ਉਹਨੂੰ ਅਫ਼ਸੋਸ ਸੀ, ਅੱਜ ਉਹਦੀ ਉਹ ਟੌਰ੍ਹ ਨਹੀਂ ਹੋਣੀ। ਜੇਲ੍ਹੋ ਛੁੱਟਕੇ ਆਏ ਕੈਦੀਆਂ ਵਾਂਗ ਉਹ ਘਰ ਵੜੇਗਾ। ਉਹ ਕੈਦੀ ਹੀ ਤਾਂ ਸੀ-ਜੰਗੀ ਕੈਦੀ।
ਪਿਛਲੀ ਹਿੰਦ-ਪਾਕਿ ਲੜਾਈ ਵਿੱਚ ਉਹਨਾਂ ਦੀ ਫੌਜੀ-ਟੁਕੜੀ ਦੇ ਬਹੁਤੇ ਸਿਪਾਹੀ ਮਾਰੇ ਗਏ, ਕੁਝ ਫਰਾਰ ਹੋ ਗਏ। ਉਹ ਤਿੰਨ ਜਣੇ ਸਨ। ਦੋਂਹ ਨੂੰ ਭਾਰਤੀ-ਫੌਜ ਚੁੱਕ ਕੇ ਲੈ ਗਈ। ਬਾਅਦ ਵਿੱਚ ਹਸਪਤਾਲ ਜਾ ਕੇ ਉਹ ਦਮ ਤੋੜ ਗਏ ਜਾਂ ਬਚ ਰਹੇ, ਉਹਨੂੰ ਕੋਈ ਪਤਾ ਨਹੀਂ ਸੀ। ਉਹਦੇ ਤੱਕ ਕੋਈ ਨਹੀਂ ਪਹੁੰਚਿਆ। ਕੀ ਪਤਾ, ਉਹ ਉਹਨੂੰ ਮਰਿਆ ਪਿਆ ਸਮਝਕੇ ਛੱਡ ਗਏ ਜਾਂ ਕੀ ਪਤਾ, ਉਹ ਕਿਸੇ ਦੀ ਨਿਗਾਹ ਹੀ ਨਾ ਚੜ੍ਹਿਆ ਹੋਵੇ। ਖਬਰੈ, ਕਿਹੜੀ ਖੱਡ ਵਿੱਚ ਛੁਪਿਆ ਰਹਿ ਗਿਆ ਹੋਵੇਗਾ। ਉਹਦੀ ਲੱਤ ਵਿੱਚ ਗੋਲ਼ੀ ਲੱਗੀ ਸੀ। ਮੋਢੇ ਉੱਤੇ ਵੀ ਨਿਸ਼ਾਨ ਸਨ। ਉਹਨੂੰ ਕੋਈ ਪਤਾ ਨਹੀਂ, ਉਹ ਕਦੋਂ ਬੇਹੋਸ਼ ਹੋਇਆ। ਉਹਦੀ ਸੁਰਤ ਪਰਤੀ ਤਾਂ ਉਹ ਦੁਸ਼ਮਣ ਦੇ ਕਬਜ਼ੇ ਵਿੱਚ ਸੀ। ਮਿਲਟਰੀ ਹਸਪਤਾਲ ਲਿਜਾਕੇ ਉਹਦਾ ਆਪਰੇਸ਼ਨ ਕੀਤਾ ਗਿਆ। ਤੇ ਫੇਰ ਕਈ ਦਿਨ ਉਹਨੂੰ ਏਸੇ ਹਸਪਤਾਲ ਵਿੱਚ ਰੱਖਿਆ ਗਿਆ।
ਉਹਨਾਂ ਦੇ ਫੌਜੀ ਅਫ਼ਸਰਾਂ ਨੇ ਉਹਦੀ ਪੂਰੀ ਪੁੱਛ-ਗਿੱਛ ਕੀਤੀ। ਭਾਰਤੀ-ਫੌਜ ਦੇ ਇਲਾਕਿਆਂ ਬਾਰੇ ਜੋ ਉਹ ਪੁੱਛ ਰਹੇ ਸਨ, ਉਹਨੂੰ ਪਤਾ ਨਹੀਂ ਸੀ। ਫੇਰ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਉਥੇ ਹੋਰ ਭਾਰਤੀ ਫੌਜੀ ਵੀ ਸਨ। ਲੜਾਈ ਖ਼ਤਮ ਹੋਣ ਉਪਰੰਤ ਉਹਨਾਂ ਨੂੰ ਕਈ ਕਈ ਸਾਲਾਂ ਬਾਅਦ ਦੋ-ਦੋ, ਚਾਰ-ਚਾਰ ਕਰਕੇ ਛੱਡਿਆ ਜਾਂਦਾ ਰਿਹਾ ਸੀ। ਸਰਕਾਰਾਂ ਦਾ ਲੈਣ-ਦੇਣ ਜੰਗੀ-ਕੈਦੀਆਂ ਦੀ ਕਿਸਮਤ ਬਣਕੇ ਰਹਿ ਗਿਆ। ਤੁਸੀਂ ਸਾਡੇ ਐਨੇ ਛੱਡ ਦਿਉ। ਅਸੀਂ ਤੁਹਾਡੇ ਐਨੇ ਛੱਡ ਦਿਆਂਗੇ।
ਬੱਸ ਵਿੱਚ ਬੈਠਾ ਉਹ ਆਪਣੇ ਘਰ ਦੇ ਜੀਆਂ ਬਾਰੇ ਹੀ ਸੋਚਦਾ ਜਾ ਰਿਹਾ ਸੀ। ਆਪਣੀ ਮਾਂ ਬਾਰੇ, ਆਪਣੇ ਬਾਪ ਬਾਰੇ, ਆਪਣੇ ਛੋਟੇ ਭਾਈ ਬਾਰੇ ਤੇ ਸਭ ਤੋਂ ਵੱਧ ਆਪਣੀ ਪਤਨੀ ਪ੍ਰੀਤਮ ਕੌਰ ਬਾਰੇ। ਪ੍ਰੀਤਮ ਕੌਰ ਦਾ ਖ਼ਿਆਲ ਬਾਰ ਬਾਰ ਉਹਦੇ ਮੱਥੇ ਨਾਲ ਆ ਕੇ ਵੱਜਦਾ। ਨਾਲ ਦੀ ਨਾਲ ਉਹਦਾ ਪੁੱਤਰ ਜਰਨੈਲ ਉਹਨੂੰ ਯਾਦ ਆਉਂਦਾ। ਉਹ ਸੋਚ ਰਿਹਾ ਸੀ ਕਿ ਪੀਤਮ ਕੌਰ ਇਹਨਾਂ ਸੱਤਾਂ ਵਰ੍ਹਿਆਂ ਦੌਰਾਨ ਪਤਾ ਨਹੀਂ ਕਿਹੋ-ਜਿਹੀ ਹੋ ਗਈ ਹੋਵੇਗੀ। ਉਹਦੀ ਸ਼ਕਲ-ਸੂਰਤ ਕੀ ਪਤਾ ਖਾਸੀ ਬਦਲ ਚੁੱਕੀ ਹੋਵੇ। ਕੀ ਪਤਾ, ਉਹ ਉਹਨੂੰ ਸਿਆਣ ਸਕੇਗਾ ਕਿ ਨਹੀਂ। ਇਹ ਵੀ ਹੋ ਸਕਦਾ ਹੈ ਉਹ ਉਹੋ-ਜਿਹੀ ਪਈ ਹੋਵੇ। ਜਵਾਨ ਦੀ ਜਵਾਨ। ਕੀ ਢਲ ਗਿਆ ਹੋਵੇਗਾ ਐਡੀ ਛੇਤੀ ਉਹਦਾ। ਦੋ ਤਾਂ ਜੁਆਕ ਜੰਮੇ ਨੇ। ਤੇ ਫੇਰ ਸੱਤ ਵਰ੍ਹੇ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਆਪਣੀ ਜੇਬ੍ਹ ਵਿਚੋਂ ਉਹ ਬਾਲੋ ਵਾਲਾ ਨਿੱਕਾ ਗੋਲ ਸ਼ੀਸ਼ੇ ਕੱਢਦਾ ਤੇ ਉਹਨੂੰ ਆਪਣੀਆਂ ਅੱਖਾਂ ਅੱਗੇ ਕਰਕੇ ਚਿਹਰੇ ਦੇ ਨਕਸ਼ ਦੇਖਣ ਲੱਗਦਾ, ਉਹਨੂੰ ਲੱਗਦਾ, ਜਿਵੇਂ ਉਹਦਾ ਚਿਹਰਾ ਪਹਿਲਾਂ ਨਾਲੋਂ ਕਾਫ਼ੀ ਉੱਤਰ ਗਿਆ ਹੋਵੇ। ਦਾੜ੍ਹੀ ਵਿੱਚ ਚਿੱਟੇ ਵਾਲ ਦਿਸਣ ਲੱਗੇ ਸਨ। ਗੱਲ੍ਹਾਂ ਦੀਆਂ ਹੱਡੀਆਂ ਨੀਵੀਂਆਂ ਹੋ ਗਈਆਂ ਸਨ। ਪਰ ਅੱਖਾਂ ਵਿੱਚ ਉਹੀ ਚਮਕ ਸੀ। ਮੱਥੇ ਉੱਤੇ ਇੱਕ ਮਾਮੂਲੀ ਜਿਹਾ ਵੱਟ ਪੈਂਦਾ। ਉਹ ਵੀ ਉਦੋਂ, ਜਦੋਂ ਉਹ ਡੂੰਘਾ ਸੋਚਦਾ ਹੋਵੇ। ਇਹ ਬਾਲੋ ਵਾਲਾ ਗੋਲ ਸ਼ੀਸ਼ਾ ਉਹਨੇ ਅੰਮ੍ਰਿਤਸਰ ਹਾਕੀ-ਗੇਂਦ ਖਰੀਦਣ ਵੇਲੇ ਹੀ ਖਰੀਦ ਲਿਆ ਸੀ।
ਕਿੱਧਰ ਜਾਵਾਂ?
107