ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/91

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਤਜੁਗੀ ਬੰਦਾ

ਸੱਤਰ ਸਾਲ ਉਮਰ ਭੋਗ ਕੇ ਕੋਈ ਮਰੇ ਤਾਂ ਬਹੁਤ ਹੈ। ਪਰ ਥੰਮਣ ਸਿੰਘ ਲਈ ਸੱਤਰ ਸਾਲ ਕੋਈ ਬਹੁਤੇ ਨਹੀਂ ਸਨ। ਉਹ ਤਾਂ ਅਜੇ ਨਰੋਆ ਪਿਆ ਸੀ। ਸੋਟੀ ਲੈ ਕੇ ਤੁਰਨ ਦੀ ਉਮਰ ਉਹਦੇ ਕਿਧਰੇ ਨੇੜੇ-ਤੇੜੇ ਵੀ ਨਹੀਂ ਸੀ। ਦੂਰ-ਨੇੜੇ ਦੀ ਨਿਗਾਹ ਚੰਗੀ ਸੀ। ਖੇਤ-ਬੰਨੇ ਗੇੜਾ ਮਾਰਦਾ। ਉਹਦੇ ਦੰਦ ਕਾਇਮ ਸਨ। ਛੋਲਿਆਂ ਦੇ ਦਾਣੇ ਚੱਬ ਲੈਂਦਾ ਤੇ ਗੰਨਾ ਚੂਪਦਾ। ਖੁਰਾਕ ਵੀ ਨਹੀਂ ਘਟੀ ਸੀ। ਅਗਵਾੜ ਦੇ ਲੋਕ ਗੱਲਾਂ ਕਰਦੇ, "ਥੰਮਣ ਸੂੰ ਦੀ ਕਾਠੀ ਤਕੜੀ ਐ, ਇਹ ਤਾਂ ਸੌ ਨੂੰ ਪਹੁੰਚੂ ਇੱਕ ਦਿਨ। ਨਾਲੇ ਘਰੇ ਰੰਗ ਭਾਗ ਵੀ ਤਾਂ ਸਭ ਲੱਗਿਆ ਹੋਇਐ। ਸੁਖੀ ਬੰਦਾ ਬਹੁਤੀ ਉਮਰ ਭੋਗਦੈ।"

ਪਰ ਉਹ ਤਾਂ ਸੱਤਰ ਟਪਿਆ ਤੇ ਚੱਲਦਾ ਹੋਇਆ। ਚੰਗਾ-ਭਲਾ ਹੀ ਤੁਰ ਗਿਆ। ਇੱਕ ਵਾਰ ਤਾਂ ਲੋਕਾਂ ਦੇ ਦੰਦ ਜੁੜ ਗਏ। ਘੁਸਰ-ਮੁਸਰ ਹੋਣ ਲੱਗੀ। "ਇਹੋ ਜਿਹੇ ਧਰਮਾਤਮਾ ਬੰਦੇ ਨੂੰ ਕਿਹੜਾ ਦੁੱਖ ਅਣੀ-ਪਟੱਕੇ ਆ ਚਿੰਬੜਿਆ ਬਈ। ਪਲ਼ ਵੀ ਨਾ ਸਹਾਰਿਆ ਉਹ ਤਾਂ।"

ਸੱਥ ਵਿੱਚ ਪਿੱਪਲ ਥੱਲੇ ਬੈਠ ਕੇ ਲੋਕ ਆਖਦੇ, "ਬੰਦਿਆਂ ਅਰਗਾ ਬੰਦਾ ਤਾਂ ਉਹ ਹੈ ਈ ਨਹੀਂ ਸੀ। ਕੋਈ ਸਤਜੁਗੀ ਬੰਦਾ ਸੀ।"

ਉਹਤੋਂ ਵੀਹ ਕੁ ਸਾਲ ਛੋਟੇ ਭਦੌੜੀਆਂ ਦੇ ਕਰਮ ਸਿਓਂ ਨੇ ਗੱਲ ਸੁਣਾਈ-"ਥੰਮਣ ਦਾ ਅਜੇ ਵਿਆਹ ਨਹੀਂ ਸੀ ਹੋਇਆ। ਉਹਨਾਂ ਦਿਨਾਂ 'ਚ ਮੁੰਡੇ ਨੂੰ ਸਾਕ ਹੁੰਦਾ ਵੀ ਮਸਾਂ। ਜੱਟ ਦੇ ਤਿੰਨ ਪੁੱਤ ਹੁੰਦੇ ਚਾਹੇ ਚਾਰ। ਵਿਆਹੁੰਦੇ ਇੱਕ ਨੂੰ। ਸਾਰਿਆਂ ਨੂੰ ਵਿਆਹ ਕੇ ਜ਼ਮੀਨ ਟੋਟੇ-ਟੋਟੇ ਹੋ ਜਾਂਦੀ। ਜ਼ਮੀਨ 'ਕੱਠੀ ਰੱਖਣ ਦੇ ਲਾਲਚ ਵਿੱਚ ਇੱਕ ਦਾ ਵਿਆਹ ਕਰਦੇ। ਦੂਜੇ ਸਭ ਉਸ ਦੇ ਚੁੱਲ੍ਹੇ ਉੱਤੇ ਰੋਟੀ ਖਾਂਦੇ। ਥੰਮਣ ਦੀ ਉਮਰ ਤੀਹ ਤੋਂ ਉੱਤੇ ਹੋਊਗੀ। ਇੱਕ ਦਿਨ ਇਹ ਕਿਸੇ ਲਾਮ੍ਹ ਪਿੰਡ ਜਾਂਦਾ ਸੀ। ਦੂਰ ਪਿੰਡ ਸੀ ਕੋਈ, ਹੁਣ ਨ੍ਹੀਂ ਯਾਦ। ਇਹਦੇ ਮਗਰ ਇੱਕ ਤੀਮੀਂ ਲੱਗ ਪੀ। ਕਹੇ ਮੈਂ ਹੋ 'ਗੀ ਰੰਡੀ। ਘਰ 'ਚ ਕੋਈ ਰਹਿ ਨਾ ਗਿਆ। ਨਾ ਦਿਉਰ ਨਾ ਜੇਠ। ਮੈਂ ਕੀਹਦੇ ਆਸਰੇ ਦਿਨ ਕੱਟਾਂ? ਤੂੰ ਤਾਂ ਮੇਰੇ ਘਰ ਆਲੇ ਦੇ ਮਾਮੇ ਦੇ ਪੁੱਤ ਦੇ ਸਾਢੂ ਦਾ ਛੋਟਾ ਭਾਈ ਐਂ, ਮੈਂ ਪਛਾਣ ਲਿਆ ਤੈਨੂੰ। ਮੈਨੂੰ ਤਾਂ ਤੂੰ ਸਿਰ ਧਰ ਆਵਦੇ, ਹੁਣੇ ਲੈ ਚੱਲ ਆਪਦੇ ਪਿੰਡ ਨੂੰ। ਤੇਰੇ ਲੜ ਲੱਗ ਕੇ ਜੂਨ ਨਿੱਕਲ ਜੂ 'ਗੀ ਮੇਰੀ।"

ਥੰਮਣ ਕਹੇ ਮੈਂ ਉਹ ਨ੍ਹੀਂ। ਤੈਨੂੰ ਭੁਲੇਖਾ ਲੱਗ ਗਿਆ?

ਤੀਮੀਂ ਹਿੰਡ ਨੂੰ ਪਿੱਛਾ ਨਾ ਦੇਵੇ - 'ਨਹੀਂ ਤੂੰ ਜਮ੍ਹਾਂ ਓਹੀ ਐ। ਓਹੀ ਚੇਹਨ-ਚੱਕਰ ਐ ਤੇਰਾ। ਭੱਜੇਗਾ ਕਿਮੇਂ?'

ਸਤਜੁਗੀ ਬੰਦਾ

91