ਕੇ ਲੰਘਦਾ। ਭਾਬੀਆਂ-ਭਰਜਾਈਆਂ ਉਹਨੂੰ ਚਹੇਡਾਂ ਕਰਦੀਆਂ। ਉਹਦੀ ਬਸ ਇੱਕੋ ਚੁੱਪ, ਬਹੁਤਾ ਈ ਕੂਨਾ। ਜਾਗਰ ਨੂੰ ਥੰਮਣ 'ਤੇ 'ਤਬਾਰ ਪੂਰਾ ਸੀ। ਆਥਣੇ ਜ੍ਹੇ ਉਹਨਾਂ ਨੇ ਦਾਰੂ ਪੀਤੀ, ਰੋਟੀ ਪਾਣੀ ਖਾ ਪੀ ਕੇ ਥੰਮਣ ਨੂੰ ਕਹਿੰਦੇ, ਲੈ ਬਈ ਥੰਮਣਾ, ਅਸੀਂ ਤਾਂ ਚੱਲੇ ਆਂ ਪਾਸੇ। ਰਾਤ ਨੂੰ ਮੁੜੀਏ, ਚਾਹੇ ਨਾ ਮੁੜੀਏ। ਤੀਮੀਂ ਦੀ ਤਕੜਾਈ ਤੂੰ ਰੱਖਣੀ ਐ। ਕੋਠੜੀ 'ਚ ਇਹਦੇ ਕੋਲ ਪੈ ਜਾ। ਅਸੀਂ ਬਾਹਰੋਂ ਬੀਹੀ ਦੇ ਬਾਰ ਨੂੰ ਜਿੰਦਾ ਲਾ ਕੇ ਜਾਮਾਂਗੇ, ਭੱਜ ਤਾਂ ਕਿੱਧਰੇ ਇਹ ਸਕਦੀ ਨ੍ਹੀਂ, ਪਰ ਤੂੰ ਸਮਝ ਕਰੀਂ, ਹੁਣ ਤੀਮੀਂ ਤੈਥੋਂ ਲੈ ਲਾਂਗੇ, ਨਹੀਂ ਤਾਂ।"
ਜਿਉਣਾ ਨਾਈ ਕਹਿੰਦਾ "ਨਾਲੇ ਥੰਮਣਾ ਤੇਰਾ..."
ਲਓ ਜੀ, ਉਹ ਤਾਂ ਘਰੋਂ ਤੁਰ 'ਗੇ। ਥੰਮਣ ਕੋਠੜੀ 'ਚ ਪੈ ਗਿਆ, ਤੀਮੀਂ ਕੋਲ। ਦੋ ਮੰਜੇ ਸੀ ਕੋਠੜੀ 'ਚ। ਸਿਆਲ ਦੀ ਰੁੱਤ। ਤੜਕੇ ਦਿਨ ਚੜ੍ਹੇ ਜਾਗਰ ਹੋਰਾਂ ਨੇ ਆ ਕੇ ਜਿੰਦਾ ਖੋਲ੍ਹਿਆ ਤੇ ਦੇਖਿਆ, ਕੋਠੜੀ 'ਚ ਚੁੱਪ ਚਾਂਦ। ਥੰਮਣ ਰਜ਼ਾਈ ਦੀ ਬੁੱਕਲ ਮਾਰ ਕੇ ਕੰਧ ਦੀ ਢੂਹ ਲਾਈ ਬੈਠਾ ਤੇ ਤੀਮੀਂ ਦੀਆਂ ਦੋਹੇਂ ਬਾਹਾਂ ਆਵਦਾ ਸਾਫਾ ਲਾਹ ਕੇ ਮੰਜੇ ਨਾਲ ਨੂੜੀਆਂ ਹੋਈਆਂ। ਤੀਮੀਂ ਚੁੱਪ ਚਾਪ ਬਿਟਰ-ਬਿਟ ਝਾਕੀ ਜਾਵੇ। ਜਾਗਰ ਕਹਿੰਦਾ 'ਓਏ ਥੰਮਣਾ, ਆਹ ਕੀ?' ਉਹਨਾਂ ਨੇ ਸੋਚਿਆ, ਤੀਮੀਂ ਭੱਜ ਜਾਣ ਦੇ ਡਰੋਂ ਉਹਨੇ ਇਉਂ ਕੀਤਾ ਹੋਊਗਾ, ਪਰ ਥੰਮਣ ਬੇ-ਮਲੂਮਾ ਜ੍ਹਾ ਮੁਸਕੜੀਏਂ ਹੱਸਿਆ। ਕਹਿੰਦਾ - ਇਹ ਟਿਕ ਕੇ ਪੈਣ ਤਾਂ ਦਿੰਦੀ ਨ੍ਹੀਂ ਸੀ। ਮੁੜ-ਮੁੜ ਮੇਰੇ ਮੰਜੇ 'ਤੇ ਆਵੇ। ਫਿਰ ਹੋਰ ਕੀ ਕਰਦਾ ਮੈਂ। ਬਥੇਰੀ ਸਮਝਾਈ, ਪਰ ਕਾਹਨੂੰ। ਮਖਿਆ, ਚੰਗਾ ਫਿਰ, ਦਿੰਨਾ ਤੈਨੂੰ ਪਤਾ। ਇਉਂ ਤਾਂ ਨ੍ਹੀਂ ਔਂਦੀ ਤੂੰ ਲੋਟ।"
ਸੱਥ ਵਿੱਚ ਬੈਠੇ ਸਭ ਲੋਕ ਹੱਸਣ ਲੱਗੇ। ਕਰਮ ਸਿਓਂ ਦੱਸਣ ਲੱਗਿਆ "ਫਿਰ ਤਾਂ ਵਿਆਹ ਵੀ ਹੋ ਗਿਆ ਸੀ ਇਹਦਾ। ਚੌਂਤੀ-ਪੈਂਤੀ ਸਾਲ ਦਾ ਹੋਊ, ਜਦੋਂ ਵਿਆਹ ਹੋਇਆ। ਮੈਂ ਜੰਨ ਗਿਆ ਸੀ ਇਹਦੀ।"
"ਹਾਂ, ਹੱਲਿਆਂ ਤੋਂ ਪਿੱਛੋਂ ਵਿਆਹ ਹੋਇਐ ਇਹਦਾ। ਮਾਸੀ ਦੇ ਮੁੰਡੇ ਦੇ ਸਾਲ਼ੀਆਂ ਸੀ ਛੀ-ਸੱਤ। ਇਕ ਇਹਨੂੰ ਲਿਆ ’ਤੀ। ਨਹੀਂ ਤਾਂ ਕੀਹਨੂੰ ਧਰੇ ਪਏ ਸੀ ਬਹੇ।" ਮੈਂਗਲ ਨੇ ਖਰੀ ਸੁਣਾਈ।
"ਫਿਰ ਤਾਂ ਸਾਰੇ ਰੰਗ-ਭਾਗ ਲਾ 'ਗੇ। ਗਹਾਂ ਮੁੰਡਾ ਵੀ ਤਾਂ ਇਹਦੇ 'ਤੇ ਈ ਉੱਠਿਆ, ਪੂਰਾ ਸਾਊ। ਕਮਾਈ ਕੰਨ੍ਹੀਂ ਧਿਆਨ। ਜ਼ਮੀਨ ਬਣਾ ਗਿਆ ਕਿੰਨੀ। ਥੰਮਣ ਕੋਲ ਕੀਹ ਸੀ? ਫਿਰ ਪੋਤੇ ਹੋ 'ਗੇ।"
ਸੱਥ ਵਿੱਚ ਉਸ ਦਿਨ ਲੋਕ ਥੰਮਣ ਸਿੰਘ ਦੀ ਕਥਾ ਹੀ ਕਰੀ ਜਾ ਰਹੇ ਸਨ ਤੇ ਫਿਰ ਸਭ ਹੈਰਾਨ ਸਨ ਕਿ ਉਹ ਮਰ ਕਿਵੇਂ ਗਿਆ।
ਬੁੱਧ ਸਿਓਂ ਮੈਂਬਰ ਜਿਹੜਾ ਉੱਥੇ ਬੈਠਾ ਸਭ ਸੁਣ ਰਿਹਾ ਸੀ, ਅਖ਼ੀਰ ਉਭਾਸਰਿਆ, "ਥੋਨੂੰ ਨ੍ਹੀਂ ਪਤਾ, ਬਈ ਉਹਦੇ ਛੋਟੇ ਪੋਤੇ ਨੇ ਉਹਦੀ ਜਾਨ ਲੈ 'ਲੀ?...."
"ਉਹ ਕਿਮੇਂ ਬਈ?" ਥੰਮਣ ਦਾ ਹਾਣੀ ਮੈਂਗਲ ਸਿਓਂ ਪੱਬਾਂ ਭਾਰ ਹੋ ਕੇ ਬੈਠ ਗਿਆ।
"ਪਰਸੋਂ ਆਥਣੇ ਸਰਪੰਚ ਦੇ ਘਰ ਸੱਦਿਆ ਸੀ ਥੰਮਣ ਨੂੰ। ਅਸੀਂ ਚਾਰ-ਪੰਜ ਪੰਚ ਸੀ ਉੱਥੇ ਬਸ, ਹੋਰ ਨ੍ਹੀਂ ਸੀ ਕੋਈ। ਗੱਲ ਪਰਦੇ ਵਾਲੀ ਸੀ।" ਤੇ ਫਿਰ ਬੁੱਧ ਸਿਉਂ ਨੇ