ਕਦੇ ਉਹਨੂੰ ਲੱਗਦਾ, ਇਹ ਤਾਂ ਦੋ ਮੁਲਕਾਂ ਦੀਆਂ ਸਰਕਾਰਾਂ ਦੀ ਲੜਾਈ ਸੀ, ਨਹੀਂ ਤਾਂ ਉਸ ਦੇਸ਼ ਤੇ ਇਸ ਦੇਸ਼ ਦੇ ਲੋਕਾਂ ਵਿੱਚ ਕੀ ਫ਼ਰਕ ਹੈ? ਉਹੀ ਬੰਦੇ, ਉਹੀ ਪਹਿਰਾਵਾਂ, ਉਹੀ ਬੋਲੀ। ਚੰਦ ਸੂਰਜ ਤਾਂ ਸਾਰੀ ਦੁਨੀਆਂ ਦੇ ਸਾਂਝੇ ਨੇ। ਤਾਰੇ ਦੂਰ ਬੈਠੇ ਸੱਜਣਾਂ-ਮਿੱਤਰਾਂ ਦੀ ਯਾਦ ਦਿਵਾਉਂਦੇ ਹਨ। ਪਸ਼ੂ-ਪੰਛੀਆਂ ਦਾ ਵੀ ਕਦੇ ਕੋਈ ਇੱਕ ਮੁਲਕ ਹੁੰਦੈ?
ਦਰਬਾਰ ਸਾਹਿਬ ਤੋਂ ਉਹ ਬਾਹਰ ਆਇਆ ਤਾਂ ਬਾਜ਼ਾਰ ਵਿੱਚ ਪੂਰੀ ਗਹਿਮਾ-ਗਹਿਮੀ ਸੀ। ਜਰਨੈਲ ਵਾਸਤੇ ਉਹਨੇ ਇੱਕ ਛੋਟੀ ਹਾਕੀ ਖਰੀਦੀ ਤੇ ਇੱਕ ਗੇਂਦ। ਹਾਕੀ ਸੱਤ ਰੁਪਏ ਦੀ ਤੇ ਗੇਂਦ ਤਿੰਨ ਦੀ। ਬਾਕੀ ਹੁਣ ਉਹਦੇ ਕੋਲ ਬਹੁਤੇ ਪੈਸੇ ਨਹੀਂ ਸਨ। ਇਹਨਾਂ ਨਾਲ ਤਾਂ ਪਿੰਡ ਮਸਾਂ ਪਹੁੰਚਿਆ ਜਾ ਸਕੇਗਾ। ਕੀ ਪਤਾ, ਬੱਸਾਂ ਦੇ ਕਿਰਾਏ ਕੀ ਹਨ।
ਉਹਦਾ ਬਹੁਤ ਦਿਲ ਕਰਦਾ ਸੀ ਕਿ ਉਹ ਆਪਣੀ ਘਰ ਵਾਲੀ ਵਾਸਤੇ ਇੱਕ ਸੂਟ ਲੈ ਕੇ ਜਾਵੇ। ਪਰ ਇਹ ਬਿਲਕੁਲ ਨਾਮੁਮਕਿਨ ਸੀ। ਗੱਲ ਤਾਂ ਸਾਰੀ ਪੈਸਿਆਂ ਦੀ ਸੀ। ਉਹਦੇ ਕੋਲ ਬਾਫ਼ਰ ਪੈਸੇ ਹੁੰਦੇ ਤਾਂ ਸੂਟ ਕੀ, ਉਹਨੇ ਹੋਰ ਕਿੰਨਾ ਕੁਝ ਲੈ ਕੇ ਜਾਣਾ ਸੀ, ਆਪਣੀ ਨਾਜੋ ਨਾਰ ਲਈ।
ਪਹਿਲਾਂ ਜਦੋਂ ਵੀ ਉਹ ਛੁੱਟੀ ਜਾਂਦਾ, ਸੂਟ ਲੈ ਕੇ ਪਿੰਡ ਵੜਦਾ। ਹਾਰ ਸ਼ਿੰਗਾਰ ਦੀਆਂ ਕਿੰਨੀਆਂ ਸਾਰੀਆਂ ਚੀਜ਼ਾਂ। ਵਿਆਹ ਨੂੰ ਬਹੁਤੇ ਸਾਲ ਨਹੀਂ ਹੋਏ ਸਨ। ਇੱਕ ਕੁੜੀ ਹੋ ਕੇ ਮਰ ਗਈ ਸੀ। ਇਹ ਮੁੰਡਾ ਫੇਰ ਤਿੰਨ ਸਾਲਾਂ ਬਾਅਦ ਹੋਇਆ।
ਬੱਸ-ਸਟੈਂਡ ਵੱਲ ਤੁਰਿਆ ਜਾ ਰਿਹਾ, ਉਹ ਖ਼ੁਸ਼ ਸੀ ਤੇ ਉਦਾਸ ਵੀ। ਖ਼ੁਸ਼ ਤਾਂ ਇਸ ਕਰਕੇ ਕਿ ਉਹ ਸੱਤਾਂ ਸਾਲਾਂ ਬਾਅਦ ਜਿਉਂਦਾ-ਜਾਗਦਾ ਘਰ ਵਾਪਸ ਜਾ ਰਿਹਾ ਸੀ। ਉਦਾਸ ਇਸ ਕਰਕੇ ਕਿ ਇਸ ਵਾਰ ਉਹਦੀ ਫੌਜੀਆਂ ਵਾਲੀ ਉਹ ਮੜਕ ਨਹੀਂ ਹੈ। ਪਹਿਲਾਂ ਜਦੋਂ ਉਹ ਛੁੱਟੀ ਆਉਂਦਾ, ਟਰੰਕ ਵਿੱਚ ਹੋਰ ਕਿੰਨੇ ਕੁਝ ਦੇ ਨਾਲ ਨਾਲ ਰੰਮ ਦੀਆਂ ਦੋ ਬੋਤਲਾਂ ਜ਼ਰੂਰ ਹੁੰਦੀਆਂ। ਗੱਡੀਓਂ ਉੱਤਰਦੇ ਹੀ ਪਲੇਟ ਫਾਰਮ ਦੇ ਨਲਕੇ ਉੱਤੇ ਪਹਿਲਾਂ ਉਹ ਹੱਥ-ਮੂੰਹ ਧੋਂਦਾ। ਸ਼ੀਸ਼ੇ ਵਿੱਚ ਮੂੰਹ ਦੇਖਕੇ ਦਾੜ੍ਹੀ-ਮੁੱਛਾਂ ਠੀਕ ਕਰਦਾ। ਫੌਜੀ ਵਰਦੀ ਉੱਤੇ ਤੌਲੀਆਂ ਮਾਰਕੇ ਗੱਡੀ ਦੀ ਗਰਦ ਝਾੜਦਾ। ਐਨ ਟਿਚਨ ਹੋ ਕੇ, ਰੰਮ ਦਾ ਪੈੱਗ ਮਾਰ ਲੈਂਦਾ। ਇੱਕ ਪੈੱਗ ਹੋਰ ਲੈਂਦਾ। ਮੁੱਛਾਂ ਨੂੰ ਵੱਟ ਦੇ ਕੇ ਉਤਾਂਹ ਆਕਾਸ਼ ਵੱਲ ਝਾਕਦਾ। ਸੂਰਜ ਦੀ ਧੁੱਪ ਜਿਵੇਂ ਬੱਦਲਾਂ ਵਿੱਚ ਦੀ ਲੰਘ ਕੇ ਧਰਤੀ ਉੱਤੇ ਉੱਤਰ ਰਹੀ ਹੋਵੇ। ਵਰਖਾ ਤੋਂ ਪਹਿਲਾਂ ਜਿਹਾ ਮੌਸਮ। ਰਿਕਸ਼ਾ ਲੈ ਕੇ ਮੰਡੀ ਦੇ ਬੱਸ-ਅੱਡੇ ਪਹੁੰਚਦਾ। ਜਾਂਦੇ ਨੂੰ ਹੀ ਬੱਸ ਮਿਲ ਜਾਂਦੀ। ਉਹਦਾ ਪਿੰਡ ਮੰਡੀ ਤੋਂ ਦਸ ਮੀਲ ਦੂਰ ਸੀ। ਪਿੰਡ ਦੇ ਬੱਸ-ਅੱਡੇ ਤੇ ਉੱਤਰ ਕੇ ਜਿੰਦਰਾ ਲੱਗੇ ਟਰੰਕ ਨੂੰ ਉਹ ਚਾਹ ਦੀ ਦੁਕਾਨ ਵਿੱਚ ਰੱਖਦਾ ਤੇ ਕਿਸੇ ਹੱਥ ਘਰ ਨੂੰ ਸੁਨੇਹਾ ਭੇਜ ਦਿੰਦਾ। ਘਰ ਦਾ ਕੋਈ ਆਉਂਦਾ, ਨਹੀਂ ਤਾਂ ਕੋਈ ਗੁਆਂਢੀ ਹੀ, ਉਹਦਾ ਟਰੰਕ ਚੁੱਕ ਕੇ ਉਹਦੇ ਪਿੱਛੇ-ਪਿੱਛੇ ਤੁਰਨ ਲੱਗਦਾ। ਪਿੰਡ ਦੀਆਂ ਗਲੀਆਂ ਵਿੱਚ ਤੁਰਦਾ ਕਿਰਪਾਲ ਆਪਣੇ ਆਪ ਨੂੰ 'ਸਾਹਿਬ' ਸਮਝਦਾ। ਕੋਈ ਵੀ ਸਾਹਮਣੇ ਟੱਕਰਦਾ, ਹਰ ਕਿਸੇ ਨੂੰ ਉਹ 'ਸਤਿ ਸ੍ਰੀ ਅਕਾਲ' ਬੁਲਾਉਂਦਾ। ਹਾਣੀਮੁੰਡੇ ਉਹਦੇ ਨਾਲ ਹੱਥ ਮਿਲਾਉਂਦੇ। ਉਹ ਸਿਆਣੂ-ਬੁੜ੍ਹੀਆਂ ਨੂੰ ਮੱਥਾ ਟੇਕਦਾ। ਉਹ ਉਹਦਾ ਸਿਰ ਪਲੋਸਦੀਆਂ। ਪੁੱਛਦੀਆਂ 'ਰਾਜੀ ਐਂ ਭਾਈ ਕਿਰਪਾਲ?'
106
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ