ ਫੇਰਨਾ ਉਹਦੀ ਪੱਕੀ ਆਦਤ ਸੀ। ਉਹਦੀਆਂ ਕੁੰਡਲਦਾਰ ਖੜਵੀਆਂ ਮੁੱਛਾਂ ਹੀ ਜਿਵੇਂ ਉਹਦੇ ਰੋਅਬ ਦੀ ਨਿਸ਼ਾਨੀ ਹੋਵੇ।

ਦੁਰਗਾ ਦਾਸ ਦੇ ਕਈ ਬੱਚੇ ਸਨ-ਦੋ ਤਿੰਨ ਮੁੰਡੇ ਤੇ ਤਿੰਨ ਚਾਰ ਕੁੜੀਆਂ। ਉਹਨੂੰ ਪਤਾ ਨਹੀਂ ਸੀ ਕਿ ਉਹ ਕਿਹੜੀ-ਕਿਹੜੀ ਜਮਾਤ ਵਿੱਚ ਪੜ੍ਹਦੇ ਸਨ, ਪਰ ਉਹਨਾਂ ਉੱਤੇ ਡਾਂਟ-ਡਪਟ ਪੂਰੀ ਰੱਖਦਾ ਉਹ। ਹੱਥ ਧੋ ਕੇ ਰੋਟੀ ਖਾਓ। ਕੁੜੀਆਂ ਬਹੁਤੇ ਭੜਕੀਲੇ ਕੱਪੜੇ ਨਾ ਪਾ ਸਕਦੀਆਂ। ਮੁੰਡਾ ਕੋਈ ਫ਼ਿਲਮ ਦੇਖਣ ਸਿਨਮਾ ਚਲਿਆ ਗਿਆ ਜਾਂ ਕਿਧਰੇ ਕਿਸੇ ਨੇ ਤਾਸ਼ ਖੇਡੀ ਤਾਂ ਗਲ ਲਾਹ ਦਿਆਂਗਾ। ਸ਼ਾਮ ਨੂੰ ਆਰਤੀ ਵਿੱਚ ਸਭ ਨੇ ਸ਼ਾਮਿਲ ਹੋਣਾ ਹੈ।

ਸਭ ਤੋਂ ਵੱਡੀ ਕੁੜੀ ਬਿਮਲਾ ਕਾਲਜ ਪੜ੍ਹਦੀ ਸੀ। ਬੀ.ਏ. ਦਾ ਦੂਜਾ ਸਾਲ ਸੀ ਉਹਦਾ। ਸਾਰਿਆਂ ਤੋਂ ਛੋਟਾ ਮੁੰਡਾ ਤੀਜੀ ਜਮਾਤ ਵਿੱਚ ਸੀ। ਇੱਕ ਮੁੰਡਾ ਦਸਵੀਂ ਵਿੱਚੋਂ ਚਾਰ ਵਾਰੀ ਫੇਲ੍ਹ ਹੋ ਕੇ ਆਖ਼ਰ ਢਾਬੇ ਉੱਤੇ ਹੀ ਬੈਠ ਗਿਆ। ਬਾਕੀ ਸਾਰੇ ਬੱਚੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸਨ। ਕੋਈ ਕਿੰਨਾ ਹਸ਼ਿਆਰ ਸੀ ਪੜ੍ਹਨ ਵਿੱਚ ਜਾਂ ਕੋਈ ਕਿੰਨਾ ਕਮਜ਼ੋਰ ਸੀ - ਨਲਾਇਕ ਸੀ, ਦੁਰਗਾ ਦਾਸ ਨੂੰ ਕੋਈ ਪਤਾ ਨਹੀਂ ਸੀ ਤੇ ਨਾ ਕੋਈ ਪ੍ਰਵਾਹ। ਉਹਨੇ ਕਿਸੇ ਬੱਚੇ ਦੀ ਕਦੇ ਕੋਈ ਟਿਊਸ਼ਨ ਨਹੀਂ ਸੀ ਰਖਵਾਈ। ਆਖਦਾ-'ਸਕੂਲਾਂ ਦੇ ਮਾਸਟਰ ਫਿਰ ਸਕੂਲ ਜਾ ਕੇ ਕੀ ਕਰਦੇ ਨੇ?'

ਦੁਰਗਾ ਦਾਸ ਦਾ ਥੱਪੜ ਸਾਰੇ ਪਰਿਵਾਰ ਲਈ ਵੱਡੀ ਦਹਿਸ਼ਤ ਸੀ। ਪਤਾ ਨਹੀਂ ਸੀ, ਕੀਹਦੇ ਕਦੋਂ ਇਹ ਥੱਪੜ ਪੈ ਜਾਵੇ। ਉਹਦੇ ਹੱਥ ਵੱਡੇ-ਵੱਡੇ ਸਨ, ਚੌੜੇ-ਚੌੜੇ, ਫੁੱਲੀ ਹੋਈ ਵੱਡੀ ਪੂੜੀ ਜਿੱਡੇ। ਕੰਨ ਉੱਤੇ ਵੱਜਿਆ ਇੱਕੋ ਥੱਪੜ ਸਿਰ ਦੀ ਚੱਕਰੀ ਭੰਵਾ ਦਿੰਦਾ। ਧਰਤੀ ਘੁੰਮਣ ਲੱਗਦੀ। ਡਰਦਾ, ਉਹਦੇ ਸਾਹਮਣੇ ਕੋਈ ਬੋਲਦਾ ਨਹੀਂ ਸੀ। ਨਾ ਜੁਆਕ ਤੇ ਨਾ ਜੁਆਕਾਂ ਦੀ ਮਾਂ। ਕੁੰਢੀਆਂ ਮੁੱਛਾਂ ਤੇ ਗਹਿਰੀਆਂ ਅੱਖਾਂ ਵਾਲਾ ਉਹਦਾ ਚਿਹਰਾ ਗੁੱਸੇ ਵਿੱਚ ਹੁੰਦਾ ਤਾਂ ਬੜਾ ਭੈੜਾ ਲੱਗਦਾ-ਬਿਲਕੁਲ ਰਾਖ਼ਸ਼ ਦਾ ਰੂਪ। ਕੱਪੜਾ ਉਹ ਪੂਰਾ ਥਾਨ ਖਰੀਦਦਾ। ਕੁੜੀਆਂ ਤੇ ਕੁੜੀਆਂ ਦੀ ਮਾਂ ਦੇ ਸਭ ਦੇ ਇੱਕੋ ਜਿਹੇ ਸੂਟ। ਏਦਾਂ ਹੀ ਇਕ ਥਾਨ ਹੋਰ, ਜਿਸ ਦੇ ਮੁੰਡਿਆਂ ਦੇ ਕਮੀਜ਼ ਬਣਦੇ, ਉਹਦੇ ਆਪਣੇ ਕਮੀਜ਼ ਵੀ। ਪੈਂਟ ਨਹੀਂ ਪਾਉਣੀ, ਪਜਾਮੇ ਪਾਓ। ਪੈਂਟਾਂ ਦੀ ਗੱਲ ਛਿੜਦੀ ਤਾਂ ਉਹ ਆਖਦਾ 'ਵੱਡੇ ਅੰਗਰੇਜ਼ ਆ ਗਏ, ਪੈਂਟਾਂ ਦਾ ਕੀ ਕੰਮ? ਦੇਸੀ ਕੱਪੜੇ ਪਾਓ ਦੇਸੀ ਘਿਓ ਖਾਓ।

84
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ