ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਨੇ ਦਿਨਾਂ ਤੋਂ ਮੇਰੇ ਅੰਦਰ ਗੱਲਾਂ ਦਾ ਇੱਕ ਢੇਰ ਹੀ ਤਾਂ ਇਕੱਠਾ ਹੋ ਚੁੱਕਿਆ ਸੀ। ਮੈਂ ਹੌਲ਼ਾ ਹੋਣਾ ਚਾਹੁੰਦਾ ਸੀ। ਤੂੰ ਵੀ ਸ਼ਾਇਦ ਮੇਰੇ ਵਾਂਗ ਹੀ ਸੋਚਦੀ ਹੋਵੇਂਗੀ ਤੇ ਪਟਿਆਲੇ ਆਉਣ ਲਈ ਕਾਹਲੀ ਵੀ।

ਪਰ ਨਤੀਜਾ ਨਿਕਲਣ ਤੋਂ ਵੀਹ ਦਿਨਾਂ ਬਾਅਦ ਤੂੰ ਪਟਿਆਲੇ ਆਈ। ਬੀ.ਐੱਡ. ਦਾ ਦਾਖਲਾ ਹੋ ਰਿਹਾ ਸੀ। ਮੈਂ ਤੇਰੇ ਨਾਲ ਪਹਿਲਾਂ ਦਾਖ਼ਲੇ ਦੀ ਹੀ ਗੱਲ ਕੀਤੀ। ਪਰ ਤੂੰ ਤਾਂ ਕੋਈ ਦਿਲਚਸਪੀ ਹੀ ਨਾ ਦਿਖਾਈ। ਅਖੇ-ਬੀ.ਐਡ. ਵਿੱਚ ਕੀ ਪਿਆ ਹੈ। ਮੈਂ ਤੇਰੀ ਗੱਲ ਉੱਤੇ ਪਹਿਲਾਂ ਤਾਂ ਹੱਸਿਆ, ਫਿਰ ਹੈਰਾਨ ਹੋਇਆ। ਉਸ ਦਿਨ ਤੂੰ ਮੇਰੇ ਨਾਲ ਹੋਰ ਗੱਲ ਵੀ ਕੋਈ ਨਾ ਕੀਤੀ। ਮੈਂ ਹੀ ਤੁਹਾਡੇ ਘਰ ਤੇਰੇ ਕੋਲ ਗਿਆ ਸੀ। ਤੇਰੇ ਵੱਲੋਂ ਕੋਈ ਸੰਕੇਤ ਨਹੀਂ ਸੀ ਕਿ ਆਪਾਂ ਅਲੱਗ ਕਿਤੇ ਬੈਠ ਕੇ ਆਪਣੀਆਂ ਗੱਲਾਂ ਕਰੀਏ। ਮੈਂ ਤੇਰੇ ਮੂੰਹ ਵੱਲ ਦੇਖਦਾ ਤੇ ਦੇਖਦਾ ਹੀ ਰਿਹਾ। ਤੂੰ ਇੱਕ ਬਿੰਦ ਮੇਰੇ ਵੱਲ ਝਾਕਦੀ ਤੇ ਫਿਰ ਨੀਵੀਂ ਪਾ ਲੈਂਦੀ ਜਾਂ ਏਧਰ-ਓਧਰ ਝਾਕਣ ਲੱਗਦੀ। ਆਪਣੀ ਮਾਂ ਨਾਲ ਫ਼ਜ਼ੂਲ ਜਿਹੀ ਕੋਈ ਗੱਲ ਕਰਨ ਲੱਗਦੀ।

ਪਟਿਆਲੇ ਤੂੰ ਇੱਕ ਰਾਤ ਹੀ ਠਹਿਰੀ, ਫਿਰ ਚੰਡੀਗੜ੍ਹ ਚਲੀ ਗਈ। ਇਸ ਵਾਰ ਜਾਂਦੀ ਹੋਈ ਦੱਸ ਕੇ ਵੀ ਨਾ ਗਈ। ਬਾਅਦ ਵਿੱਚ ਮੈਂ ਤੇਰੀ ਮਾਂ ਤੋਂ ਪੁੱਛਿਆ। ਉਹਨੇ ਵੀ ਤੇਰੇ ਜਾਣ ਦਾ ਕੋਈ ਖ਼ਾਸ ਕਾਰਨ ਨਾ ਦੱਸਿਆ। ਮੈਂ ਤੇਰੇ ਇਸ ਤਰ੍ਹਾਂ ਦੇ ਸਲੂਕ ਉੱਤੇ ਪਰੇਸ਼ਾਨ ਸਾਂ। ਆਖ਼ਰ ਤੂੰ ਇਸ ਪ੍ਰਕਾਰ ਵੱਖਰਾਪਣ ਜਿਹਾ ਕਿਉਂ ਅਖ਼ਤਿਆਰ ਕਰ ਲਿਆ। ਕਿੱਧਰ ਚਲੀਆਂ ਗਈਆਂ ਸਨ ਤੇਰੀਆਂ ਉਹ ਸ਼ਹਿਦ ਵਲ੍ਹੇਟੀਆਂ ਜ਼ਾਇਕੇਦਾਰ ਗੱਲਾਂ? ਗੱਲਾਂ ਨਹੀਂ, ਹਵਾ ਵਿੱਚ ਤੈਰਦੇ ਕੂਲ਼ੇ-ਕੂਲ਼ੇ ਖ਼ਿਆਲ।

ਆਖ਼ਰ ਮੈਂ ਬੀ.ਐੱਡ ਵਿੱਚ ਦਾਖ਼ਲਾ ਲੈ ਲਿਆ ਤੇ ਬੇਦਿਲੀ ਨਾਲ ਕਾਲਜ ਜਾਣਾ ਸ਼ੁਰੂ ਕੀਤਾ। ਮੈਨੂੰ ਤੇਰੀ ਫਿਰ ਵੀ ਉਡੀਕ ਰਹਿੰਦੀ। ਤੂੰ ਬੀ.ਐੱਡ. ਨਹੀਂ ਕਰਨੀ ਸੀ, ਨਾ ਸਹੀ, ਪਰ ਆਪਣਾ ਦਿਲ ਤਾਂ ਖੋਲ੍ਹਦੀ। ਆਖ਼ਰ ਤੈਨੂੰ ਹੋ ਕੀ ਗਿਆ। ਤੂੰ ਇਸ ਤਰ੍ਹਾਂ ਪਾਸਾ ਕਿਉਂ ਵੱਟ ਲਿਆ? ਚੁੱਪ ਕਿਉਂ ਧਾਰ ਲਈ?

ਇੱਕ ਦਿਨ ਅਚਾਨਕ ਖ਼ਬਰ ਮਿਲੀ। ਮੈਨੂੰ ਇਹ ਖ਼ਬਰ ਅਫ਼ਵਾਹ ਵੀ ਲੱਗੀ। ਇੰਝ ਕਿਵੇਂ ਹੋ ਸਕਦਾ ਸੀ। ਇੰਝ ਕਰਨਾ ਤਾਂ ਤੇਰੇ ਲਈ ਕਿਵੇਂ ਵੀ ਉਚਿਤ ਨਹੀਂ ਸੀ। ਚੰਡੀਗੜ੍ਹ ਤੇਰੇ ਮਾਮੇ ਨੇ ਇਕ ਮੁੰਡਾ ਲੱਭਿਆ ਸੀ, ਮੁੰਡਾ ਮਿਲਟਰੀ ਵਿੱਚ ਕੈਪਟਨ। ਚੰਗੇ ਖਾਂਦੇ ਪੀਂਦੇ ਘਰ ਦਾ ਮੁੰਡਾ। ਉਸ ਨੂੰ ਐਨੀ ਵੀ ਲੋੜ ਨਹੀਂ ਸੀ ਕਿ ਉਹ ਤੈਥੋਂ ਵੀ ਕੋਈ ਨੌਕਰੀ ਕਰਵਾਏ। ਉਸ ਨੂੰ ਤਾਂ ਇੱਕ ਸੁੰਦਰ ਲੜਕੀ ਦੀ ਤਲਾਸ਼ ਸੀ। ਤੇਰੇ ਉੱਤੇ ਰੂਪ ਦੀ ਕਿਹੜੀ ਕਮੀ ਸੀ। ਕੱਦੂ ਦੀ ਗੁੱਦ ਜਿਹਾ ਕੂਲ਼ਾ ਤੇਰਾ ਸਰੀਰ। ਅੰਬਰੀ ਸੇਬ ਜਿਹਾ ਤੇਰਾ ਰੰਗ। ਸੁਣਿਆ ਸੀ, ਵਿਆਹ ਦੀ ਰਸਮ ਬਹੁਤ ਹੀ ਸਾਦੇ ਢੰਗ ਨਾਲ ਕੀਤੀ ਗਈ ਹੈ।

ਪਟਿਆਲੇ ਤੋਂ ਤੇਰੇ ਪਿਤਾ ਜੀ ਤੇ ਮਾਂ ਹੀ ਓਥੇ ਗਏ ਸਨ। ਮਾਮੇ ਦੇ ਘਰ ਸਭ ਹੋ ਗਿਆ ਸੀ। ਤੇਰੇ ਮਾਮਾ ਜੀ ਵੀ ਤਾਂ ਚੰਡੀਗੜ੍ਹ ਵਿੱਚ ਚੰਗੀ ਨੌਕਰੀ ਉੱਤੇ ਸਨ। ਕੁਝ ਖਰਚ ਉਹਨਾਂ ਨੇ ਕਰ ਦਿੱਤਾ ਹੋਵੇਗਾ ਤਾਂ ਵੀ ਕੀ। ਪਟਿਆਲੇ ਵਿੱਚ ਤੇਰੇ ਪਿਤਾ ਜੀ ਕੋਲ ਧਨ ਦਾ ਕਿਹੜਾ ਘਾਟਾ ਸੀ। ਨਕਦ ਹੀ ਫੜਾ ਦਿੱਤਾ ਹੋਵੇਗਾ। ਡੀ.ਸੀ. ਦੇ

ਫ਼ੈਸਲਾ

99