ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/114

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕਿੱਥੇ ਰਹਿ ਗਈ ਸੀ। ਉਹਦਾ ਜੀਅ ਕਰਦਾ, ਉਹ ਘਰ ਛੱਡਕੇ ਭੱਜ ਜਾਵੇ। ਪਰ ਕਰਨੈਲ ਤੇ ਸਤਨਾਮ ਉਹਦੇ ਪੈਰਾਂ ਵਿੱਚ ਬੇੜੀਆਂ ਸਨ। ਉਹ ਕਿਧਰੇ ਨਹੀਂ ਜਾ ਸਕਦਾ ਸੀ। ਬੁੜ੍ਹਾ ਪਤਾ ਨਹੀਂ ਕਿੱਥੋਂ ਤੱਕ ਸੋਚਦਾ ਹੋਵੇਗਾ। ਪਰ ਵਾਹਿਗੁਰੂ-ਵਾਹਿਗੁਰੂ ਕਰ ਛੱਡਦਾ। ਕਦੇ-ਕਦੇ ਹਵਾ ਨੂੰ ਆਖਦਾ-'ਹੁਣ ਤਾਂ ਭਾਈ ਹਾਰ-ਨਿਵਾਰ ਕਰੋ ਆਵਦਾ।'

ਪੀਤਮ ਕੌਰ ਦੀ ਤਵੇ ਉੱਤੇ ਪਈ ਰੋਟੀ ਮੱਚ ਜਾਂਦੀ। ਉਹ ਕੱਪੜੇ ਵਿਚੋਂ ਸਾਬਣ ਕੱਢਣਾ ਭੁੱਲ ਜਾਂਦੀ। ਉਹਨੂੰ ਕੋਈ ਪਤਾ ਨਾ ਰਹਿੰਦਾ, ਘਰ ਵਿੱਚ ਕੀਹਨੇ ਰੋਟੀ ਖਾ ਲਈ, ਕੀਹਨੇ ਨਹੀਂ ਖਾਧੀ। ਉਹ ਆਪਣੇ ਜੁਆਕਾਂ ਨੂੰ ਘੂਰਨਾ ਭੁੱਲ ਗਈ। ਜਿਵੇਂ ਕੋਈ ਪਰਛਾਵਾਂ ਤੁਰਿਆ ਫ਼ਿਰਦਾ ਹੋਵੇ। ਤੀਵੀਆਂ ਉਹਦੇ ਵੱਲ ਝਾਕਦੀਆਂ ਤੇ ਝਾਕਦੀਆਂ ਹੀ ਰਹਿ ਜਾਂਦੀਆਂ। ਉਹਨੂੰ ਕੋਈ ਕੁਝ ਨਹੀਂ ਆਖਦੀ ਸੀ, ਕੋਈ ਕੁਝ ਨਹੀਂ ਪੁੱਛਦੀ ਸੀ। ਦੂਜੇ-ਚੌਥੇ ਦਿਨ ਹੀ ਉਹਨੂੰ ਦੌਰਾ ਪੈ ਜਾਂਦਾ। ਬੈਠੀ-ਬੈਠੀ ਦੀ ਦੰਦਬੀੜ ਜੁੜ ਜਾਂਦੀ। ਦਿਨੋ-ਦਿਨ ਉਹ ਪੀਲ਼ੀ ਪੈਂਦੀ ਜਾਂਦੀ ਸੀ। ਦਿਨੋ-ਦਿਨ ਉਹ ਸੁਕਦੀ ਜਾਂਦੀ। ਜਿਵੇਂ ਉਹਦੀਆਂ ਨਾੜਾਂ ਦਾ ਖੂਨ ਪਾਣੀ ਬਣਦਾ ਜਾ ਰਿਹਾ ਹੋਵੇ।

ਤਿੰਨੇ ਜੁਆਕ ਜੋਗਿੰਦਰ ਦੀ ਗੋਦੀ ਵਿੱਚ ਆ ਕੇ ਬੈਠਦੇ ਜਾਂ ਬੁੜ੍ਹੇ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਮਾਰਦੇ ਰਹਿੰਦੇ। ਕਿਰਪਾਲ ਉਹਨਾਂ ਲਈ ਇਉਂ ਸੀ ਜਿਵੇਂ ਕੋਈ ਚੰਦ ਦਿਨਾਂ ਲਈ ਘਰ ਵਿੱਚ ਮਹਿਮਾਨ ਆਇਆ ਹੋਵੇ। ਉਹ ਤਿੰਨਾ ਲਈ ਬਹੁਤ ਓਪਰਾ ਸੀ। ਜਰਨੈਲ ਉਹਦੇ ਕੋਲ ਜਾ ਕੇ ਬੈਠਦਾ ਹੀ ਨਾ। ਕਿਰਪਾਲ ਉਹਨੂੰ ਬਾਹੋਂ ਫੜਕੇ ਬੁੱਕਲ ਵਿੱਚ ਲੈਣ ਦੀ ਕੋਸ਼ਿਸ਼ ਕਰਦਾ। ਪਰ ਅੱਖਾਂ ਵਿੱਚ ਉਦਰੇਵੇਂ ਦਾ ਪਾਣੀ ਲੈ ਕੇ ਰਹਿ ਜਾਂਦਾ। ਮੁੰਡਾ ਤਾਂ ਉਹਦੇ ਵੱਲ ਝਾਕਦਾ ਤੱਕ ਨਹੀਂ ਸੀ। ਹਾਕੀ ਤੇ ਗੇਂਦ ਉੱਤੇ ਉਵੇਂ ਦੀਆਂ ਉਵੇਂ ਟਾਂਡ ਉੱਤੇ ਰੱਖੀਆਂ ਪਈਆ ਸਨ। ਉਹਨਾਂ ਉੱਤੇ ਧੂੜ ਜੰਮ ਰਹੀ ਸੀ। ਕਿਰਪਾਲ ਨੂੰ ਚਿੱਟੇ ਦਿਨ ਦੇ ਚਾਨਣ ਜਿਹਾ ਸੱਚ ਮਹਿਸੂਸ ਹੁੰਦਾ ਜਿਵੇਂ ਇਸ ਘਰ ਵਿੱਚ ਉਹਦਾ ਕੁਝ ਵੀ ਨਹੀਂ ਹੈ।

ਉਹ ਜਿਸ ਦਿਨ ਦਾ ਆਇਆ ਸੀ, ਕਦੇ ਹਥਾਈ ਦੀ ਸੱਥ ਵਿੱਚ ਜਾ ਕੇ ਨਹੀਂ ਬੈਠਾ। ਦੋ ਵਾਰ ਖੇਤ ਜ਼ਰੂਰ ਜਾ ਆਇਆ। ਜਿਵੇਂ ਖੇਤ ਵੀ ਉਹਦੇ ਨਾਲ ਰੁੱਸ ਗਏ ਹੋਣ। ਬੱਸ, ਉਹ ਘਰ ਵਿੱਚ ਰਹਿੰਦਾ। ਕਦੇ-ਕਦੇ ਬਾਪੂ ਨਾਲ ਕੋਈ ਹੋਰ ਗੱਲ ਕਰਦਾ। ਅਗਵਾੜ ਦੇ ਬੰਦੇ ਉਹਨੂੰ ਘਰ ਆ ਕੇ ਮਿਲ ਗਏ। ਉਹਦੇ ਆਉਣ ਦੀ ਖ਼ੁਸ਼ੀ ਜ਼ਾਹਰ ਕੀਤੀ। ਉਹਦੀ ਸੁੱਖ-ਸਾਂਦ ਪੁੱਛੀ। ਇਹ ਵੀ ਕਿ ਉਧਰ ਪਾਕਿਸਤਾਨ ਵਿੱਚ ਉਹਦੇ ਨਾਲ ਕੀ-ਕੀ ਬੀਤਿਆ। ਪ੍ਰੀਤਮ ਕੌਰ ਦੀ ਗੱਲ ਕਿਸੇ ਇੱਕ ਨੇ ਵੀ ਨਹੀਂ ਛੇੜੀ। ਫੇਰ ਤਾਂ ਉਹਦੇ ਕੋਲ ਕੋਈ ਆਉਂਦਾ ਵੀ ਨਹੀਂ ਸੀ। ਜਿਵੇਂ ਅਗਵਾੜ ਦੇ ਬੰਦਿਆਂ ਨੇ ਉਹਦੇ ਬਾਰੇ ਸਭ ਕੁਝ ਜਾਣ ਲਿਆ ਹੋਵੇ। ਜਿਵੇਂ ਉਹਦੇ ਕੋਲ ਦੱਸਣ ਲਈ ਕੁਝ ਬਾਕੀ ਰਹਿ ਹੀ ਨਾ ਗਿਆ ਹੋਵੇ। ਪਰ ਇੱਕ ਗੱਲ ਉਹਤੋਂ ਕਦੇ ਕੋਈ ਪੁੱਛਣ ਨਹੀਂ ਆਇਆ। ਇਹ ਗੱਲ ਉਹ ਕੀਹਨੂੰ ਦੱਸੇ? ਕੀਹਦੇ ਕੋਲ ਕਰੇ? ਉਹਨੂੰ ਲੱਗਦਾ, ਕਦੇ ਆਸਮਾਨ ਉਹਦੇ ਉੱਤੇ ਟੱਪ ਵਾਂਗ ਡਿੱਗ ਪਵੇਗਾ। ਉਹਨੂੰ ਲੱਗਦਾ, ਕਦੇ ਧਰਤੀ ਫਟ ਜਾਵੇਗੀ ਤੇ ਉਹਨੂੰ ਆਪਣੇ ਵਿੱਚ ਸਮਾ ਲਵੇਗੀ। ਪਰ ਅਜਿਹਾ ਕੁਝ ਹੁੰਦਾ ਵੀ ਤਾਂ ਨਹੀਂ ਦਿੱਸਦਾ ਸੀ।

ਅੰਮ੍ਰਿਤਸਰੋਂ ਖਰੀਦ ਕੇ ਲਿਆਂਦਾ ਬਾਲੋ ਵਾਲਾ ਸ਼ੀਸ਼ਾ ਪਤਾ ਨਹੀਂ ਕਿੱਥੇ ਸੀ।

114
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ