ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/101

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗਿੰਦਰ ਨੇ ਪਹਿਲਾਂ ਤਾਂ ਚਾਹ ਲਿਆਂਦੀ। ਤੱਤੇ ਪਾਣੀ ਦਾ ਡੋਲੂ ਲਿਆ ਕੇ ਉਹਦਾ ਹੱਥ-ਮੂੰਹ ਧੁਆਇਆ। ਤੇ ਫੇਰ ਰੋਟੀ ਲੈ ਆਇਆ। ਬੈਠਕ ਦੀ ਬਿਜਲੀ ਬੱਤੀ ਨਹੀਂ ਜਗਾਈ। ਇੱਕ ਨਿੱਕੀ ਜਿਹੀ ਮੋਮਬੱਤੀ ਹੀ ਬਾਲ ਛੱਡੀ।

ਰੋਟੀ ਖਾ ਕੇ ਸੁਰਜੀਤ ਪ੍ਰਸੰਨ-ਚਿੱਤ ਹੋ ਗਿਆ। ਫੱਗਣ-ਚੇਤ ਦੀ ਰੁੱਤ ਸੀ। ਠੰਢ ਘਟ ਚੱਲੀ ਸੀ। ਬੈਠਕ ਵਿੱਚ ਪਿਆ ਇੱਕ ਬਿਸਤਰਾ ਗਿੰਦਰ ਨੇ ਖੋਲ੍ਹਿਆਂ ਤੇ ਮੰਜੇ ਉੱਤੇ ਵਿਛਾ ਦਿੱਤਾ। ਰਜ਼ਾਈ ਪਰ੍ਹਾਂ ਕੁਰਸੀ ਉਤੇ ਰੱਖ ਕੇ ਇੱਕ ਘਸਮੈਲਾ ਜਿਹਾ ਕੰਬਲ ਉਹਨੂੰ ਦੇ ਦਿੱਤਾ। 'ਲੈ ਭਾਈ, ਠੰਢ ਲੱਗੀ ਤਾਂ ਇਹ ਰਜ਼ਾਈ ਕੁਰਸੀ 'ਤੇ ਪਈ ਐ। ਬੈਠਕ ਦਾ ਬਾਰ ਭੇੜ ਲੀਂ। ਅੰਦਰੋਂ ਕੁੰਡਾ ਨਾ ਲਾਈਂ। ਮੈਂ ਖੇਤ ਨੂੰ ਚੱਲਿਆਂ। ਪਾਣੀ ਥਿਉਣੈ ਮੋਘੇ ਦਾ। ਅੱਧੀ ਰਾਤ ਤੋਂ ਪਿੱਛੋਂ ਮੈਂ ਆਊਂ। ਤੂੰ ਬੇਫ਼ਿਕਰ ਹੋ ਕੇ ਸੌਂ ਜਾ। ਪਰ ਕੋਈ ਆਵੇ ਤਾਂ ਗੱਲ ਨਾ ਕਰੀਂ ਕੋਈ ਉਹਦੇ ਨਾਲ।' ਗਿੰਦਰ ਚਲਿਆ ਗਿਆ।

ਉਹ ਖੇਤ ਗਿਆ। ਉਹਦੇ ਦਿਮਾਗ਼ ਵਿੱਚ ਸੱਠ ਹਜ਼ਾਰ ਰੁਪਿਆ ਘੁੰਮ ਰਿਹਾ ਸੀ। ਮੋਘੇ ਦਾ ਪਾਣੀ ਮਰਿਆ-ਮਰਿਆ ਸੀ। ਸੀਰੀ ਤੇ ਉਹਨੇ ਕਣਕ ਰਮਾ ਲਈ। ਸਾਰੇ ਖੇਤ ਵਿੱਚ ਪਤਲਾ ਪਤਲਾ ਪਾਣੀ ਫੇਰ ਲਿਆ। ਬਹੁਤੇ ਪਾਣੀ ਦੀ ਹੁਣ ਲੋੜ ਨਹੀਂ ਸੀ। ਉਹ ਪੰਦਰਾਂ ਕੁ ਦਿਨ ਪਹਿਲਾਂ ਡੱਕਵਾਂ ਪਾਣੀ ਲਾ ਕੇ ਹਟੇ ਸਨ। ਗਿੰਦਰ ਸੋਚ ਰਿਹਾ ਸੀ-'ਕੁੜੀ ਦਾ ਕੀ ਐ, ਕਿਸੇ ਹੋਰ ਥਾਂ ਮੰਗ ਦਿਆਂਗੇ। ਸੱਠ ਹਜ਼ਾਰ ਕਿਤੇ ਨੀਂ ਬਣਦਾ।' ਉਸ ਨੇ ਕੋਈ ਫ਼ੈਸਲਾ ਕਰ ਲਿਆ।

ਸੀਰੀ ਨੂੰ ਭੇਜ ਕੇ ਉਹ ਪੋਲੇ ਪੈਰੀਂ ਆਪਣੇ ਬਾਹਰਲੇ ਘਰ ਆਇਆ ਤੇ ਕਹੀ ਲੈ ਕੇ ਪਰ੍ਹਾਂ ਕਿੱਕਰ ਥੱਲੇ ਇੱਕ ਖੂੰਜੇ ਵਿੱਚ ਹੌਲੀ-ਹੌਲੀ, ਟੋਆ ਪੁੱਟਣ ਲੱਗਿਆ। ਦੂਜੇ ਘਰ ਟੱਕ ਦੀ ਆਵਾਜ਼ ਨਹੀਂ ਜਾ ਰਹੀ ਸੀ। ਲੱਕ ਜਿੱਡਾ ਡੂੰਘਾ ਟੋਆ ਪੁੱਟ ਲਿਆ। ਪੰਜ-ਛੇ ਫੁੱਟ ਲੰਬਾ, ਦੋ ਫੁੱਟ ਚੌੜਾ। ਪਾਣੀ ਲਾ ਕੇ ਭਾਵੇਂ ਉਹਦਾ ਸਰੀਰ ਪਹਿਲਾਂ ਹੀ ਥੱਕਿਆ ਟੁੱਟਿਆ ਸੀ, ਪਰ ਉਸਨੇ ਕਿਸੇ ਨਸ਼ੇ ਜਿਹੇ ਵਿੱਚ ਇਹ ਟੋਆ ਅੱਧੇ-ਪੌਣੇ ਘੰਟੇ ਵਿੱਚ ਹੀ ਪੱਟ ਲਿਆ। ਮਿੱਟੀ ਪੋਲੀ ਸੀ। ਚੇਪਾ ਭਰਦਾ ਤੇ ਬਾਹਰ ਸੁੱਟੀ ਜਾਂਦਾ। ਤੇ ਫੇਰ ਉਹ ਹੌਲੀ-ਹੌਲੀ ਬੈਠਕ ਵੱਲ ਵਧਿਆ। ਹੌਲੀ ਦੇ ਕੇ ਬੈਠਕ ਦਾ ਬਾਰ ਖੋਲ੍ਹਿਆ। ਬੰਦਾ ਕੰਬਲ ਲੈ ਕੇ ਓਵੇਂ ਜਿਵੇਂ ਸੁੱਤਾ ਪਿਆ ਸੀ। ਬੈਠਕ ਵਿੱਚ ਚੰਦ ਦਾ ਚਾਨਣ ਸੀ। ਉਹਨੇ ਕਿੱਲੇ ਉਤੇ ਲਟਕਦੀ ਕਿਰਪਾਨ ਲਾਹੀ। ਮਿਆਨ ਵਿਚੋਂ ਕੱਢ ਕੇ ਤੇ ਰੱਬ ਦਾ ਨਾਉਂ ਲੈ ਕੇ ਇਕੋ ਵਾਰ ਨਾਲ ਬੰਦੇ ਦਾ ਸਿਰ ਕੱਟ ਕੇ ਔਹ ਮਾਰਿਆ। ਧੜ ਡੱਡੂ ਵਾਂਗ ਤੜਫਣ ਲੱਗਿਆ। ਉਹ ਖੜ੍ਹਾ ਦੇਖਦਾ ਰਿਹਾ। ਟੱਪ ਟੱਪ ਕੇ ਧੜ ਸ਼ਾਂਤ ਹੋ ਗਿਆ। ਤਾਂ ਉਹਨੇ ਕੰਬਲ ਪਰਾਂ ਕੀਤਾ। ਉਹਦੇ ਤਾਂ ਹਸ਼ ਹੀ ਮਾਰੇ ਗਏ। ਇਹ ਉਹ ਮੁੰਡਾ ਤਾਂ ਨਹੀਂ ਹੈ। ਉਹਦੇ ਤਾਂ ਚਿੱਟੀ ਬੁਰਸ਼ਟ ਪਹਿਨੀ ਹੋਈ ਸੀ। ਆਸਮਾਨੀ ਰੰਗ ਦਾ ਸਵੈਟਰ ਸੀ। ਉਹਨੇ ਬਿਜਲੀ-ਬੱਤੀ ਜਗਾਈ। ਮੰਜੇ ਦੇ ਸਿਰਹਾਣੇ ਕੋਲ ਪਿਆ ਸਿਰ ਉਲਟਾ ਕੇ ਦੇਖਿਆ, ਇਹ ਤਾਂ ਸੁਖਦੇਵ ਐ। ਉਹਦਾ ਆਪਣਾ ਛੋਟਾ ਭਾਈ। ਉਹ ਥਾਂ ਦੀ ਥਾਂ ਡਿੱਗ ਪਿਆ। ਉਹਨੂੰ ਚੱਕਰ ਆ ਗਿਆ ਸੀ। ਉਹ ਬੋਲ ਨਹੀਂ ਸਕਦਾ ਸੀ। ਉਹ ਹੌਲੀ-ਹੌਲੀ ਬੈਠਕ ਤੋਂ ਬਾਹਰ ਹੋਇਆ। ਤੇ ਆਪਣਾ ਅੰਗਾਂ ਵਿੱਚ ਪੂਰਾ ਤਾਣ ਲਿਆਕੇ ਬਹੁਤ ਉੱਚੀ ਚੀਕ ਮਾਰੀ। ਬੋਲਿਆ-'ਪੱਟੇ ਗਏ ਓਏ ਜਹਾਨਾ। ਹਾਏ ਓਏ, ਮਰ 'ਗੇ ਓਏ, ਕੋਈ ਬਹੁੜੋ ਓਏ।'

ਮੁੱਲ
101