ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/88

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਫੰਗਿਆਂ ਦੇ ਹੱਥ ਰਹਿ ਗਿਆ ਬਸ ਹੁਣ ਤਾਂ। ਕਿਸੇ ਭਲੇਮਾਣਸ ਦਾ ਪੰਚਾਇਤ ਵਿੱਚ ਕੀ ਕੰਮ? ਉਸ ਦੀ ਘਰ ਜਾਇਦਾਦ ਐਡੀ ਵੱਡੀ ਹੈ ਤੇ ਬੀ.ਏ. ਹੋ ਕੇ ਵੀ ਸਰਪੰਚੀ ਦਾ ਇਹ ਕੁੱਤਾ ਕੰਮ ਕਿਉਂ ਕਰਦਾ ਹੈ? ਮੈਂ ਹੈਰਾਨ ਹਾਂ।

ਮੇਰੇ ਛੋਟੇ ਮਾਮੇ ਨਾਲ ਹੁਣ ਉਸ ਦੀ ਬਹੁਤ ਬਣਦੀ ਹੈ। ਉਦੋਂ ਤਾਂ ਉਹ ਇਸ ਘਰ ਕਦੇ ਵੀ ਨਹੀਂ ਸੀ ਆਇਆ। ਹੁਣ ਤਾਂ ਸੁਣਿਆ ਹੈ ਕਿ ਆਮ ਆਉਂਦਾ ਜਾਂਦਾ ਹੈ। ਤਾਂ ਮੈਂ ਉਡੀਕ ਰਹੀ ਹਾਂ ਕਿ ਉਹ ਆਵੇ ਤੇ ਅਸੀਂ ਮਿਲੀਏ। ਮਿਲੀਏ ਤਾਂ ਕਿਹੋ ਜਿਹੀਆਂ ਗੱਲਾਂ ਕਰੀਏ? ਮੈਨੂੰ ਬੁਲਾਵੇਗਾ ਵੀ ਕਿ ਨਹੀਂ? ਮੈਂ ਬੁਲਾ ਵੀ ਸਕਾਂਗੀ ਕਿ ਨਹੀਂ?

ਫੱਗਣ-ਚੇਤ ਦੀ ਰੁੱਤ ਹੈ। ਹਰਿਆਲੀ ਪੂਰੇ ਜੋਬਨ ਉੱਤੇ ਹੈ। ਧਰਤੀ ਦੀ ਮਾਂਗ ਵਿੱਚ ਸੰਧੂਰ ਘੁਲ ਗਿਆ ਹੈ। ਸੂਰਜ ਡੇਰੇ ਵਾਲੀ ਨਿੰਮ ਦੀ ਟੀਸੀ ਤੋਂ ਥੱਲੇ ਲਹਿ ਗਿਆ ਹੈ। ਵਿਹੜੇ ਵਿੱਚ ਪੀਹੜੇ ਉੱਤੇ ਬੈਠੀ ਕਪਾਹ-ਛਟੀ ਦੇ ਡੱਕੇ ਨਾਲ ਮੈਂ ਧਰਤੀ ਉੱਤੇ ਲਕੀਰਾਂ ਵਾਹ ਰਹੀ ਹਾਂ। ਮੇਰੇ ਦੋਵੇਂ ਮੁੰਡੇ ਇਕ ਟੁੱਟੀ ਪੁਰਾਣੀ ਪੀਪੀ ਦਾ ਟਰੈਕਟਰ ਬਣਾ-ਬਣਾ ਖੇਡ ਰਹੇ ਹਨ।

ਸੁਣਿਆ ਹੈ ਕਿ ਉਹ ਇੱਕ ਕਤਲ ਦੇ ਮੁਕੱਦਮੇ ਵਿੱਚ ਕਈ ਦਿਨਾਂ ਤੋਂ ਭੱਜਿਆ ਫਿਰਦਾ ਹੈ। ਏਸੇ ਕਰਕੇ ਸ਼ਾਇਦ ਉਹ ਮਾਮੇ ਕੋਲ ਨਹੀਂ ਆਇਆ। ਸੁਣਿਆ ਹੈ ਕਿ ਜਦ ਕਦੇ ਉਹ ਮਾਮੇ ਕੋਲ ਆਉਂਦਾ ਹੈ ਤਾਂ ਦੋਵੇਂ ਚੁਬਾਰੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ। ਇਹ ਵੀ ਸੁਣਿਆ ਹੈ ਕਿ ਮਾਮੇ ਤੋਂ ਬਿਨਾਂ ਉਹ ਪਿੰਡ ਵਿੱਚ ਹੋਰ ਕਿਸੇ ਨਾਲ ਸ਼ਰਾਬ ਨਹੀਂ ਪੀਂਦਾ। ਮਾਮਾ ਉਸਨੂੰ ਕਈ ਵਾਰ ਯਾਦ ਕਰਾ ਚੁੱਕਿਆ ਹੈ ਕਿ ਐਨੇ ਦਿਨ ਹੋ ਗਏ 'ਲਾਲੀ' ਘਰ ਕਿਉਂ ਨਹੀਂ ਆਇਆ, ਪਰ ਕਤਲ ਦੀ ਗੱਲ ਛੇੜ ਕੇ ਫਿਰ ਉਹ ਚੁੱਪ ਕਰ ਜਾਂਦਾ ਹੈ।

ਵਿਹੜੇ ਵਿੱਚੋਂ ਉੱਠ ਕੇ ਮੈਂ ਸਬਾਤ ਅੰਦਰ ਆ ਜਾਂਦੀ ਹਾਂ।

ਅੱਜ ਪਤਾ ਨਹੀਂ ਉਸ ਨੂੰ ਕਿਵੇਂ ਵਿਹਲ ਮਿਲ ਗਈ। ਉਸ ਨੇ ਦਿਨ ਢਲੇ ਬਾਰ ਮੁਹਰੇ ਖੜ੍ਹ ਕੇ ਛੋਟੇ ਮਾਮੇ ਨੂੰ ਹਾਕ ਮਾਰੀ ਹੈ ਤੇ ਫਿਰ ਅੰਦਰ ਲੰਘ ਕੇ ਵਿਹੜੇ ਵਿੱਚ ਆ ਖੜੋਤਾ ਹੈ। ਮੈਂ ਨਾਨੀ ਦਾ ਸਿਰ ਘੁੱਟ ਰਹੀ ਹਾਂ। ਉਹ ਬੋਲੀ ਨਹੀਂ। ਉਸ ਨੂੰ ਹੁਣ ਸੁਰਤ ਘੱਟ ਹੈ। ਉਸ ਨੇ ਸ਼ਾਇਦ ਮੈਨੂੰ ਉਸ ਦੇ ਸਿਰਹਾਣੇ ਬੈਠੀ ਨੂੰ ਦੇਖ ਕੇ ਪਛਾਣਿਆ ਨਹੀਂ। ਉਨ੍ਹੀਂ ਪੈਰੀਂ ਵਾਪਸ ਮੁੜ ਗਿਆ ਹੈ। ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹਿਆ ਹੈ। ਚੁਬਾਰੇ ਵਿੱਚ ਹੋਰ ਕੋਈ ਨਹੀਂ ਹੈ। ਉਹ ਇਕੱਲਾ ਹੀ ਬੈਠਾ ਹੈ। ਸ਼ਾਇਦ ਛੋਟੇ ਮਾਮੇ ਨੂੰ ਉਡੀਕ ਰਿਹਾ ਹੋਵੇ।

ਉਸ ਦੀ ਸੂਰਤ ਨੂੰ ਦੇਖ ਕੇ ਮੈਨੂੰ ਧੁੜਧੁੜੀ ਜਿਹੀ ਛਿੜ ਪਈ ਹੈ। ਇਹ ਉਹ ‘ਲਾਲੀ' ਹੈ ਜਿਹੜਾ ਅੱਜ ਤੋਂ ਦਸ ਸਾਲ ਪਹਿਲਾਂ ਕੁਝ ਹੋਰ ਸੀ। ਹੁਣ ਕੁਝ ਹੋਰ ਹੀ ਹੈ। ਪੈਰਾਂ ਵਿੱਚ ਕਾਲ਼ੀ ਜੁੱਤੀ, ਖੱਦਰ ਦਾ ਕੁੜਤਾ ਤੇ ਖੱਦਰ ਦਾ ਪਜਾਮਾ, ਦਾੜ੍ਹੀ ਖੁੱਲ੍ਹੀ ਤੇ ਸਿਰ ਉੱਤੇ ਪੀਲੀ ਮੋਤੀਆ ਪੱਗ। ਕਹਿ ਸਕਦਾ ਹੈ ਕੋਈ ਕਿ ਇਹ ਮੁੰਡਾ ਚੌਦਾ ਜਮਾਤਾਂ ਪੜ੍ਹਿਆ ਹੋਇਆ ਹੈ।

ਛੋਟੀ ਮਾਮੀ ਚੁਬਾਰੇ ਵਿੱਚ ਲਸਣ ਦੀਆਂ ਗੰਢੀਆਂ ਲੈਣ ਗਈ ਹੈ ਤਾਂ ਉਸ ਨੂੰ ਕਹਿ ਆਈ ਹੈ ਕਿ ਉਹ ਏਥੇ ਹੀ ਬੈਠੇ ਤੇ ਮਾਮਾ ਹੁਣੇ ਕਿੱਧਰੋਂ ਆ ਜਾਂਦਾ ਹੈ।

ਨਾਨੀ ਦੀ ਅੱਖ ਲੱਗ ਗਈ ਹੈ ਜਾਂ ਉਂਝ ਹੀ ਉਹ ਚੁੱਪ ਹੋ ਗਈ ਹੈ। ਮੈਂ ਉਸਦਾ ਸਿਰ ਘੁੱਟਣੋਂ ਹਟ ਗਈ ਹਾਂ। ਉਸ ਦੇ ਸਿਰਹਾਣੇ ਹੀ ਮੈਂ ਬੈਠੀ ਰਹਿੰਦੀ ਹਾਂ। ਆਪਣੇ ਗੋਡਿਆਂ ਉੱਤੇ ਆਪਣੀ ਸੱਜੀ ਬਾਂਹ ਵਿਛਾ ਲੈਂਦੀ ਹਾਂ ਤੇ ਫਿਰ ਬਾਂਹ ਉੱਤੇ ਆਪਣੀਆਂ ਅੱਖਾਂ ਮੂਧੀਆਂ ਮਾਰ ਲੈਂਦੀ ਹਾਂ।

88

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ