ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਪਿੰਡ ਦੇ ਬੱਸ ਅੱਡੇ 'ਤੇ ਚੋਰਾਂ ਵਾਂਗ ਉੱਤਰਿਆ। ਮੋਢੇ ਲਟਕਦੇ ਥੈਲੇ ਵਿੱਚ ਪਤਾ ਨਹੀਂ ਕੀ ਕੁਝ ਸੀ, ਹਾਕੀ ਦਾ ਸਿਰਾ ਬਾਹਰ ਜ਼ਰੂਰ ਦਿਸ ਰਿਹਾ ਸੀ। ਅੱਡੇ ਉੱਤੇ ਖੜ੍ਹੇ ਬੰਦਿਆਂ ਨੇ ਗਹੁ ਨਾਲ ਦੇਖਿਆ, ਜਿਵੇਂ ਇਕੱਲੇ-ਇਕੱਲੇ ਦੀ ਨਿਰਖ-ਪਰਖ਼ ਕਰ ਰਹੇ ਹੋਣ, ਪਰ ਉਹਨੂੰ ਬੁਲਾਇਆ ਕਿਸੇ ਨੇ ਨਹੀਂ। ਉਹਨੂੰ ਆਪਣੇ ਆਪ ਨਾਲ ਹੀ ਗਿਲਾਨੀ ਹੋਈ, ਉਹਨੂੰ ਕਿਸੇ ਨੇ ਵੀ ਨਹੀਂ ਬੁਲਾਇਆ। ਨਹੀਂ ਤਾਂ ਪਹਿਲਾਂ ਜਦੋਂ ਕਦੇ ਵੀ ਉਹ ਛੁੱਟੀ ਆਉਂਦਾ, ਅੱਡੇ ਦੇ ਬੰਦੇ ਉਹਨੂੰ ਭੱਜ ਕੇ ਆਕੇ ਮਿਲਦੇ, ਉਹਦੀ ਸਾਰੀ ਸੁੱਖ-ਸਾਂਦ ਪੁੱਛਦੇ। ਹੁਣ ਉਹਨੇ ਨੀਵੀਂ ਪਾ ਕੇ ਸਿੱਧਾ ਘਰ ਨੂੰ ਜਾਣਾ ਹੀ ਠੀਕ ਸਮਝਿਆ। ਅੱਡੇ ਦੇ ਬੰਦਿਆਂ ਦਾ ਕੀਹ ਐ, ਉਹਨੂੰ ਬਹੁਤੀ ਖਿੱਚ ਤਾਂ ਘਰ ਜਾ ਕੇ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਣੀ ਚਾਹੀਦੀ ਹੈ। ਅੱਡੇ ਤੋਂ ਉਹ ਸਿੱਧੇ ਰਾਹ ਨਹੀਂ ਪਿਆ, ਨਿਆਈਆਂ ਵਿੱਚ ਦੀ ਹੋ ਲਿਆ। ਬੱਸ-ਅੱਡਾ ਪਿੰਡ ਤੋਂ ਬਾਹਰ-ਵਾਰ ਸੀ, ਕਈ ਖੇਤ ਛੱਡਕੇ। ਅੱਡੇ ਤੋਂ ਪਿੰਡ ਤੱਕ ਲਿੰਕ ਸੜਕ ਬਣੀ ਹੋਈ ਸੀ। ਅੱਧ ਮੀਲ ਤੋਂ ਵੀ ਘੱਟ। ਉਹਨਾਂ ਦਾ ਘਰ ਪਿੰਡ ਦੇ ਪਰਲੇ ਪਾਸੇ ਸੀ। ਲਿੰਕ-ਸੜਕ ਪੈ ਕੇ ਤਾਂ ਪਿੰਡ ਦੇ ਵਿੱਚ ਦੀ ਲੰਘਣਾ ਪੈਂਦਾ। ਘਰ ਤੱਕ ਪਹੁੰਚਦੇ-ਪਹੁੰਚਦੇ ਉਹਨੇ ਰਾਹ ਵਿੱਚ ਟੱਕਰੇ ਕਈਆਂ ਨੂੰ ਸਿਆਣ ਲਿਆ, ਪਰ ਉਹਨੂੰ ਕਿਸੇ ਨੇ ਨਹੀਂ ਬੁਲਾਇਆ। ਸੋਚ ਰਿਹਾ ਸੀ, ਪਤਾ ਨਹੀਂ ਕੀ ਗੱਲ, ਉਹ ਐਨਾ ਤਾਂ ਨਹੀਂ ਬਦਲ ਗਿਆ ਕਿ ਪਹਿਚਾਣ ਵਿੱਚ ਹੀ ਨਾ ਆ ਰਿਹਾ ਹੋਵੇ। ਲੋਕ ਉਹਦੇ ਵੱਲ ਝਾਕਦੇ ਤੇ ਓਪਰਾ ਸਮਝਕੇ ਪਰ੍ਹਾਂ ਮੂੰਹ ਭੰਵਾ ਲੈਂਦੇ।

ਘਰ ਦੇ ਬਾਰ ਮੂਹਰੇ ਅੱਠ-ਦਸ ਸਾਲ ਦਾ ਇੱਕ ਮੁੰਡਾ ਡੱਕਿਆਂ ਦਾ ਹਲ਼ ਬਣਾ ਕੇ ਮਿੱਟੀ ਵਿੱਚ ਖੇਡ ਰਿਹਾ ਸੀ। ਉਹਦੇ ਕੋਲ ਹੀ ਦੂਜਾ ਇੱਕ ਮੁੰਡਾ ਚਲਦੇ ਹਲ਼ ਵੱਲ ਝਾਕ ਝਾਕ ਖ਼ੁਸ਼ ਹੋ ਰਿਹਾ ਸੀ। ਉਹ ਹਲ਼ ਵੱਲ ਹੱਥ ਵਧਾਉਂਦਾ ਪਰ ਵੱਡਾ ਮੁੰਡਾ ਉਹਨੂੰ ਝਿੜਕ ਦਿੰਦਾ। ਦੂਜਾ ਮੁੰਡਾ ਉਹਤੋਂ ਛੋਟਾ ਸੀ। ਚਾਰ ਕੁ ਸਾਲ ਦਾ ਹੋਵੇਗਾ। ਕਿਰਪਾਲ ਨੇ ਉਹਨਾਂ ਨੂੰ ਬੁਲਾਇਆ ਨਹੀਂ। ਸੋਚਿਆ, ਗੁਆਂਢੀਆਂ ਦੇ ਜੁਆਕ ਹੋਣਗੇ। ਖੇਡਣ ਏਥੇ ਆ ਗਏ।

ਉਹ ਦੇਲ੍ਹੀਓਂ ਅੰਦਰ ਹੋਇਆ, ਦਰਵਾਜ਼ੇ ਦੇ ਇੱਕ ਖੂੰਜੇ ਮੰਜੇ ਉੱਤੇ ਪਿਆ ਉਹਦਾ ਬਾਪ ਸੁੱਕੀ ਖੰਘ ਨਾਲ ਔਖਾ ਸੀ। ਉਹਨੇ ਬਾਪੂ ਨੂੰ ਮੱਥਾ ਟੇਕਿਆ। ਖੰਘ ਕਰਕੇ ਅੱਖਾਂ ਵਿੱਚ ਇਕੱਠੇ ਹੋਏ ਪਾਣੀ ਨਾਲ ਬੁੜ੍ਹੇ ਦੀ ਨਜ਼ਰ ਧੁੰਦਲੀ ਪਈ ਹੋਈ ਸੀ। ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੱਥਾ ਟੇਕਣ ਵਾਲਾ ਇਹ ਕਿਹੜਾ ਜੁਆਨ ਹੈ। ਐਨੇ ਨੂੰ ਸਬ੍ਹਾਤ ਵਿਚੋਂ ਨਿੱਕਲ ਕੇ ਵਿਹੜੇ ਵਿੱਚ ਆਈ ਪ੍ਰੀਤਮ ਕੌਰ ਉਹਨੂੰ ਦਿਸੀ। ਬਾਪੂ ਤੋਂ ਸਿਰ ਪਲਸਾਉਣ ਦੀ ਥਾਂ ਉਹ ਵਿਹੜੇ ਵੱਲ ਹੋ ਗਿਆ। ਬੁੜ੍ਹਾ ਉੱਠਦਾ ਉੱਠਦਾ ਫੇਰ ਪੈ ਗਿਆ। ਆਵਾਜ਼ ਸੁਣਕੇ ਉਹਨੂੰ ਕੋਈ ਭੁਲੇਖਾ ਜ਼ਰੂਰ ਪਿਆ ਹੋਵੇਗਾ। ਏਸ ਕਰਕੇ ਉਹ ਦੂਜੀ ਵਾਰ ਫੇਰ ਬੈਠਾ ਹੋ ਗਿਆ। ਪ੍ਰੀਤਮ ਕੌਰ ਨੇ ਉੱਚੀ ਚੀਕ ਮਾਰੀ। ਜਿਵੇਂ ਉਹਨੂੰ ਕਿਸੇ ਜ਼ਹਿਰੀ ਨਾਗ਼ ਨੇ ਡੱਸ ਲਿਆ ਹੋਵੇ। ਬੁੜ੍ਹਾ ਵਿਹੜੇ ਵਿੱਚ ਆਇਆ ਤਾਂ ਉਹ ਮੂਧੇ ਮੂੰਹ ਡਿੱਗੀ ਪਈ ਸੀ। ਉਹਦੀ ਦੇਹ ਬੁਰੀ ਤਰ੍ਹਾਂ ਕੰਬ ਰਹੀ ਸੀ। ਬਹੂ ਦੀ ਇਹ ਹਾਲਤ ਦੇਖ ਕੇ ਬੁੜ੍ਹੇ ਦੀ ਹੋਸ਼ ਜਿਵੇਂ ਗੁੰਮ ਹੀ ਹੋ ਗਈ ਹੋਵੇ। ਕਿਰਪਾਲ ਨੇ ਪ੍ਰੀਤਮ ਕੌਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਹੀ ਉਹ ਉਹਨੂੰ ਹੱਥ ਲਾਉਣ ਲੱਗਿਆ, ਉਹ ਇਸ ਤਰ੍ਹਾਂ ਤੜਫ਼ ਕੇ ਪਰ੍ਹਾਂ ਹੋ ਗਈ ਜਿਵੇਂ ਕਿਰਪਾਲ ਕੋਈ ਭੂਤ-ਪ੍ਰੇਤ ਹੋਵੇ। ਬੁਢਾ ਬਾਹਰੋਂ ਆਏ

ਕਿੱਧਰ ਜਾਵਾਂ?

109