ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/112

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਦੋਂ ਉਹ ਆਖ਼ਰੀ ਛੁੱਟੀ ਕੱਟ ਕੇ ਗਿਆ ਸੀ, ਜੋਗਿੰਦਰ ਨੂੰ ਸਾਕ ਵੀ ਹੋ ਗਿਆ ਸੀ। ਸਾਲ ਕੁ ਬਾਅਦ ਉਹਦਾ ਵਿਆਹ ਵੀ ਹੋ ਗਿਆ। ਪਰ ਉਹਦੀ ਬਹੂ ਪਹਿਲਾ ਜੁਆਕ ਜੰਮਣ ਵੇਲੇ ਹੀ ਪੂਰੀ ਹੋ ਗਈ। ਕਿਰਪਾਲ ਨਾ ਤਾਂ ਜੋਗਿਦਰ ਦੇ ਵਿਆਹ ਤੇ ਆ ਸਕਿਆ ਤੇ ਨਾ ਉਹਤੋਂ ਬਹੁ ਮਰੀ ਤੋਂ ਆਇਆ ਗਿਆ। ਪਾਕਿਸਤਾਨ ਨਾਲ ਖਟਪਟੀ ਚੱਲ ਰਹੀ ਸੀ। ਉਹਨਾਂ ਦਿਨਾਂ ਵਿੱਚ ਉਹਦੀ ਡਿਉਟੀ ਬਾਰਡਰ ਉੱਤੇ ਸੀ।

ਫੇਰ ਲੜਾਈ ਲੱਗ ਪਈ। ਉਹਨੂੰ ਛੁੱਟੀ ਨਹੀਂ ਮਿਲੀ ਸੀ। ਫੇਰ ਤਾਂ ਉਹਦਾ ਚਿੱਠੀ ਪੱਤਰ ਆਉਣਾ ਵੀ ਬੰਦ ਹੋ ਗਿਆ। ਪ੍ਰੀਤਮ ਕੌਰ ਚਿੱਠੀ ਲਿਖਵਾ ਕੇ ਭੇਜਦੀ, ਕੋਈ ਜਵਾਬ ਨਾ ਆਉਂਦਾ। ਜੋਗਿੰਦਰ ਚਿੱਠੀ ਲਿਖਵਾਉਂਦਾ, ਉਹਦਾ ਵੀ ਕੋਈ ਜਵਾਬ ਨਹੀਂ। ਜੋਗਿੰਦਰ ਨੇ ਮੰਡੀ ਜਾ ਕੇ ਤਾਰ ਵੀ ਦਿੱਤੀ। ਉਹਦਾ ਵੀ ਕੋਈ ਜਵਾਬ ਨਹੀਂ। ਸਾਰਾ ਟੱਬਰ ਹੈਰਾਨ, ਇਹ ਕੀ-ਪਹਿਲਾਂ ਤਾਂ ਉਹਦੀ ਚਿੱਠੀ ਦੋ ਮਹੀਨਿਆਂ ਬਾਅਦ ਹੀ ਆ ਜਾਂਦੀ।

ਤੇ ਫੇਰ ਇੱਕ ਦਿਨ ਉਹਦਾ ਬਿਸਤਰਾ ਪਿੰਡ ਆ ਗਿਆ। ਉਹਦੀ ਬਕਾਇਆ ਰਕਮ ਵੀ ਪ੍ਰੀਤਮ ਕੌਰ ਦੇ ਨਾਂ। ਲੜਾਈ ਮੁੱਕ ਚੁੱਕੀ ਸੀ। ਮੰਡੀ ਬੁਲਾ ਕੇ ਲੜਾਈ ਵਿੱਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾ-ਪਤਨੀਆਂ ਨੂੰ ਸਿਲਾਈ-ਮਸ਼ੀਨਾਂ ਭੇਟ ਕੀਤੀਆਂ ਗਈਆਂ। ਪੈਨਸ਼ਨਾਂ ਦੀਆਂ ਕਾਪੀਆਂ ਦਿੱਤੀਆਂ ਗਈਆਂ।

ਇੱਕ ਦੁੱਖ ਛੋਟੀ ਨੂੰਹ ਦਾ, ਦੂਜਾ ਵੱਡਾ ਦੁੱਖ ਵੱਡੇ ਪੁੱਤ ਦਾ, ਬੁੜ੍ਹੀ ਤੋਂ ਇਹ ਪੰਡ ਚੁੱਕੀ ਨਾ ਗਈ। ਉਹ ਵੀ ਉਸੇ ਰਾਹ ਤੁਰ ਪਈ।

ਪ੍ਰੀਤਮ ਕੌਰ ਲਈ ਨਾ ਹੁਣ ਹਮਦਰਦਣ ਸੱਸ ਸੀ ਤੇ ਨਾ ਸੱਸ ਦਾ ਪੁੱਤ, ਉਹਦੇ ਸਿਰ ਦਾ ਸਾਈਂ। ਘਰ ਦੀਆਂ ਕੰਧਾਂ ਦੀ ਛਾਂ ਉਹਨੂੰ ਮੌਤ ਵਰਗੀ ਲੱਗਦੀ।

ਪ੍ਰੀਤਮ ਕੌਰ ਦੇ ਮਾਪੇ ਆਏ ਤੇ 'ਚਾਦਰ' ਦੀ ਰਸਮ ਅਦਾ ਕਰ ਗਏ। ਜੋਗਿੰਦਰ ਰੋ ਰਿਹਾ ਸੀ। ਪ੍ਰੀਤਮ ਕੌਰ ਰੋ ਰਹੀ ਸੀ। ਵਾਹਿਗੁਰੂ ਨੂੰ ਇਹੀ ਮੰਨਜ਼ੂਰ ਸੀ। ਘਰ ਮੁੜਕੇ ਤੁਰਨ ਲੱਗ ਪਿਆ। ਬਾਪੂ ਦੀ ਉਮਰ ਦੇ ਹੋਰ ਸਾਲ ਵਧ ਗਏ। ਪ੍ਰੀਤਮ ਕੌਰ ਦੇ ਦੋ ਜੁਆਕ ਹੋਰ ਹੋਏ- ਇੱਕ ਮੁੰਡਾ ਤੇ ਇੱਕ ਕੁੜੀ। ਮੁੰਡੇ ਦਾ ਨਾਉਂ ਉਹਨੇ ਕਰਨੈਲ ਰੱਖਿਆ। ਵੱਡਾ ਜਰਨੈਲ ਛੋਟਾ ਕਰਨੈਲ। ਕੁੜੀ ਦਾ ਨਾਉਂ ਸਤਿਨਾਮ ਕੌਰ ਬਾਪੂ ਨੇ ਰੱਖਿਆ। ਆਖਦਾ- 'ਸਤਿਨਾਮ ਕਹੇ ਤੋਂ ਰੱਬ ਯਾਦ ਰਹਿੰਦੈ। ਰੱਬ ਜਿੱਥੇ ਰੱਖੇ ਸੱਚਾ ਪਾਤਸ਼ਾਹ, ਸ਼ੁਕਰ-ਸ਼ੁਕਰ ਕਰਕੇ ਮੰਨੇ ਭਾਈ। ਉਹਦੀ ਰਜ਼ਾ ਵਿੱਚ ਰਾਜ਼ੀ ਰਹੇ ਬੰਦਾ।'

ਜੋਗਿੰਦਰ ਸਾਊ ਬੜਾ ਸੀ ਤੇ ਕੰਮ ਦਾ ਪੂਰਾ। ਹਰ ਵੇਲੇ ਖੇਤਾਂ ਵਿੱਚ ਧਿਆਨ। ਪ੍ਰੀਤਮ ਕੌਰ ਮੂਹਰੇ ਉਹ ਨੜੇ ਵਾਂਗ ਉੱਧੜਦਾ ਫਿਰਦਾ। ਉਹਦੀ ਹਰ ਖਾਹਸ਼ ਪੂਰੀ ਕਰਦਾ। ਉਹਦੀ ਕੋਸ਼ਿਸ਼ ਹੁੰਦੀ, ਉਹ ਕਿਰਪਾਲ ਨੂੰ ਭੁੱਲੀ ਰਹੇ। ਇੱਕ ਤਰ੍ਹਾਂ ਨਾਲ ਉਹ ਆਪਣੇ ਵੱਡੇ ਵੀਰ ਕਿਰਪਾਲ ਦਾ ਹੀ ਕੋਈ ਕਰਜ਼ ਉਤਾਰ ਰਿਹਾ ਹੁੰਦਾ।

ਕੁਝ ਜ਼ਮੀਨ ਉਹ ਠੇਕੇ ਉੱਤੇ ਲੈ ਲੈਂਦਾ। ਇੱਕ ਸੀਰੀ ਰੱਖਦਾ। ਇੱਕ ਪਾਲ਼ੀ। ਇੱਕ ਹੱਲ ਦੀ ਖੇਤੀ ਸੋਹਣੀ ਰੋੜ੍ਹ ਰਿਹਾ ਸੀ। ਹਰ ਸਾਲ ਉਹ ਕਿਰਪਾਲ ਦੀ ਬਰਸੀ ਮਨਾਉਂਦੇ ਤੇ ਉਹਦੇ ਨਾਉਂ ਦਾ ਦਾਨ-ਪੁੰਨ ਕਰਦੇ।

ਪਰ ਦਿਲ ਉੱਤੇ ਚੜ੍ਹਕੇ ਬੈਠੇ ਜੀਅ ਦੀ ਯਾਦ ਕਦੋਂ ਪੁਰਾਣੀ ਹੁੰਦੀ ਹੈ। ਕਿਰਪਾਲ ਕਿਧਰੇ ਨਹੀਂ ਗਿਆ, ਪ੍ਰੀਤਮ ਕੌਰ ਸੋਚਦੀ ਰਹਿੰਦੀ, ਏਥੇ ਕਿਤੇ ਹੀ ਹੈ, ਸਦਾ ਉਹਦੇ

112

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ