ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਥੇਰੀ ਦੇਹ ਤੋੜਦਾ, ਪਰ ਪੱਲਾ ਪੂਰਾ ਨਾ ਪੈਂਦਾ। ਉਹ ਹਮੇਸ਼ਾ ਕਰਜ਼ਾਈ ਰਹਿੰਦੇ। ਜੋਗਿੰਦਰ ਤਾਂ ਹਾਲੇ ਛੋਟਾ ਹੀ ਸੀ। ਦੋਵਾਂ ਨੂੰ ਰਿਸ਼ਤਾ ਹੋਣ ਦੀ ਕੋਈ ਆਸ ਨਹੀਂ ਸੀ। ਉਹਨਾਂ ਦੇ ਪਿੰਡ ਦਾ ਹੌਲਦਾਰ ਨਿੱਕਾ ਸਿੰਘ ਛੁੱਟੀ ਆਉਂਦਾ ਤਾਂ ਕਿਰਪਾਲ ਉਹਦੇ ਕੋਲ ਹੀ ਬੈਠਾ ਰਹਿੰਦਾ। ਸਵੇਰੇ ਵੀ ਤੇ ਆਥਣੇ ਖੇਤੋਂ ਆਕੇ ਵੀ। ਨਿੱਕਾ ਸਿੰਘ ਦੀਆਂ ਗੱਲਾਂ ਉਹਨੂੰ ਚੰਗੀਆਂ ਲੱਗਦੀਆਂ। ਫੌਜੀਆਂ ਕੋਲ ਗੱਲਾਂ ਹੁੰਦੀਆਂ ਵੀ ਬਹੁਤ ਨੇ। ਮੁੱਕਣ ਵਿੱਚ ਹੀ ਨਹੀਂ ਆਉਂਦੀਆਂ। ਢਾਈ ਨਾਲ ਢਾਈ ਜੋੜੀ ਜਾਣਗੇ। ਕੁਝ ਵਧਾ-ਚੜ੍ਹਾ ਕੇ ਗੱਲਾਂ ਵੀ ਉਹਨਾਂ ਤੋਂ ਹੋ ਜਾਂਦੀਆਂ ਨੇ। ਵਧਾ-ਚੜ੍ਹਾ ਕੇ ਕੀਤੀਆਂ ਗੱਲਾਂ ਹੀ ਦਿਲਚਸਪ ਬਣਦੀਆਂ ਹਨ। ਤੇ ਨਾਲੇ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਰੁਮਾਂਟਕ ਬਣਾ ਕੇ ਵੀ ਤਾਂ ਪੇਸ਼ ਕਰਨਾ ਹੁੰਦਾ ਹੈ। ਢਿੱਡ ਵਿੱਚ ਚਾਹੇ ਬਹੁਤ ਕੁਝ ਰਹਿ ਜਾਂਦਾ ਹੋਵੇ। ਮਾਨਸਿਕ ਪੀੜ ਚਿਹਰੇ ਉੱਤੇ ਆਉਣ ਹੀ ਨਹੀਂ ਦਿੰਦੇ। ਦੋ ਮਹੀਨੇ ਦੀ ਛੁੱਟੀ ਘਰ ਆ ਕੇ ਜੇ ਉਹ ਅਜੇ ਵੀ ਚਿੰਤਾ ਦਾ ਪਿੱਠੂ ਮੋਢਿਆਂ ਉੱਤੇ ਚੁੱਕੀ ਫਿਰਨ ਤਾਂ ਫੇਰ ਤਾਜ਼ੀ ਹਵਾ ਫੇਫੜਿਆਂ ਤੱਕ ਕਦੋਂ ਪਹੁੰਚੇਗੀ। ਕਿਰਪਾਲ ਦਾ ਜੀਅ ਕਰਦਾ ਰਹਿੰਦਾ ਕਿ ਉਹ ਵੀ ਨਿੱਕਾ ਸਿੰਘ ਫੌਜੀ ਬਣ ਜਾਵੇ ਤੇ ਵਧੀਆ ਜ਼ਿੰਦਗੀ ਬਤੀਤ ਕਰੇ। ਖੇਤ ਦੇ ਕੰਮ ਵਿੱਚ ਤਾਂ ਮਿੱਟੀ ਹੋ ਕੇ ਰਹਿਣ ਵਾਲੀ ਜੂਨ ਹੈ। ਤੇ ਫੇਰ ਇੱਕ ਵਾਰ ਜਦੋਂ ਨਿੱਕਾ ਸਿੰਘ ਛੁੱਟੀ ਖ਼ਤਮ ਕਰਕੇ ਛਾਉਣੀ ਗਿਆ ਤਾਂ ਕਿਰਪਾਲ ਵੀ ਉਹਦੇ ਨਾਲ ਸੀ। ਉਹ ਸਿਪਾਹੀ ਭਰਤੀ ਹੋ ਗਿਆ। ਉਸ ਵੇਲੇ ਉਹਦੀ ਉਮਰ ਮਸਾਂ ਵੀਹ ਸਾਲ ਸੀ।

ਇੱਕ ਸਾਲ ਬਾਅਦ ਉਹ ਆਪਣੇ ਪਿਉ ਨੂੰ ਹਰ ਮਹੀਨੇ ਮਨੀਆਰਡਰ ਭੇਜਣ ਲੱਗ ਪਿਆ। ਇਹਨਾਂ ਪੈਸਿਆਂ ਨਾਲ ਉਹਦੀ ਕਬੀਲਦਾਰੀ ਸੰਢੀ ਜਾ ਰਹੀ ਸੀ। ਉਹ ਸੁਖਾਲਾ-ਸੁਖਾਲਾ ਰਹਿਣ ਲੱਗਿਆ। ਪਿਓ ਨੂੰ ਇੱਕ ਖ਼ੁਸ਼ੀ ਇਹ ਵੀ ਕਿ ਚਲੋ ਉਹ ਜੇਠ-ਹਾੜ੍ਹ ਦੀਆਂ ਧੁੱਪਾਂ ਤੇ ਪੋਹ ਮਾਘ ਦੇ ਪਾਲ਼ੇ ਤੋਂ ਤਾਂ ਬਚਿਆ। ਚੰਗਾ ਖਾਂਦਾ-ਪੀਂਦਾ ਹੋਵੇਗਾ, ਚੰਗਾ ਪਹਿਨਦਾ ਹੋਵੇਗਾ, ਛਾਂ ਵਿੱਚ ਬੈਠਦਾ ਹੋਵੇਗਾ। ਉਹ ਛੁੱਟੀ ਆਇਆ ਤਾਂ ਉਹਦੀ ਸਿਹਤ ਜੰਗਲੀ ਬਿੱਲੇ ਜਿਹੀ ਬਣੀ ਹੋਈ ਸੀ। ਛੁੱਟੀ ਆਇਆ, ਉਹ ਰੰਮ ਵੀ ਲੈ ਕੇ ਆਇਆ। ਬਾਪੁ ਨੇ ਐਨੀ ਵਧੀਆ ਦਾਰੁ ਪਹਿਲਾਂ ਕਦੇ ਨਹੀਂ ਪੀਤੀ ਸੀ।

ਤੀਹ-ਬੱਤੀ ਸਾਲ ਦੀ ਉਮਰ ਵਿੱਚ ਉਹਨੂੰ ਸਾਕ ਵੀ ਹੋ ਗਿਆ। ਵਿਆਹ ਵੇਲੇ ਉਹ ਦੋ ਮਹੀਨਿਆਂ ਦੀ ਛੁੱਟੀ ਲੈ ਕੇ ਆਇਆ। ਪ੍ਰੀਤਮ ਕੌਰ ਸੁਹਣੀ ਬੜੀ ਸੀ। ਫੌਜੀ ਦੇ ਪਿਆਰ ਨੇ ਉਹਨੂੰ ਹੋਰ ਵੀ ਸੁਹਣੀ ਬਣਾ ਦਿੱਤਾ। ਉਹ ਛੁੱਟੀ ਕੱਟ ਕੇ ਜਾਂਦਾ ਤਾਂ ਕਿਰਪਾਲ ਦੀ ਮਾਂ ਬਹੂ ਨੂੰ ਫੁੱਲਾਂ-ਪਾਨਾਂ ਵਾਂਗ ਰੱਖਦੀ। ਉਹਦਾ ਦਿਲ ਲਵਾਈ ਰੱਖਦੀ। ਜਦੋਂ ਉਹ ਛਾਉਣੀ ਸੀ, ਇੱਕ ਵਾਰ ਪੀਤਮ ਕੌਰ ਨੂੰ ਨਾਲ ਵੀ ਲੈ ਗਿਆ। ਤੀਵੀਂ ਵਾਲੇ ਫੌਜੀ ਨੂੰ ਛਾਉਣੀ ਵਿੱਚ 'ਘਰਈਆ' ਆਖਦੇ। ਰਹਿਣ ਵਾਸਤੇ ਕੁਆਰਟ ਮਿਲ ਜਾਂਦਾ।

ਜਦੋਂ ਉਹ ਆਖ਼ਰੀ ਛੁੱਟੀ ਕੱਟ ਕੇ ਗਿਆ ਸੀ, ਜੋਗਿੰਦਰ ਨੂੰ ਸਾਕ ਵੀ ਹੋ ਗਿਆ ਸੀ। ਸਾਲ ਕੁ ਬਾਅਦ ਉਹਦਾ ਵਿਆਹ ਵੀ ਹੋ ਗਿਆ। ਪਰ ਉਹਦੀ ਬਹੂ ਪਹਿਲਾ ਜੁਆਕ ਜੰਮਣ ਵੇਲੇ ਹੀ ਪੂਰੀ ਹੋ ਗਈ। ਕਿਰਪਾਲ ਨਾ ਤਾਂ ਜੋਗਿੰਦਰ ਦੇ ਵਿਆਹ 'ਤੇ ਆ ਸਕਿਆ ਤੇ ਨਾ ਹੀ ਉਹਤੋਂ ਬਹੂ ਮਰੀ ਤੋਂ ਆਇਆ ਗਿਆ। ਪਾਕਿਸਤਾਨ ਨਾਲ ਖਟ-ਪਟੀ ਚੱਲ ਰਹੀ ਸੀ। ਉਹਨਾਂ ਦਿਨਾਂ ਵਿੱਚ ਉਹਦੀ ਡਿਉਟੀ ਬਾਰਡਰ ਉੱਤੇ ਸੀ।

ਕਿੱਧਰ ਜਾਵਾਂ?

111