ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਤੈਨੂੰ ਵੀ ਕੀ ਪਹਿਚਾਣ ਹੋਵੇਗੀ। ਇਹ ਵੀ ਹੋ ਸਕਦਾ ਸੀ, ਤੇਰੇ ਸਾਹਮਣੇ ਇਹੋ ਇੱਕ ਪਹਿਚਾਣ ਹੋਵੇ। ਇਹੋ ਇਕ ਤਲਾਸ਼ ਹੋਵੇ ਕਿ ਤੂੰ ਚੰਗੀ ਪਤਨੀ ਬਣ ਸਕੇਂ। ਚੰਗੀ ਪਤਨੀ ਦਾ ਮਤਲਬ ਉਹਦਾ ਪਤੀ ਵੀ ਤਾਂ ਚੰਗਾ ਹੀ ਕੋਈ ਹੋਣਾ ਚਾਹੀਦਾ ਸੀ। ਲੜਕੀ ਆਪਣੇ ਵਿੱਚ ਚੰਗੀ ਪਤਨੀ ਦੇ ਗੁਣਾਂ ਦਾ ਸੰਚਾਰ ਕਰਦੀ ਹੈ। ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਉਸ ਨੂੰ ਇੱਕ ਚੰਗੇ ਪਤੀ ਦੀ ਤਲਾਸ਼ ਹੁੰਦੀ ਹੈ।

ਇਕੱਲਾ ਹੁੰਦਾ ਤਾਂ ਸੋਚਦਾ, ਤੇਰੇ ਵਿੱਚ ਮਾਂ ਹੈ 'ਗੀ, ਭੈਣ ਹੈ 'ਗੀ, ਦੋਸਤ ਹੈ 'ਗੀ ਤੇ ਪ੍ਰੇਮਿਕਾ ਹੈ 'ਗੀ ਤਾਂ ਤੇਰੇ ਅੰਦਰ ਛੁਪੀ ਬੈਠੀ ਪਤਨੀ ਕਿੰਨੀ ਵਧੀਆ ਹੋਵੇਗੀ। ਮਾਂ ਭੈਣ, ਦੋਸਤ ਤੇ ਪ੍ਰੇਮਿਕਾ ਦੀ ਜਗ੍ਹਾ ਹੀ ਤਾਂ ਪਤਨੀ ਬਣਦੀ ਹੈ। ਪਤਨੀ ਕਿੰਨੀ ਵਧੀਆ ਹੋਵੇਗੀ। ਪਤਨੀ ਵਿੱਚੋਂ ਇਹ ਚਾਰੇ ਸ਼ਬਦ ਮਨਫ਼ੀ ਕਰ ਦਿਓ ਤਾਂ ਬਾਕੀ ਇੱਕ ਖ਼ਿਲਾਅ ਰਹਿ ਜਾਂਦਾ ਹੈ। ਖ਼ਿਲਾਅ ਵਿੱਚ ਲਟਕਦੇ ਦੋ ਪ੍ਰਾਣੀ-ਇੱਕ ਆਦਮੀ, ਇੱਕ ਔਰਤ ਤੇ ਫਿਰ ਦੋਵਾਂ ਦੀ ਜ਼ਰਬ ਸਿਰਫ਼ ਬੱਚੇ।

ਆਪਣਾ ਬੀ.ਏ. ਦਾ ਆਖ਼ਰੀ ਸਾਲ ਸੀ। ਇਮਤਿਹਾਨ ਨੇੜੇ ਆਏ ਤਾਂ ਆਪਾਂ ਉਸ ਰਾਜਪੁਰਾ ਕਾਲੋਨੀ ਵਾਲੇ ਚੁਬਾਰੇ ਵਿੱਚ ਜਾਣਾ ਬੰਦ ਕਰ ਦਿੱਤਾ। ਇਮਤਿਹਾਨਾਂ ਵਿੱਚ ਚੁਬਾਰੇ ਵਿੱਚੋਂ ਨਿੱਕਲ ਕੇ ਗੱਲਾਂ ਕਰਦੇ ਹੌਲ਼ੀ-ਹੌਲ਼ੀ ਤੁਰੇ ਆ ਰਹੇ ਸਾਂ, ਸੜਕ ਕਿਨਾਰੇ ਮੁੱਦਤਾਂ ਪੁਰਾਣੇ ਟੋਭੇ ਨੂੰ ਦੇਖ ਕੇ ਤੂੰ ਆਖਿਆ ਸੀ- ‘ਜੀ ਕਰਦੈ, ਇਨ੍ਹਾਂ ਪਾਣੀਆਂ ਵਿੱਚ ਸਮਾ ਜਾਈਏ। ਚੱਲ, ਇਸ ਟੋਭੇ ਵਿੱਚ ਛਾਲ ਮਾਰੀਏ। ਪਾਣੀ ਆਪਾਂ ਨੂੰ ਇੱਕ ਕਰ ਦੇਵੇਗਾ।'

"ਇੱਕ ਕਰਨ ਤੋਂ ਮਤਲਬ?" ਮੈਂ ਪੁੱਛਿਆ ਸੀ।

"ਇਕੱਠੇ ਮਰ ਜਾਵਾਂਗੇ।" ਤੂੰ ਹੱਸੀ ਸੀ।

ਮੌਤ ਦੇ ਨਾਉਂ ਉੱਤੇ ਵੀ ਕੋਈ ਹੱਸ ਸਕਦਾ ਹੈ, ਮੈਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਉਸ ਦਿਨ ਤੇ ਇਹ ਇੱਕ ਫਖ਼ਰ ਜਿਹਾ ਵੀ ਕਿ ਤੂੰ ਮੇਰੇ ਸਾਥ ਵਿੱਚ ਮਰ ਜਾਣ ਤੱਕ ਵੀ ਸੋਚ ਸਕਦੀ ਹੈਂ।

"ਤੈਨੂੰ ਪਤੈ, ਏਸ ਟੋਭੇ ਦਾ ਨਾਉਂ ਕੀਹ ਐ?" ਮੈਂ ਗੱਲ ਬਦਲੀ।

"ਕੀ ਨਾਉਂ ਐ?"

"ਇਹਨੂੰ ਕੌਲਾਂ ਵਾਲਾ ਟੋਭਾ ਕਹਿੰਦੇ ਐ।"

"ਕੌਲਾਂ ਕਿਸੇ ਕੁੜੀ ਦਾ ਨਾਉਂ ਹੋਵੇਗਾ।"

"ਨਹੀਂ, ਕਿਸੇ ਰਾਣੀ ਦਾ ਨਾਉਂ ਹੋਵੇਗਾ।" ਮੈਂ ਸਿਆਪਣ ਜਿਹੀ ਵਰਤੀ।

"ਕੁਛ ਵੀ ਹੋਵੇ, ਕੋਈ ਤਾਂ ਸੀ, ਜਿਸ ਦੇ ਨਾਉਂ ਉੱਤੇ ਇਸ ਟੋਭੇ ਦੀ ਯਾਦਗਾਰ ਕਾਇਮ ਹੈ। ਤੂੰ ਵੀ ਬਣਾਏਂਗਾ, ਮੇਰੀ ਕੋਈ ਯਾਦਗਾਰ।"

"ਆਪਾਂ, ਜੋ ਇੱਕ ਦੂਜੇ ਨੂੰ ਐਨਾ ਪਿਆਰ ਕਰਦੇ ਆਂ, ਇਹ ਇੱਕ ਯਾਦਗਾਰ ਹੀ ਤਾਂ ਬਣੇਗੀ ਕਿਸੇ ਦਿਨ। ਇਹ ਯਾਦਗਾਰ ਦੀ ਸ਼ੁਰੂਆਤ ਹੀ ਤਾਂ ਹੈ।" ਤੇ ਫਿਰ ਮੈਂ ਭਾਵੁਕਤਾ ਦੇ ਸੰਸਾਰ ਵਿੱਚੋਂ ਬਾਹਰ ਨਿੱਕਲ ਕੇ ਤੈਨੂੰ ਦੱਸਿਆ ਸੀ- "ਕੌਲਾਂ ਕਿਸੇ ਕੁੜੀ ਜਾਂ ਰਾਣੀ ਦਾ ਨਾਉਂ ਨਹੀਂ ਸੀ, ਕੌਲ ਕੰਵਲ ਫੁੱਲ ਨੂੰ ਆਖਦੇ ਐ। ਇਸ ਤਾਲਾਬ ਵਿੱਚ ਕੰਵਲ ਫੁੱਲ ਖਿੜਦੇ ਹੋਣਗੇ। ਹੁਣ ਕੰਵਲ ਨਹੀਂ ਖਿੜਦੇ, ਇਹ ਤਲਾਬ ਵੀ ਨਹੀਂ ਰਿਹਾ,

ਫ਼ੈਸਲਾ

97