ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ੈਸਲਾ

ਹੁਣ ਤੱਕ ਤਾਂ ਤੈਨੂੰ ਸ਼ਾਇਦ ਯਾਦ ਵੀ ਨਾ ਰਹਿ ਗਿਆ ਹੋਵੇ ਕਿ ਕਿਸੇ-ਕਿਸੇ ਦਿਨ ਆਪਾਂ ਅਚਾਨਕ ਹੀ ਘਰਾਂ ਤੋਂ ਗ਼ਾਇਬ ਹੋ ਜਾਂਦੇ ਤੇ ਰਾਜਪੁਰਾ ਕਾਲੋਨੀ ਵਿੱਚ ਮੇਰੇ ਇੱਕ ਦੋਸਤ ਦੇ ਚੁਬਾਰੇ ਉੱਤੇ ਸਾਰਾ ਦਿਨ ਗੁਜ਼ਾਰ ਆਉਂਦੇ। ਨਹੀਂ, ਉਹ ਮੇਰਾ ਦੋਸਤ ਨਹੀਂ ਸੀ। ਮੈਥੋਂ ਤਾਂ ਉਹ ਉਮਰ ਵਿੱਚ ਕਾਫ਼ੀ ਵੱਡਾ ਸੀ। ਉਹ ਸਾਡੇ ਪਿੰਡ ਦਾ ਆਦਮੀ ਸੀ। ਐੱਫ.ਸੀ.ਆਈ. ਵਿੱਚ ਕੰਮ ਕਰਦਾ। ਚੁਬਾਰਾ ਕਿਰਾਏ ਉੱਤੇ ਲੈ ਕੇ ਉੱਥੇ ਇਕੱਲਾ ਰਹਿੰਦਾ। ਸਵੇਰੇ ਸਵੇਰੇ ਹੀ ਚੁਬਾਰੇ ਵਿੱਚੋਂ ਨਿੱਕਲ ਜਾਂਦਾ ਤੇ ਰਾਤ ਨੂੰ ਕਿਸੇ ਵੇਲੇ ਉੱਥੇ ਆਉਂਦਾ। ਸਿਰਫ਼ ਸੌਣ ਲਈ ਹੀ। ਚੁਬਾਰੇ ਦੇ ਜਿੰਦੇ ਦੀ ਇੱਕ ਕੁੰਜੀ ਉਹਨੇ ਮੈਨੂੰ ਫੜਾਈ ਹੋਈ ਸੀ।

ਪੱਗ ਉਤਾਰ ਕੇ ਮੈਂ ਚੁਬਾਰੇ ਦੀ ਕਾਰਨਿਸ ਉੱਤੇ ਰੱਖ ਦਿੰਦਾ ਤੇ ਬੈੱਡ ਉੱਤੇ ਲੇਟ ਕੇ ਤੇਰੇ ਨਾਲ ਗੱਲਾਂ ਕਰਦਾ। ਦੁਨੀਆ ਭਰ ਦੀਆਂ ਗੱਲਾਂ। ਹੁਣ ਹਾਸਾ ਆਉਂਦਾ ਹੈ, ਉਹ ਕਿਹੋ ਜਿਹੀ ਦੁਨੀਆ ਸੀ। ਬਸ ਤੇਰੀ ਤੇ ਮੇਰੀ ਦੁਨੀਆ। ਬਹੁਤ ਛੋਟੇ ਆਕਾਰ ਦੀ ਦੁਨੀਆ। ਐਨੀ ਕੁ ਦੁਨੀਆ ਨੂੰ ਹੁਣ 'ਦੁਨੀਆ ਭਰ' ਕਹਿੰਦਿਆਂ ਕਿੰਨੀ ਸੰਗ ਲੱਗਦੀ ਹੈ, ਪਰ ਦੁਨੀਆ ਤਾਂ ਆਖ਼ਰ ਦੁਨੀਆ ਹੁੰਦੀ ਹੈ, ਕਿਸੇ ਦੀ ਛੋਟੀ, ਕਿਸੇ ਦੀ ਵੱਡੀ। ਉਹਨਾਂ ਦਿਨਾਂ ਵਿੱਚ ਆਪਣੇ ਲਈ ਆਪਣੀ ਉਹ ਦੁਨੀਆ ਸ਼ਾਇਦ ਬਹੁਤ ਵੱਡੀ ਸੀ। ਬਸ ਤੂੰ ਹੀ ਮੇਰੀ ਦੁਨੀਆ ਸੀ।

ਦਿਨ ਢਲੇ ਜਿਹੇ ਜਦੋਂ ਆਪਾਂ ਉਸ ਚੁਬਾਰੇ ਵਿੱਚੋਂ ਨਿੱਕਲ ਕੇ ਘਰਾਂ ਨੂੰ ਆਉਣਾ ਹੁੰਦਾ ਤਾਂ ਮੈਂ ਸਿਰ ਦੇ ਵਾਲ਼ਾਂ ਨੂੰ ਹੱਥਾਂ ਦੀਆਂ ਉਂਗਲਾਂ ਨਾਲ ਕੰਘੀ ਕਰਕੇ ਜੂੜਾ ਕਰਦਾ ਤੇ ਕਾਰਨਿਸ ਉੱਤੇ ਪਈ ਪੱਗ ਨੂੰ ਓਵੇਂ ਦੀ ਓਵੇਂ ਸਿਰ ਉੱਤੇ ਟਿਕਾਅ ਲੈਂਦਾ, ਪਰ ਪੱਗ ਤਾਂ ਢਿਲਕੀ-ਢਿਲਕੀ ਲੱਗਦੀ। ਕਿਹੜਾ ਮਾਵਾ ਦਿੱਤਾ ਹੁੰਦਾ। ਸੱਤ ਮੀਟਰੀ ਪੱਗ ਸੀ। ਉਹਨਾਂ ਦਿਨਾਂ ਵਿੱਚ ਇਸ ਪ੍ਰਕਾਰ ਦੀਆਂ ਪੱਗਾਂ ਬੰਨ੍ਹਣ ਦਾ ਨਵਾਂ ਹੀ ਰਿਵਾਜ਼ ਚੱਲਿਆ ਸੀ। ਸੱਤ ਕੀ ਕਈ ਮੁੰਡੇ ਤਾਂ ਨੌਂ ਮੀਟਰ ਦੀ ਪੱਗ ਬੰਨ੍ਹਦੇ। ਵਿਚਾਲੇ ਜੋੜ ਪਾ ਕੇ ਬਣਾਈ ਇਹ ਪਗ ਖੋਲ੍ਹ ਕੇ ਫ਼ੈਲਾਈ ਜਾਂਦੀ ਤਾਂ ਇਸ ਦਾ ਆਕਾਰ ਕਿਸੇ ਤੰਬੂ ਜਿਹਾ ਲੱਗਦਾ ਜਾਂ ਮਛੇਰਿਆਂ ਦਾ ਕੋਈ ਜਾਲ਼। ਸਿਰਾਂ ਉੱਤੇ ਛੱਜ ਜਿਹਾ ਬਣਾ ਕੇ ਬੰਨ੍ਹੀਆਂ ਇਹ ਪੱਗਾਂ ਦੇਖ ਦੇਖ ਕੇ ਪੁਰਾਣੀ ਪੀੜ੍ਹੀ ਦੇ ਲੋਕ ਹੱਸਦੇ ਤੇ ਮਖ਼ੌਲ ਕਰਦੇ-'ਆਹ ਤਾਂ ਪੂਰਾ ਥਾਨ ਈ ਵਲ੍ਹੇਟੀ ਫਿਰਦੈ ਬਈ ਸਿਰ ਨੂੰ।' ਸਿਰ ਤੋਂ ਪੱਗ ਉਤਾਰ ਕੇ ਮੈਂ ਉਹਦੀ ਦੁਬਾਰਾ ਪੂਣੀ ਕਰਵਾਉਂਦਾ। ਇੱਕ ਸਿਰਾ ਤੇਰੇ ਹੱਥ ਤੇ ਇੱਕ ਸਿਰਾ ਮੇਰੇ ਹੱਥ। ਜਿਸ ਤਰ੍ਹਾਂ ਕਿ ਮੈਂ ਤੈਨੂੰ

ਫ਼ੈਸਲਾ

95