ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੱਡੀ ਮਾਮੀ ਦੇ ਜਦ ਦੂਜਾ ਜਵਾਕ ਹੋਣਾ ਸੀ, ਉਦੋਂ ਵੱਡਾ ਮਾਮਾ ਮੈਨੂੰ ਜਾ ਕੇ ਲੈ ਆਇਆ ਸੀ। ਅੱਠ ਨੌਂ ਮਹੀਨੇ ਰਹੀ ਸਾਂ ਮੈਂ ਏਥੇ ਦਸ ਸਾਲ ਹੋ ਗਏ ਉਹਨਾਂ ਗੱਲਾਂ ਨੂੰ।

ਇਹ ਘਰ ਸੱਥ ਦੇ ਬਿਲਕੁਲ ਸਾਹਮਣੇ ਹੈ। ਸੱਥ ਵਿੱਚ ਹੁਣ ਵੀ ਸਾਰਾ ਦਿਨ ਲੋਕ ਬੈਠੇ ਰਹਿੰਦੇ ਹਨ। ਗਰਮੀ ਦੀ ਰੁੱਤ ਵਿੱਚ ਪਿੱਪਲ ਦੀ ਛਾਂ ਥੱਲੇ ਤਖ਼ਤਪੋਸ਼ ਉੱਤੇ ਸਾਰਾ ਦਿਨ ਉਹ ਤਾਸ਼ ਖੇਡਦੇ ਰਹਿੰਦੇ ਹਨ। ਸਰਦੀਆਂ ਵਿੱਚ ਦੋਵੇਂ ਤਖ਼ਤਪੋਸ਼ ਪਿੱਪਲ ਥੱਲਿਓਂ ਹਿੱਲ ਕੇ ਚੌਗਾਨ ਵਿੱਚ ਆ ਡਹਿੰਦੇ ਹਨ। ਚੁਬਾਰੇ ਦੀਆਂ ਪੌੜੀਆਂ ਤੋਂ ਪਿੱਪਲ, ਤਖ਼ਤਪੋਸ਼ ਤੇ ਚੌਗਾਨ ਸਭ ਕੁਝ ਦਿਸਦਾ ਹੈ।

ਤੜਕੇ ਤੜਕੇ ਇੱਕ ਦਿਨ ਸੱਥ ਵਿਚਲੇ ਤਖ਼ਤਪੋਸ਼ ਉੱਤੇ ਉਹ ਇਕੱਲਾ ਹੀ ਬੈਠਾ ਸੀ। ਸਿਆਲ ਦੀ ਰੁੱਤ ਸੀ। ਉਹ ਇਸ ਚੁਬਾਰੇ ਦੀਆਂ ਪੌੜੀਆਂ ਵੱਲ ਵੇਖ ਰਿਹਾ ਸੀ। ਮੈਂ ਪੌੜੀਆਂ ਉੱਤਰ ਰਹੀ ਸੀ। ਪੌੜੀਆਂ ਉੱਤਰਦੀ ਨੇ ਮੈਂ ਆਪਣੀ ਗੁੱਤ ਛਾਤੀ ਉੱਤੋਂ ਚੁੱਕ ਕੇ ਮੋਢੇ ਉੱਤੋਂ ਦੀ ਪਿੱਠ ਵੱਲ ਕੁਝ ਇਸ ਤਰੀਕੇ ਨਾਲ ਝੰਜਕ ਕੇ ਸੁੱਟੀ ਸੀ ਕਿ ਉਹ ਹੱਸ ਪਿਆ ਸੀ। ਮੈਂ ਵੀ ਮੁਸਕਰਾ ਪਈ ਸਾਂ ਤੇ ਫਿਰ ਮੈਂ ਆਪਣੇ ਸਿਰ ਉੱਤੋਂ ਦੀ ਹੱਥ ਕੁਝ ਇਸ ਤਰੀਕੇ ਨਾਲ ਫੇਰਿਆ ਸੀ, ਜਿਸ ਦਾ ਮਤਲਬ ਹੁੰਦਾ ਹੈ ਸ਼ਾਇਦ "ਸਤਿ ਸ੍ਰੀ ਅਕਾਲ!"

ਫਿਰ ਤਾਂ ਉਸ ਨੂੰ ਜਿਵੇਂ ਕੋਈ ਕਮਲ ਹੀ ਉੱਠ ਖੜ੍ਹਿਆ। ਸਕੂਲੋਂ ਛੁੱਟੀ ਹੁੰਦੀ ਤੇ ਉਹ ਆ ਕੇ ਸੱਥ ਵਿੱਚ ਤਖ਼ਤਪੋਸ਼ ਉੱਤੇ ਬੈਠ ਜਾਂਦਾ। ਨਾ ਉਸ ਨੂੰ ਕੋਲ ਬੈਠਾ ਕੋਈ ਦਿਸਦਾ ਤੇ ਨਾ ਕੋਲ ਦੀ ਤੁਰਿਆ ਜਾਂਦਾ ਕੋਈ। ਮੁਤਰ ਮੁਤਰ ਉਹ ਇਸ ਚੁਬਾਰੇ ਦੀਆਂ ਪੌੜੀਆਂ ਵੱਲ ਦੇਖਦਾ ਰਹਿੰਦਾ। ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ। ਮੈਂ ਨਾ ਫਿਰ ਉਸ ਵੱਲ ਸੰਵਾਰ ਕੇ ਝਾਕਦੀ ਤੇ ਨਾ ਹੀ ਉਸ ਨੂੰ ਕੋਈ ਇਸ਼ਾਰਾ ਕਰਦੀ ਤੇ ਨਾ ਉਸ ਦੇ ਇਸ਼ਾਰੇ ਦਾ ਕੋਈ ਜਵਾਬ ਦਿੰਦੀ ਸੀ। ਉਹ ਆਪਣੀਆਂ ਹਥੇਲੀਆਂ ਵਿਚਾਲੇ ਇੱਕ ਕਾਨੇ ਦੀ ਪੂਣੀ ਜਿਹੀ ਵਟਦਾ ਰਹਿੰਦਾ। ਜਦ ਮੈਂ ਚੁਬਾਰੇ ਵਿੱਚ ਆਉਂਦੀ ਤੇ ਸੱਥ ਵੱਲ ਸਾਧਾਰਨ ਜਿਹਾ ਝਾਕੀ ਤਾਂ ਉਹ ਕਾਨੇ ਸਣੇ ਦੋਵੇਂ ਹੱਥ ਜੋੜ ਕੇ ਆਪਣੇ ਮੱਥੇ ਨੂੰ ਲਾ ਦਿੰਦਾ।

ਵਿਹਲ ਮਿਲੀ ਤੋਂ ਪਿਛਲੇ ਪਹਿਰ ਕੋਠੇ ਉੱਤੇ ਬੈਠੀ ਮੈਂ ਚਾਦਰ ਕੱਢਦੀ ਹੁੰਦੀ ਜਾਂ ਸਿਰਹਾਣਾ ਕੱਢਦੀ ਹੁੰਦੀ ਤਾਂ ਉਹ ਆਪਣੇ ਕੋਠੇ ਉੱਤੋਂ ਖੜ੍ਹਾ ਬਾਂਹਾਂ ਖੜ੍ਹੀਆਂ ਕਰਕੇ ਮੈਨੂੰ ਇਸ਼ਾਰੇ ਕਰਦਾ ਰਹਿੰਦਾ। ਨਾ ਕਿਸੇ ਨੂੰ ਦੇਖਦਾ ਨਾ ਕਿਸੇ ਤੋਂ ਸੰਗਦਾ। ਮੈਨੂੰ ਲੱਗਦਾ ਕਿ ਉਹ ਸਕੂਲ ਵੀ ਘੱਟ ਵੱਧ ਹੀ ਜਾਂਦਾ ਹੈ।

ਸਦੇਹਾਂ-ਸਦੇਹਾਂ ਵਾੜੇ ਵਿੱਚ ਮੈਂ ਪਾਥੀਆਂ ਪੱਥਣ ਜਾਂਦੀ। ਪਤਾ ਨਹੀਂ ਉਹ ਕਿੱਧਰੋਂ ਆ ਜਾਂਦਾ। ਦੂਰੋਂ ਆਉਂਦੇ ਨੂੰ ਦੇਖ ਕੇ ਮੈਂ ਸਮਝਦੀ ਕਿ ਅੱਜ ਜ਼ਰੂਰ ਕੋਈ ਕਾਰਾ ਬੀਜੇਗਾ, ਪਰ ਉਹ ਮੇਰੇ ਕੋਲ ਦੀ ਚੁੱਪ ਕਰਕੇ ਲੰਘ ਜਾਂਦਾ। ਮਾੜਾ ਜਿਹਾ ਪੈਰ ਮਲਦਾ ਤੇ ਬਸ ਕੁਝ ਮੂੰਹੋਂ ਨਾ ਬੋਲਦਾ। ਮੈਂ ਸੁਖ ਦਾ ਸਾਹ ਲੈਂਦੀ।

ਜਦ ਕਦੇ ਮੈਂ ਚੁਬਾਰੇ ਸਾਹਮਣੇ ਖੜ੍ਹ ਜਾਂਦੀ ਤੇ ਸੱਥ ਵੱਲ ਝਾਕੀ ਤਾਂ ਉਹ ਤਖ਼ਤਪੋਸ਼ ਉੱਤੋਂ ਉੱਠ ਖੜ੍ਹਾ ਹੁੰਦਾ ਤੇ ਮੇਰੇ ਵੱਲ ਇਸ਼ਾਰਾ ਕਰਦਾ, ਜਿਸ ਦਾ ਮਤਲਬ ਹੁੰਦਾ ਸ਼ਾਇਦ "ਆ ਚੱਲੀਏ ਬਾਹਰ ਨੂੰ।" ਮੈਂ ਪਰ ਕਿਸੇ ਵੀ ਇਸ਼ਾਰੇ ਦਾ ਜਵਾਬ ਨਾ ਦਿੰਦੀ। ਮੇਰਾ ਹੱਥ ਹੀ ਨਹੀਂ ਸੀ ਉੱਠਦਾ। ਅਸਲ ਵਿੱਚ ਮੈਂ ਉਸ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸਾਂ। ਉਹ ਤਾਂ ਜਿਵੇਂ ਹੱਥ ਧੋ ਕੇ ਹੀ ਮੇਰੇ ਮਗਰ ਪੈ ਗਿਆ ਸੀ।

ਮੇਰਾ ਗੁਨਾਹ

89