ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਰਜੀਤ ਨੂੰ ਰੋਟੀ ਖਵਾ ਕੇ ਗਿੰਦਰ ਜਦੋਂ ਖੇਤ ਨੂੰ ਚਲਿਆ ਗਿਆ ਸੀ ਤਾਂ ਬਾਅਦ ਵਿੱਚ ਉਹਦੀ ਮਾਂ ਬਾਹਰਲੇ ਘਰ ਬੈਠਕ ਵਿੱਚ ਆਈ ਸੀ। ਆਈ ਤਾਂ ਉਹ ਸੁਭਾਇਕੀ ਹੀ ਕਿਸੇ ਹੋਰ ਕੰਮ ਸੀ, ਪਰ ਜਿਵੇਂ ਕਿ ਬੁੜ੍ਹੀਆਂ ਨੂੰ ਵਾਣ ਹੁੰਦੀ ਹੈ, ਉਹ ਬੈਠਕ ਵਿੱਚ ਪਏ ਮੁੰਡੇ ਨਾਲ ਗੱਲਾਂ ਕਰਨ ਲੱਗੀ। ਕਿੱਥੇ ਨੇ ਭਾਈ ਘਰ ਤੇਰੇ? ਕੌਣ ਐ ਤੂੰ? ਜਦ ਉਹਨੂੰ ਪਤਾ ਲੱਗਿਆ ਤਾਂ ਉਹ ਖਿੜ ਉੱਠੀ। ਹੈਰਾਨ ਵੀ ਹੋਈ। ਫੇਰ ਫਿਕਰ ਕਰਨ ਲੱਗੀ। ਗਿੰਦਰ ਉੱਤੇ ਗੁੱਸਾ ਕੀਤਾ, ਲੈ ਚੰਦਰੇ ਨੇ ਮੈਨੂੰ ਤਾਂ ਦੱਸਿਆ ਹੀ ਨਾ। ਭੋਰਾ ਵੀ ਗੱਲ ਨਹੀਂ ਕੀਤੀ ਘਰੇ। ਅਖ਼ੀਰ ਬੁੜ੍ਹੀ ਨੇ ਸਿਆਣਪ ਸੋਚੀ 'ਤੂੰ ਭਾਈ ਐਥੇ ਨਾ ਪੈ ਬਾਹਰਵਾਰ ਘਰ ਐ। ਐਨੀ ਰਕਮ ਤੇਰੇ ਕੋਲ। ਨਾ ਜਾਣੀਏ ਕੋਈ ਗੱਲ ਹੋ ਜੇ।'

'ਲਓ ਮਾਂ ਜੀ, ਕੀ ਡਰ ਐ। ਠੀਕ ਐ ਬੱਸ।' ਸੁਰਜੀਤ ਨੇ ਆਖਿਆ।

'ਜੇ ਤੈਨੂੰ ਅੰਦਰਲੇ ਘਰ ਲੈ ਕੇ ਜਾਨੀਂ ਆਂ ਤਾਂ ਲੋਕ ਗੱਲਾਂ ਬਣੌਣਗੇ। ਕੰਵਾਰਾ-ਨਾਤੈ ਭਾਈ। ਤੂੰ ਉਠ, ਤੈਨੂੰ ਸਰਪੰਚ ਦੇ ਘਰ ਛੱਡ ਔਨੀ ਆਂ। ਸਰਪੰਚ ਸਾਡਾ ਘਰ ਦਾ ਬੰਦੈ। ਦੇਵਤਾ ਆਦਮੀ ਐ ਵਚਾਰਾ, ਚੁਬਾਰੇ 'ਚ ਪਿਆ ਹੁੰਦੈ 'ਕੱਲਾ ਈ। ਤੂੰ ਉਹਦੇ ਕੋਲ ਪੈ ਜੀਂ। ਤੜਕੇ ਤੂੰ ਚਾਹ ਪੀ ਕੇ 'ਰਾਮ ਨਾਲ ਵਗ ਜੀਂ ਭਾਈ।' ਉਹ ਲਗਾਤਾਰ ਬੋਲੀ ਜਾ ਰਹੀ ਸੀ।

ਸੁਰਜੀਤ ਨੇ ਦੇਖਿਆ, ਬੁੜ੍ਹੀ ਖਹਿੜਾ ਨਹੀਂ ਛੱਡਦੀ। ਉਠਾ ਕੇ ਦਮ ਲਵੇਗੀ। ਉਹ ਖੜ੍ਹਾ ਹੋ ਗਿਆ। ਆਪਣਾ ਬੈਗ ਸੰਭਾਲਿਆ। ਬੁੜ੍ਹੀ ਦੇ ਮਗਰ ਲੱਗ ਪਿਆ। ਚੁੱਪ ਕੀਤੇ ਹੀ ਉਹ ਸਰਪੰਚ ਦੇ ਚੁਬਾਰੇ ਜਾ ਚੜ੍ਹੇ। ਬੁੜੀ ਨੇ ਸਰਪੰਚ ਨੂੰ ਹੌਲੀ-ਹੌਲੀ ਸਾਰੀ ਗੱਲ ਸਮਝਾਈ ਤੇ ਫੇਰ ਚੁੱਪ ਕੀਤੀ ਉਹ ਚੁਬਾਰੇ ਦੀਆਂ ਪੌੜੀਆਂ ਉੱਤਰ ਆਈ। ਸਰਪੰਚ ਨੇ ਸੁਰਜੀਤ ਦਾ ਪੂਰਾ ਸੁਆਗਤ ਕੀਤਾ। ਥੱਲੇ ਜਾ ਕੇ ਉਹਦੇ ਵਾਸਤੇ ਦੁੱਧ ਤੱਤਾ ਕਰਵਾ ਕੇ ਲਿਆਇਆ।

ਓਧਰ ਸੁਖਦੇਵ ਡੀਜ਼ਲ ਦੇ ਢੋਲ ਦਾ ਪਤਾ ਕਰਨ ਸਵੇਰ ਦਾ ਹੀ ਸ਼ਹਿਰ ਗਿਆ ਹੋਇਆ ਸੀ। ਆਥਣ ਤੱਕ ਮੁੜਿਆ ਨਹੀਂ ਸੀ। ਸ਼ਹਿਰ ਵਿੱਚ ਉਹ ਸਾਰਾ ਦਿਨ ਕੁੱਤੇ-ਝਾਕ 'ਚ ਪਟਰੌਲ ਪੰਪ ਉੱਤੇ ਬੈਠਾ ਰਿਹਾ। ਢੋਲ ਦਾ ਕੋਈ ਪ੍ਰਬੰਧ ਨਹੀਂ ਬਣਿਆ। ਦਿਨ ਛਿਪਣ ਉੱਤੇ ਆਇਆ ਤਾਂ ਉਹਨੂੰ ਪਿੰਡ ਦੀ ਟਰਾਲੀ ਮਿਲ ਗਈ। ਉਹਨੇ ਸੋਚਿਆ, ਬੱਸ ਉਤੇ ਕੀ ਜਾਵਾਂਗੇ, ਟਰਾਲੀ ਉਤੇ ਹੁਣ ਜਾ ਵੜਦੇ ਹਾਂ ਪਿੰਡ। ਪਰ ਉਹ ਸ਼ਹਿਰੋਂ ਚੱਲੇ ਤਾਂ ਅੱਧ ਮੀਲ ਉਤੇ ਆ ਕੇ ਟਰੈਕਟਰ ਖਰਾਬ ਹੋ ਗਿਆ। ਦੋ ਤਿੰਨ ਘੰਟੇ ਉਹ ਮੱਥਾ ਮਾਰਦੇ ਰਹੇ, ਇੰਜਣ ਸੂਤ ਹੀ ਨਾ ਆਵੇ, ਅਖ਼ੀਰ ਇੱਕ ਬੰਦਾ ਮੁੜ ਕੇ ਸ਼ਹਿਰ ਗਿਆ ਤੇ ਸਾਈਕਲ ਉਤੇ ਮਕੈਨਿਕ ਨੂੰ ਲੈ ਕੇ ਆਇਆ। ਮਕੈਨਿਕ ਨੇ ਵੀ ਇੱਕ ਘੰਟਾ ਲਾ ਦਿੱਤਾ। ਉਨ੍ਹਾਂ ਨੂੰ ਤਾਂ ਓਥੇ ਹੀ ਬਹੁਤ ਹਨੇਰਾ ਹੋ ਗਿਆ। ਪਿੰਡ ਉਹ ਬਹੁਤ ਕੁਵੇਲੇ ਪਹੁੰਚੇ। ਪਿੰਡ ਦੇ ਬੱਸ ਅੱਡੇ ਉਤੇ ਆ ਕੇ ਟਰਾਲੀ ਵਾਲੇ ਮੁੰਡੇ ਨੇ ਬੋਤਲ ਲੈ ਲਈ। ਕਹਿੰਦਾ- 'ਅੱਜ ਤਾਂ ਹੱਡ ਟੱਸ-ਟੱਸ ਕਰੀ ਜਾਂਦੇ ਨੇ, ਜਿਵੇਂ ਪੁਲਸ ਦੇ ਕੁੱਟੇ ਹੋਈਏ। ਦਾਰੂ ਪੀਤੇ ਬਗੈਰ ਅੱਜ ਨ੍ਹੀਂ ਨਰਬਾਹ।' ਉਹ ਤਿੰਨ ਜਣੇ ਸਨ। ਅੱਡੇ ਉਤੇ ਹੀ ਅੱਧੀ ਬੋਤਲ ਖਤਮ ਕੀਤੀ ਤੇ ਫੇਰ ਘਰ ਨੂੰ ਚੱਲ ਪਏ। ਟਰਾਲੀ ਵਾਲਾ ਮੁੰਡਾ ਮੱਲੋਮੱਲੀ ਸੁਖਦੇਵ ਨੂੰ ਆਪਣੇ ਘਰ ਲੈ ਗਿਆ। ਰੋਟੀ ਖਵਾ ਕੇ ਖਹਿੜਾ ਛੱਡਿਆ। ਅੱਧੀ ਰਾਤ ਹੋ ਚੁੱਕੀ ਸੀ।

102

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ