ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਰਤ ਵਰਸ਼ ਵਿੱਚ ਰਹਿੰਦੇ ਲੋਕ... ਘਰ ਵਿੱਚ ਤੇ ਢਾਬੇ ਉੱਤੇ ਦੁਰਗਾ ਦਾਸ ਦੀ ਪੂਰੀ ਬਾਦਸ਼ਾਹਤ ਸੀ।

ਦੁਰਗਾ ਦਾਸ ਘਰ ਹੁੰਦਾ ਤਾਂ ਕਬਰਾਂ ਵਰਗੀ ਚੁੱਪ ਛਾ ਜਾਂਦੀ। ਉਹ ਘਰੋਂ ਬਾਹਰ ਹੋਇਆ ਨਹੀਂ ਕਿ ਘਰ ਵਾਕਿਆ ਹੀ ਘਰ ਵਰਗੀ ਸ਼ਕਲ ਅਖ਼ਤਿਆਰ ਕਰਨ ਲੱਗਦਾ। ਮੁੰਡੇ ਕੂਕਾਂ ਮਾਰਨ ਲੱਗਦੇ। ਕੁੜੀਆਂ ਵਿਹੜੇ ਵਿੱਚ ਨੱਚ ਰਹੀਆਂ ਹੁੰਦੀਆਂ। ਸੱਤੋ ਬਹੁਤ ਚੰਚਲ ਸੀ। ਉਹ ਬਿਮਲਾ ਤੋਂ ਤੀਜੇ ਥਾਂ ਉੱਤੇ ਸੀ। ਉਹ ਦੁਰਗਾ ਦਾਸ ਦੀ ਪਿੱਠ ਪਿੱਛੇ ਬੋਲ ਕੱਢਦੀ, ਦੰਦ ਪੀਂਹਦੀ ਤੇ ਅੱਖਾਂ ਲਾਲ ਕਰਕੇ ਉਹਦੀ ਨਕਲ ਲਾਹੁੰਦੀ। ਮਾਂ ਉਹਨੂੰ ਬਹੁਤ ਵਰਜਦੀ ਸੀ, ਆਖਦੀ 'ਤੇਰੇ ਪਿਓ ਨੂੰ ਤੇਰਾ ਜੇ ਪਤਾ ਲੱਗ ਗਿਆ ਨਾ, ਤੂੰ ਜਿਹੜੀਆਂ ਨਕਲਾਂ ਲਾਹੁਨੀ ਐਂ ਉਹਦੀਆਂ, ਤੇਰੀ ਗੁੱਤ ਪੁੱਟ ਕੇ ਤੇਰੇ ਹੱਥ 'ਚ ਫੜਾ ਦੂ। ਇਹ ਦੇਖ ਲੈ ਤੂੰ। ਹੁਣ ਆਵਦਾ ਪੜ੍ਹਿਆ ਵਚਾਰ ਲੈ।' ਤੇ ਫਿਰ ਉਦਾਸ ਬੋਲ ਕੱਢਦੀ, ‘ਉਹਤੋਂ ਤਾਂ ਰੱਬ ਡਰਦੈ, ਧੀਏ! ਆਪਾਂ ਕੀਹਦੇ ਵਚਾਰੇ ਆਂ।'

ਮਾਂ ਦੀ ਗੱਲ ਸੁਣ ਕੇ ਸੱਤੋ ਜੀਭ ਕੱਢਦੀ। ਤੇ ਫਿਰ ਗੰਭੀਰ ਹੋ ਕੇ ਆਖਦੀ- ‘ਇਉਂ ਤਾਂ ਮਾਂ ਮਰ ਮੁੱਕ ਜੂ ’ਗਾ ਆਪਣਾ ਸਾਰਾ ਟੱਬਰ ਈ। ਕੋਈ ਹੋਰ ਖ਼ਰਾਬੀ ਕਰਦੇ ਹੋਈਏ, ਫਿਰ ਵੀ ਐ। ਹੁਣ ਹੱਸਣ-ਬੋਲਣ ਵੀ ਨ੍ਹੀਂ ਦੇਣਾ ਕਿਸੇ ਨੂੰ?'

ਹਾਏ ਨ੍ਹੀਂ, ਆਪਣਾ ਕੀ ਹੱਸਣ-ਬੋਲਣ ਬਣਦੈ? ਦੋ ਵੇਲੇ ਟੁੱਕ ਦੀ ਬੁਰਕੀ ਮਿਲੀ ਜਾਂਦੀ ਐ, ਇਹੀ ਬਹੁਤ ਐ ਭਾਈ। ਮਾਂ ਸਬਰ ਕਰਦੀ।

ਸੱਤੋ ਵਿਹੜੇ ਵਿੱਚ ਪਾਇਲਾਂ ਪਾ ਕੇ ਨੱਚਦੀ ਤਾਂ ਮਾਂ ਦੀ ਬਾਂਹ ਵੀ ਖਿੱਚ ਲੈਂਦੀ। ਆਖਦੀ ਮਾਂ ਤੂੰ ਵੀ ਨੱਚ।

ਬਿਮਲਾ ਗੁੰਮ-ਸੁੰਮ ਰਹਿੰਦੀ। ਕਿਤਾਬ ਲੈ ਕੇ ਬੈਠੀ ਪੜ੍ਹਦੀ-ਪੜ੍ਹਦੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੀ। ਕਿਤਾਬ ਕਿਤੇ ਤੇ ਉਹਦੀ ਨਿਗਾਹ ਕਿਤੇ। ਮਾਂ ਉਹਦੇ ਚਿਹਰੇ ਵੱਲ ਝਾਕਦੀ ਤਾਂ ਉਹਨੂੰ ਕੋਈ ਸਮਝ ਨਾ ਆਉਂਦੀ। ਸੱਤੋ ਬਿਮਲਾ ਦਾ ਮਜ਼ਾਕ ਉਡਾਉਣ ਲੱਗਦੀ। ਆਖਦੀ ਕਿਹੜੇ ਦਸਮੇਂ ਦੁਆਰ ਸੁਰਤ ਪਹੁੰਚ ਗਈ, ਮਹਾਰਾਣੀ ਸਾਹਿਬਾ ਦੀ?

ਸੱਤੋ ਦੇ ਇੰਝ ਟੋਕਣ ਨਾਲ ਹੀ ਬਿਮਲਾ ਨੂੰ ਸਾਹ ਆਉਂਦਾ।

ਤੇ ਫਿਰ ਇੱਕ ਦਿਨ...

ਸਵੇਰ ਦੀ ਕਾਲਜ ਗਈ ਬਿਮਲਾ ਮੁੜੀ ਨਹੀਂ। ਪਹਿਲਾਂ ਤਾਂ ਉਹ ਆਪਣੇ ਚਾਰੇ ਪੀਰੀਅਡ ਲਾ ਕੇ ਵੱਧ ਤੋਂ ਵੱਧ ਦੋ ਵੱਜਦੇ ਨੂੰ ਦਰ ਪਹੁੰਚ ਜਾਂਦੀ ਸੀ, ਪਰ ਉਸ ਦਿਨ ਤਿੰਨ, ਚਾਰ ਤੇ ਸ਼ਾਮ ਦੇ ਛੇ ਵੱਜ ਗਏ, ਪਰ ਬਿਮਲਾ ਮੁੜੀ ਨਹੀਂ। ਉਹ ਕਿਸੇ ਸਹੇਲੀ ਦੇ ਘਰ ਕਦੇ ਨਹੀਂ ਗਈ ਸੀ। ਦੁਰਗਾ ਦਾਸ ਦੀ ਦਹਿਸ਼ਤ ਹੀ ਐਨੀ ਸੀ। ਸਹੇਲੀ ਦੇ ਘਰ ਕਦੇ ਵੀ ਨਾ ਜਾਣ ਦਾ ਸਖ਼ਤ ਹੁਕਮ ਸੀ। ਭੈਣ-ਭਰਾ ਸਭ ਡੂੰਘੀ ਸੋਚ ਵਿੱਚ ਡੁੱਬੇ ਹੋਏ ਸਨ, ਆਖ਼ਰ ਬਿਮਲਾ ਹੈ ਕਿੱਥੇ? ਸ਼ਾਮ ਨੂੰ ਹਨੇਰੇ ਹੋਏ ਦੁਰਗਾ ਦਾਸ ਘਰ ਆਇਆ ਤਾਂ ਰੋਜ਼ ਵਾਂਗ ਹੀ ਉੱਚਾ-ਉੱਚਾ ਬੋਲ ਕੇ ਦਹਿਸ਼ਤ ਦੇ ਤੀਰ ਛੱਡਣ ਲੱਗਿਆ। ਕਿਸੇ ਮੁੰਡੇ ਨੂੰ ਗਾਲ੍ਹਾਂ ਕੱਢ ਰਿਹਾ ਹੈ। ਕਿਸੇ ਕੁੜੀ ਦੇ ਕੰਨ ਉੱਤੇ ਥੱਪੜ ਜੜ੍ਹ ਦਿੱਤਾ ਹੈ। ਘਰਵਾਲੀ ਨੂੰ ਕਿਸੇ ਨਿਗੂਣੀ ਗੱਲ ਉੱਤੇ ਵੱਢੂੰ ਖਾਊਂ ਕਰਦਾ ਜਾ ਰਿਹਾ ਹੈ। ਨੱਕ ਵਿੱਚੋਂ ਠੂੰਹੇਂ

ਸੁੱਧ ਦੇਸੀ ਘੀ ਦਾ ਵੈਸ਼ਨੋ ਭੋਜਨ

85