ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਖਦੇਵ ਨੇ ਸੋਚਿਆ, ਹੁਣ ਅੰਦਰਲੇ ਘਰ ਕੀ ਜਾਵਾਂਗੇ। ਮਾਂ ਨੂੰ ਦੁਖੀ ਕਰਾਂਗੇ। ਬਾਹਰਲੇ ਘਰ ਹੀ ਜਾ ਸੌਨੇ ਆਂ।ਉਹਨੂੰ ਪਾਣੀ ਦੀ ਵਾਰੀ ਦਾ ਪਤਾ ਸੀ। ਪਾਲੀ ਚਾਰ-ਪੰਜ ਦਿਨਾਂ ਦੀ ਛੁੱਟੀ ਲੈ ਕੇ ਮਾਸੀ ਦੀ ਕੁੜੀ ਦੇ ਵਿਆਹ ਗਿਆ ਹੋਇਆ ਸੀ। ਸੋ ਬਾਹਰਲੇ ਘਰ ਕੋਈ ਨਹੀਂ ਸੀ। ਸੁਖਦੇਵ ਦਾ ਨਵਾਂ ਨਵਾਂ ਵਿਆਹ ਹੋਇਆ ਸੀ। ਉਹਦੀ ਘਰ ਵਾਲੀ ਪਹਿਲਾ ਜਵਾਕ ਜੰਮਣ ਪੇਕੀਂ ਗਈ ਹੋਈ ਸੀ। ਜਦ ਤੋਂ ਉਹਦਾ ਵਿਆਹ ਹੋਇਆ ਸੀ, ਉਹ ਬਾਹਰਲੇ ਘਰ ਕਦੇ ਨਹੀਂ ਪਿਆ ਸੀ। ਹੁਣ ਬਹੂ ਪੇਕੀਂ ਚਲੀ ਗਈ ਸੀ, ਉਹ ਫੇਰ ਵੀ ਅੰਦਰਲੇ ਘਰ ਹੀ ਪੈਂਦਾ। ਉਸ ਰਾਤ ਉਹ ਬਾਹਰਲੇ ਘਰ ਆਇਆ। ਲੱਕੜ ਦਾ ਫਾਟਕ ਖੋਲ੍ਹਿਆ। ਸਿੱਧਾ ਹੀ ਬੈਠਕ ਵਿੱਚ ਗਿਆ ਤੇ ਖਾਲੀ ਮੰਜਾ ਦੇਖ ਕੇ ਪੈ ਗਿਆ। ਸ਼ਰਾਬ ਦਾ ਨਸ਼ਾ ਪੂਰਾ ਸੀ। ਰੋਟੀ ਖਾਧੀ ਹੋਈ ਸੀ। ਉਹਨੂੰ ਪੈਣ ਸਾਰ ਹੀ ਨੀਂਦ ਆ ਗਈ।

ਗਿੰਦਰ ਦੀਆਂ ਚਾਂਗਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਸਭ ਨੇ ਭਾਣਾ ਦੇਖਿਆ। ਗਿੰਦਰ ਨੂੰ ਦੰਦਲਾਂ ਪੈ ਰਹੀਆਂ ਸਨ। ਉਹ ਵਿਹੜੇ ਵਿੱਚ ਭੁੰਜੇ ਲੇਟਿਆ ਪਿਆ ਸੀ। ਲੋਕ ਉਹਦੀ ਦੰਦਲ ਭੰਨਦੇ, ਉਹ ਫੇਰ ਬੇਹੋਸ਼ ਹੋ ਜਾਂਦਾ। ਅੰਦਰਲੇ ਘਰੋਂ ਬੁੜ੍ਹੀ ਆਈ ਤਾਂ ਗੁੰਮ-ਸੁੰਮ ਹੋ ਕੇ ਬੈਠ ਗਈ। ਉਹਦੇ ਕੋਲੋਂ ਰੋਇਆ ਨਹੀਂ ਜਾ ਰਿਹਾ ਸੀ। ਇੱਕ ਤਿੱਖੀ ਕੌੜੀ ਗੱਲ ਉਹਦੀ ਸਮਝ ਵਿੱਚ ਆਉਂਦੀ, ਪਰ ਉਹਦਾ ਮਨ ਕਿਤੇ ਵੀ ਨਾ ਠਹਿਰਦਾ। ਰੋਂਦਿਆ-ਪਿੱਟਦਿਆਂ ਨੂੰ ਪਹੁ ਫਟਣ ਲੱਗੀ। ਗਿੰਦਰ ਦੀ ਘਰ ਵਾਲੀ ਨਾ ਰੋਂਦੀ ਤੇ ਨਾ ਕੋਈ ਗੱਲ ਕਰਦੀ। ਉਹ ਤਾਂ ਗਿੰਦਰ ਨੂੰ ਸੰਭਾਲਣ ਉਤੇ ਸੀ।

ਹਮੀਰੋ ਨੂੰ ਉਹਦੀ ਮਾਂ ਨੇ ਰਾਤ ਹੀ ਘਰ ਜਾ ਕੇ ਸਭ ਕੁਝ ਦੱਸ ਦਿੱਤਾ ਸੀ। ਬੁੜ੍ਹੀ ਦੀ ਗੱਲ ਹਮੀਰੋ ਦੀ ਭਰਜਾਈ ਨੇ ਵੀ ਸੁਣੀ ਸੀ। ਹਮੀਰੋ ਸਿਆਣੀ ਸੀ। ਉਹ ਸਭ ਕੁਝ ਸਮਝ ਬੈਠੀ ਸੀ। ਉਹ ਗਿੰਦਰ ਦੇ ਲਾਲਚੀ ਤੇ ਕਮੀਨੇ ਸਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇੱਕ ਪਲ ਸੁਖਦੇਵ ਲਈ ਉਹਦੀਆਂ ਅੱਖਾਂ ਗਿੱਲੀਆਂ ਹੁੰਦੀਆਂ, ਪਰ ਦੂਜੇ ਪਲ ਹੀ ਉਹਦੀਆਂ ਅੱਖਾਂ ਦਾ ਪਾਣੀ ਸੁੱਕ ਜਾਂਦਾ। ਉਹਦੀਆਂ ਅੱਖਾਂ ਵਿਚ ਚੰਗਿਆੜੇ ਬਲਣ ਲੱਗਦੇ। ਉਹਦਾ ਜੀਅ ਕਰਦਾ ਕਿ ਉਹੀ ਕਿਰਪਾਨ ਲੈ ਕੇ ਉਹ ਆਪਣੇ ਭਾਈ ਗਿੰਦਰ ਦੀ ਗਰਦਨ ਵੱਢ ਦੇਵੇ। ਉਹ ਖਿੱਝਦੀ, ਹੁਣ ਦੇਖ ਕਿਵੇਂ ਖੇਖਣ ਕਰਦਾ ਐ।

ਸਰਪੰਚ ਵੀ ਆ ਗਿਆ। ਚੁੱਪ ਕੀਤਾ ਜਿਹਾ ਉਨ੍ਹਾਂ ਦੇ ਬਾਹਰਲੇ ਘਰ ਵਿੱਚ ਏਧਰ-ਓਧਰ ਫਿਰ-ਤੁਰ ਰਿਹਾ ਸੀ। ਕਿੱਕਰ ਥੱਲੇ ਇੱਕ ਖੂੰਜੇ ਵਿੱਚ ਉਹਨੇ ਟੋਆ ਪੁੱਟਿਆ ਹੋਇਆ ਦੇਖਿਆ ਤਾਂ ਉਹਦੀ ਸਮਝ ਵਿੱਚ ਸਾਰੀ ਗੱਲ ਆ ਗਈ। ਉਹਨੇ ਅੱਡ ਹੋ ਕੇ ਸ਼ਰੀਕੇ ਦੇ ਚਾਰ-ਪੰਜ ਬੰਦਿਆਂ ਨੂੰ ਕੋਈ ਗੱਲ ਆਖੀ ਤਾਂ ਉਹ ਫਟਾ ਫਟ ਉਥੋਂ ਤੁਰ ਗਏ।ਸੂਰਜ ਦੇ ਉਭਾਰ ਨਾਲ ਸੁਖਦੇਵ ਦੀ ਲੋਥ ਸਿਵਿਆਂ ਵਿੱਚ ਪਹੁੰਚਾ ਦਿੱਤੀ ਗਈ।

ਗਿੰਦਰ ਵਾਰ ਵਾਰ ਪੁਲਿਸ ਦਾ ਨਾਉਂ ਲੈਂਦਾ। ਉਹਦੀ ਕੋਈ ਗੱਲ ਨਹੀਂ ਸੁਣਦਾ ਸੀ ਤਾਂ ਉਹ ਉੱਚੀ ਉੱਚੀ ਰੋਣ ਲੱਗਦਾ। ਅਖ਼ੀਰ ਸਰਪੰਚ ਨੇ ਉਹਦੇ ਜੁੰਡੇ ਖਿੱਚੇ ਤੇ ਦਾਹੜੀ ਨੂੰ ਹੱਥ ਪਾ ਕੇ ਆਖਿਆ-'ਕਿਉਂ ਪਖੰਡ ਕਰਦੈਂ ਪਾਪੀਆਂ, ਸਭ ਨੂੰ ਪਤੈ ਤੇਰੀ ਕਰਤੂਤ ਦਾ। ਮੁੰਡੇ ਦੀ ਮਿੱਟੀ ਕਿਉਂਟੀ ਗਈ। ਸੁੱਖ ਰਹਿ 'ਗੀ। ਭਰਾ ਦੀ ਜਾਨ ਤਾਂ ਗਈ, ਹੁਣ ਘਰ ਵੀ ਪੱਟਣੈ?'

ਮੁੱਲ

103