ਸਿਖਾਇਆ ਹੋਇਆ ਸੀ, ਤੂੰ ਬੜੇ ਸਲੀਕੇ ਨਾਲ ਪੱਗ ਦੀ ਪੂਣੀ ਕਰਵਾਉਂਦੀ। ਪੂਣੀ ਜਦੋਂ ਪੂਰੀ ਵਧੀਆ ਬਣ ਜਾਂਦੀ ਤਾਂ ਤੂੰ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦੀ। ਇੰਝ ਮੁਸਕਰਾਉਂਦਿਆਂ ਤੇਰੀ ਖੱਬੀ ਗੱਲ੍ਹ ਦੇ ਉਤਲੇ ਪਾਸੇ ਡੂੰਘ ਪੈਂਦਾ। ਮੇਰੀ ਛੋਟੀ ਭੈਣ ਵੀ ਇਸ ਸਲੀਕੇ ਨਾਲ ਹੀ ਮੇਰੀ ਪੱਗ ਦੀ ਪੂਣੀ ਕਰਾਇਆ ਕਰਦੀ ਸੀ। ਦੋ ਸਾਲ ਪਹਿਲਾਂ ਉਹ ਮਰ ਗਈ ਸੀ। ਸਾਰੇ ਘਰ ਵਿੱਚ ਸਿਰਫ਼ ਉਹ ਸੀ, ਜੋ ਇਸ ਸੱਤ ਮੀਟਰ ਪੱਗ ਦੀ ਚੰਗੇ ਢੰਗ ਨਾਲ ਪੂਣੀ ਕਰਵਾ ਸਕਦੀ ਹੁੰਦੀ। ਨਹੀਂ ਤਾਂ ਨਾ ਮਾਂ, ਨਾ ਛੋਟਾ ਭਾਈ ਤੇ ਨਾ ਬਾਪੂ ਨੂੰ ਇਹ ਪੂਣੀ ਕਰਵਾਉਣੀ ਆਉਂਦੀ। ਉਸ ਚੁਬਾਰੇ ਵਿੱਚ ਮੇਰੀ ਪੱਗ ਦੀ ਪੂਣੀ ਕਰਵਾਉਂਦੀ ਤੂੰ ਮੈਨੂੰ ਮੇਰੀ ਭੈਣ ਲੱਗਦੀ। ਓਹੀ ਸਲੀਕਾ, ਓਹੀ ਮਿੰਨ੍ਹੀ-ਮਿੰਨ੍ਹੀ ਮੁਸਕਾਨ, ਗੱਲ੍ਹ ਉੱਤੇ ਪੈਂਦਾ ਡੂੰਘ ਵੀ, ਓਹੀ ਭੋਲ਼ਾ ਭਾਲ਼ਾ ਚਿਹਰਾ।
ਕਦੇ ਲੱਗਦਾ, ਤੂੰ ਮੇਰੀ ਦੋਸਤ ਹੈਂ। ਅਜਿਹਾ ਓਦੋਂ ਹੁੰਦਾ, ਜਦੋਂ ਤੂੰ ਮੇਰੇ ਨਾਲ ਬਹਿਸਾਂ ਕਰਦੀ। ਮੇਰੀ ਗੱਲ ਨੂੰ ਜਾਣ-ਬੁੱਝ ਕੇ ਕੱਟਦੀ ਤੇ ਦਲੀਲਾਂ ਦਿੰਦੀ। ਜਿਵੇਂ ਤੈਨੂੰ ਹੀ ਬਹੁਤੀ ਵਾਕਫ਼ੀਅਤ ਹੋਵੇ। ਮੇਰਾ ਇੱਕ ਦੋਸਤ ਹੁੰਦਾ ਸੀ, ਬਲਕਾਰ। ਇੰਝ ਹੀ ਉਹ ਮੇਰੇ ਉੱਤੇ ਰੋਅਬ ਪਾਉਂਦਾ ਹੁੰਦਾ। ਹਰ ਗੱਲ ਵਿੱਚ ਆਪਣੇ-ਆਪ ਨੂੰ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ। ਮੇਰੇ ਨਾਲ ਖਹਿਬੜ ਪੈਂਦਾ, ਪਰ ਉਹ ਮੇਰਾ ਯਾਰ ਪੱਕਾ ਸੀ। ਕਦੇ ਦਿਲ ਕਰਦਾ ਉਹਦਾ ਖਹਿੜਾ ਛੱਡ ਦਿਆਂ। ਪਰ ਬਹੁਤੀ ਵਾਰ ਸੋਚੀ ਦਾ, ਉਹ ਪਿਆਰ ਵੀ ਤਾਂ ਕਿੰਨਾ ਕਰਦਾ ਹੈ। ਉਹਦੇ ਬਗ਼ੈਰ ਤਾਂ ਮੈਂ ਰਹਿ ਨਹੀਂ ਸਕਾਂਗਾ। ਉਹ ਕਨੇਡਾ ਚਲਿਆ ਗਿਆ। ਉੱਥੇ ਉਹਦੀ ਮਾਸੀ ਦਾ ਮੁੰਡਾ ਸੀ, ਓਹੀ ਉਹਨੂੰ ਲੈ ਗਿਆ ਸੀ। ਕੋਲ ਨਹੀਂ ਤਾਂ ਕਿੰਨਾ ਯਾਦ ਆਉਂਦਾ। ਮੇਰੇ ਨਾਲ ਕਿਸੇ ਬਹਿਸ ਵਿੱਚ ਪਈ ਹੋਈ ਤੂੰ ਮੈਨੂੰ ਬਲਕਾਰ ਲੱਗਦੀ।
ਪ੍ਰੇਮਿਕਾ ਤਾਂ ਤੂੰ ਮੈਨੂੰ ਓਦੋਂ ਹੀ ਲੱਗਦੀ, ਜਦੋਂ ਕਦੇ ਆਪਣੇ ਵੱਸ ਵਿੱਚ ਨਾ ਰਹਿ ਕੇ ਮੈਂ ਤੈਨੂੰ ਬੇਤਹਾਸ਼ਾ ਚੁੰਮ ਸੁੱਟਦਾ ਸਾਂ। ਜਿਵੇਂ ਕੋਈ ਬਿੱਲਾ ਮੁਰਗੀ ਉੱਤੇ ਝਪਟ ਪੈਂਦਾ ਹੋਵੇ, ਪਰ ਇਹ ਛਿਣ ਆਉਂਦੇ ਤੇ ਗੁਜ਼ਰ ਜਾਂਦੇ। ਤੂੰ ਹਮੇਸ਼ਾ ਹੀ ਮੈਨੂੰ ਇੰਝ ਕਰਨ ਤੋਂ ਰੋਕਦੀ। ਆਪਣੇ ਦੋਵੇਂ ਹੱਥਾਂ ਨਾਲ ਆਪਣਾ ਚਿਹਰਾ ਢਕ ਲੈਂਦੀ, ਪਰ ਮੈਂ ਸਾਂ ਜਿਵੇਂ ਤੇਰੇ ਹੱਥ ਤਰੁੰਡ-ਮਰੁੰਡ ਸਕਦਾ ਹੋਵਾਂ। ਛਿਣਾਂ ਦਾ ਕੋਈ ਪਰਛਾਵਾਂ ਨਹੀਂ ਹੁੰਦਾ। ਬਾਅਦ ਵਿੱਚ ਸਾਨੂੰ ਇਹ ਛਿਣ ਯਾਦ ਤੱਕ ਨਹੀਂ ਰਹਿ ਜਾਂਦੇ।
ਮਾਂ ਬੀਮਾਰ ਰਹਿੰਦੀ। ਮੈਨੂੰ ਤਾਂ ਓਦੋਂ ਹੀ ਡਰ ਸੀ ਕਿ ਉਹ ਇਸ ਸੰਸਾਰ ਵਿੱਚ ਥੋੜ੍ਹਾ ਚਿਰ ਹੀ ਹੋਰ ਰਹਿ ਸਕੇਗੀ। ਮਾਂ ਆਖ਼ਰ ਮਾਂ ਹੁੰਦੀ ਹੈ। ਮਾਂ ਜਿਹਾ ਨਿੱਘ ਹੋਰ ਕਿੱਧਰੋਂ ਨਹੀਂ ਮਿਲਦਾ। ਕਦੇ ਮੈਂ ਸਿਰ ਦੁਖਣ ਦੀ ਸ਼ਿਕਾਇਤ ਕਰਦਾ ਤਾਂ ਤੂੰ ਉਸ ਚੁਬਾਰੇ ਵਿੱਚ ਮੇਰਾ ਸਿਰ ਘੁੱਟਦੀ। ਇੰਝ ਜਿਵੇਂ ਕੋਈ ਤਕੜੇ ਮਜ਼ਬੂਤ ਹੱਥਾਂ ਨਾਲ ਪਿੰਨੀਆਂ ਵੱਟ ਰਿਹਾ ਹੋਵੇ। ਬਸ ਇੰਝ ਹੀ ਮੇਰੀ ਮਾਂ ਮੇਰਾ ਸਿਰ ਘੁੱਟਿਆ ਕਰਦੀ ਸੀ।
ਦੁਨੀਆ ਦੇ ਸਾਰੇ ਰਿਸ਼ਤੇ ਤੇਰੇ ਵਿੱਚ ਕਿੱਥੇ ਆ ਕੇ ਇਕੱਠੇ ਹੋ ਗਏ ਸਨ? ਤੂੰ ਪਿਆਰ ਦਾ ਇੱਕ ਮੁਜੱਸਮਾ ਹੀ ਤਾਂ ਸੀ। ਤੂੰ ਮੇਰੀ ਮਾਂ ਸੀ, ਭੈਣ ਵੀ, ਦੋਸਤ ਵੀ ਤੇ ਪੇਮਿਕਾ ਤਾਂ ਸੀ ਹੀ। ਬਸ ਇੱਕ ਰਿਸ਼ਤਾ ਬਾਕੀ ਸੀ। ਇਸ ਬਾਕੀ ਰਹਿੰਦੇ ਰਿਸ਼ਤੇ ਨਾਲ ਤੂੰ ਇੱਕ ਮੁਕੰਮਲ ਔਰਤ ਬਣ ਜਾਣਾ ਸੀ। ਪਰ ਇਸ ਰਿਸ਼ਤੇ ਦੀ ਮੈਨੂੰ ਪਹਿਚਾਣ ਨਹੀਂ
96
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ