ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੱਲ ਕੇ ਆਇਆ ਤੇ ਉਹਦੇ ਚਿਹਰੇ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਲੱਗਿਆ। 'ਆਓ ਭਾਈ ਸਾਅਬ' ਕਹਿ ਕੇ ਉਹਨੂੰ ਬੈਠਕ ਵਿੱਚ ਲੈ ਗਿਆ। ਬਿਜਲੀ ਦਾ ਚਾਨਣ ਕੀਤਾ ਤਾਂ ਉਹਦਾ ਹਾਲ-ਚਾਲ ਪੁੱਛਣ ਲੱਗਿਆ। ਇਹ ਮੁੰਡਾ ਉਹਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ-'ਕਿੱਥੇ ਘਰ ਨੇ ਚੋਬਰ ਦੇ?' ਗਿੰਦਰ ਨੇ ਅਖ਼ੀਰ ਪੱਛ ਹੀ ਲਿਆ।

'ਘਰ ਤਾਂ ਮੇਰੇ ਧਰਮਗੜ੍ਹ ਨੇ। ਮੈਂ ਹੌਲਦਾਰ ਨਿੱਕਾ ਸੂੰ ਦਾ ਮੁੰਡਾ ਆਂ।' ਸੁਰਜੀਤ ਨੇ ਦੱਸਿਆ ਤੇ ਫੇਰ ਸ਼ਰਮਾਉਣ ਜਿਹਾ ਲੱਗਿਆ।

ਗਿੰਦਰ ਹੈਰਾਨ ਸੀ ਕਿ ਉਹ ਕੰਵਾਰੇ-ਨਾਤੇ ਹੀ ਉੱਥੇ ਕਿਉਂ ਆ ਗਿਆ ਹੈ?

ਗਿੰਦਰ ਹੋਰੀਂ ਦੋ ਭਰਾ ਸਨ। ਦੂਜਾ ਭਰਾ ਸੁਖਦੇਵ ਉਹਤੋਂ ਦਸ ਸਾਲ ਛੋਟਾ ਸੀ। ਸੁਖਦੇਵ ਤੋਂ ਅਗਾਂਹ ਦਸ ਸਾਲ ਛੋਟੀ ਉਨ੍ਹਾਂ ਦੀ ਭੈਣ ਸੀ। ਭੈਣ ਹਮੀਰੋ ਇਸ ਮੁੰਡੇ ਸੁਰਜੀਤ ਨੂੰ ਮੰਗੀ ਹੋਈ ਸੀ। ਉਹ ਵੀਹ-ਸਾਲ ਦੀ ਸੀ। ਦਸਵੀਂ ਜਮਾਤ ਪਾਸ ਕਰ ਲਈ ਸੀ। ਹੁਣ ਉਹ ਦਰੀਆਂ-ਖੇਸ ਬੁਣਦੀ ਤੇ ਚਾਦਰਾਂ-ਸਰ੍ਹਾਣੇ ਕੱਢਦੀ। ਉਹ ਦਸ ਸਾਲ ਦੀ ਸੀ ਜਦੋਂ ਉਨ੍ਹਾਂ ਦਾ ਪਿਓ ਧਰਮਗੜ ਜਾ ਕੇ ਉਹਨੂੰ ਮੰਗ ਆਇਆ। ਮੁੰਡਾ ਇਕੱਲਾ ਤੇ ਜ਼ਮੀਨ ਤੱਕੜੀ ਸੀ। ਸੱਤਵੀਂ ਅੱਠਵੀਂ ਵਿੱਚ ਪੜ੍ਹਦਾ ਸੀ ਅਜੇ। ਹੁਣ ਉਹ ਬੀ. ਏ. ਕਰ ਚੁੱਕਿਆ ਸੀ। ਨੌਕਰੀ ਨਾਲੋਂ ਘਰ ਦਾ ਕੰਮ ਚੰਗਾ ਸਮਝਿਆ। ਗਿੰਦਰ ਹੋਰਾਂ ਦਾ ਪਿਓ ਦੋ-ਤਿੰਨ ਸਾਲ ਪਹਿਲਾਂ ਗੁਜ਼ਰ ਗਿਆ ਸੀ। ਉਨ੍ਹਾਂ ਦੀ ਮਾਂ ਝੁਰਦੀ ਸੀ ਕਿ ਪਿਓ ਦੇ ਜਿਉਂਦੇ-ਜਿਉਂਦੇ ਜੇ ਹਮੀਰੋ ਦੇ ਹੱਥ ਪੀਲੇ ਹੋ ਜਾਂਦੇ ਤਾਂ ਚੰਗਾ ਸੀ। ਗਿੰਦਰ ਨੂੰ ਉਹ ਕਿੰਨੀ ਵਾਰੀ ਕਹਿ ਚੁੱਕੀ ਸੀ ਕਿ ਕੁੜੀ ਜਵਾਨ-ਜਹਾਨ ਹੈ, ਵਿਆਹ ਕਰੋ ਤੇ ਉਹ ਆਪਣੇ ਘਰ ਜਾਵੇ। ਪਰ ਗਿੰਦਰ ਉੱਤਾ ਨਹੀਂ ਵਾਚਦਾ ਸੀ। ਦੋਵੇਂ ਭਰਾ ਖੇਤੀ ਦਾ ਕੰਮ ਜ਼ੋਰ-ਸ਼ੋਰ ਨਾਲ ਕਰਦੇ। ਇੱਕ ਸੀਰੀ ਰੱਖਦੇ। ਕਮਾਈ ਵੱਲ ਬਹੁਤਾ ਧਿਆਨ ਸੀ। ਕੁੜੀ ਦੇ ਵਿਆਹ ਦਾ ਤਾਂ ਕੋਈ ਨਾਉਂ ਹੀ ਨਹੀਂ ਲੈਂਦਾ ਸੀ। ਹਰ ਸਾਲ ਉਹ ਕਿੱਲਾ-ਦੋ ਕਿੱਲੇ ਜ਼ਮੀਨ ਗਹਿਣੇ ਲੈ ਲੈਂਦੇ। ਗਿੰਦਰ ਨੂੰ ਆਪਣੀ ਜਾਇਦਾਦ ਬਣਾਉਣ ਤੇ ਵਧਾਉਣ ਦਾ ਨਸ਼ਾ ਬਹੁਤਾ ਰਹਿੰਦਾ।

'ਤੂੰ ਬਾਈ ਕਿਵੇਂ ਫੇਰ ਐਸ ਵੇਲੇ?' ਗਿੰਦਰ ਨੇ ਸਿੱਧਾ ਹੀ ਸਵਾਲ ਕਰ ਦਿੱਤਾ।

'ਮੈਨੂੰ ਤਾਂ ਬਾਈ ਜੀ ਭੀੜ ਪੈ 'ਗੀ। ਮੈਂ ਤਾਂ ਟਰੈਕਟਰ ਲੈਣ ਆਇਆ ਸੀ ਸ਼ਹਿਰ। ਅਹਿ ਸੱਠ ਹਜ਼ਾਰ ਦੀ ਰਕਮ ਕੋਲੇ ਸੀ। ਟਰੈਕਟਰ ਮਿਲਿਆ ਨ੍ਹੀਂ। ਸਾਰੇ ਦਿਨ ਦੀ ਭਕਾਈ ਐਵੇਂ ਗਈ। ਬੱਸ 'ਚ ਬਦਮਾਸ਼ ਮੇਰੇ ਮਗਰ ਲੱਗ ਲੇ। ਜਾਣਾ ਤਾਂ ਮੈਂ ਖਾਨਪੁਰ ਸੀ ਅਗਾਂਹ ਮਾਸੀ ਦੇ ਪਿੰਡ ਪਰ ਐਥੇ ਆ ਗਿਆ। ਖਾਨਪੁਰ ਦੇ ਅੱਡੇ 'ਤੇ ਉੱਤਰਦਾ ਤਾਂ ਮੇਰੀ ਖ਼ੈਰ ਨ੍ਹੀ ਸੀ।' ਸੁਰਜੀਤ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ।

ਸੱਠ ਹਜ਼ਾਰ ਦਾ ਨਾਉਂ ਸੁਣ ਕੇ ਗਿੰਦਰ ਦੀਆਂ ਅੱਖਾਂ ਟੱਡੀਆਂ ਗਈਆਂ। ਉਹਨੇ ਸੁਰਜੀਤ ਨੂੰ ਧੀਰਜ਼ ਦਿੱਤਾ ਤੇ ਬੈਠਕ ਦੀ ਬੱਤੀ ਬੁਝਾ ਦਿੱਤੀ। ਕਿਹਾ-'ਤੂੰ ਭਾਈ ਐਥੇ ਈ ਬੈਠਾ ਰਹਿ ਚੁੱਪ ਕਰਕੇ। ਮੈਂ ਰੋਟੀ ਲੈ ਕੇ ਔਨਾਂ। ਕਿਸੇ ਕੋਲ ਗੱਲ ਨਾ ਕਰੀਂ। ਕੱਚਾ ਰਿਸ਼ਤਾ ਐ। ਸਾਡੀ ਬਦਨਾਮੀ ਹੋਊ। ਰੋਟੀ ਖਾ ਕੇ ਐਥੇ ਈ ਪੈ ਜੀਂ। ਤੜਕੇ ਸੰਦੇਹਾਂ ਉੱਠ ਕੇ ਵਗ ਜੀਂ।'

ਸੁਰਜੀਤ ਦਾ ਸਾਹ ਟਿਕਾਣੇ ਸਿਰ ਆ ਗਿਆ।

100

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ