ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕੂਲ ਵਿੱਚ ਪੜ੍ਹਾਉਂਦਾ ਸਾਂ ਤੇ ਇੱਕ ਖੌਫ਼ਨਾਕ ਹਾਦਸੇ ਵਿੱਚ ਦੀ ਲੰਘ ਰਿਹਾ ਸਾਂ। ਓਦੋਂ ਉਹ ਆਇਆ ਸੀ ਤਾਂ ਦਿਨ ਦੇ ਦਿਨ ਮੈਨੂੰ ਮੇਰਾ ਦੁੱਖ ਭੁੱਲ ਗਿਆ। ਲੱਗਿਆ ਜਿਵੇਂ ਨਰਕ ਵਿਚੋਂ ਕੱਢ ਕੇ ਕਿਸੇ ਨੇ ਮੈਨੂੰ ਸ਼ੀਸ਼ ਮਹਿਲਾਂ ਵਿੱਚ ਬਿਠਾ ਦਿੱਤਾ ਹੋਵੇ।

ਸਕੂਲੋਂ ਬਾਹਰ ਆ ਕੇ ਮੈਂ ਉਹਨੂੰ ਆਖਿਆ-'ਪਹਿਲਾਂ ਆਪਾਂ ਡਾਕਖਾਨੇ ਚਲਦੇ ਆਂ। ਮੈਂ ਆਪਣੀ ਡਾਕ ਲੈ ਲਵਾਂ। ਫੇਰ ਕਿਤੇ ਬੈਠਾਂਗੇ।'

ਡਾਕਖਾਨਿਓਂ ਨਿੱਕਲ ਕੇ ਮੈਂ ਉਹਨੂੰ ਭਾਈਆਂ ਦੀ ਦੁਕਾਨ ਵਿੱਚ ਲੈ ਗਿਆ। ਕਾਊਂਟਰ ਤੇ ਖੜ੍ਹੇ ਮੁੰਡੇ ਨੂੰ ਆਖਿਆ ਕਿ ਉਹ ਦੋ ਗਿਲਾਸ ਗਾਜਰ ਦਾ ਰਸ ਬਣਾ ਦੇਵੇ। ਸੋਚਿਆ ਤਾਂ ਸੀ ਕਿ ਸੰਗਤਰਾ ਹੀ ਕਿਉਂ ਨਾ ਲਈਏ। ਗਾਜਰ ਦਾ ਰਸ ਸਸਤਾ ਸਮਝਕੇ ਗੁਰੂ ਕਿਤੇ ਬੁਰਾ ਮਹਿਸੂਸ ਨਾ ਕਰ ਜਾਵੇ। ਪਰ ਮੈਂ ਆਪਣੀ ਚੋਣ ਹੀ ਠੀਕ ਸਮਝੀ। ਗਾਜਰ ਦਾ ਰਸ ਉਹ ਬਣਾਉਂਦਾ ਵੀ ਪ੍ਰੇਮ ਨਾਲ ਸੀ, ਵਿੱਚ ਨਿੰਬੂ ਤੇ ਪੁਦੀਨਾ ਵੀ ਪਾ ਦਿੰਦਾ। ਇੱਕ ਟੁਕੜਾ ਚੁਕੰਦਰ ਦਾ ਕੱਟ ਕੇ ਵੀ, ਡੀਜ਼ਾਈਨਦਾਰ ਕੱਚ ਦੇ ਮੱਗਾਂ ਵਿੱਚ ਗਾਜਰ ਦਾ ਰਸ ਪੀਂਦਿਆਂ ਇੰਜ ਮਹਿਸੂਸ ਹੁੰਦਾ ਜਿਵੇਂ ਨਿਰਾ ਖ਼ੂਨ ਪੀ ਰਹੇ ਹੋਈਏ।

ਗਾਜਰ ਦੇ ਰਸ ਨੂੰ ਖ਼ੂਨ ਕਹਿਣ ਵਾਲੀ ਗੱਲ ਜਦੋਂ ਮੈਂ ਉਹਨੂੰ ਸੁਣਾਈ ਤਾਂ ਉਹ ਖਿੜਖਿੜਾ ਕੇ ਹੱਸਿਆ। ਮੇਰੇ ਕੋਲ ਸਕੂਲ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਉਹ ਚੁੱਪ-ਚਾਪ ਹੀ ਰਿਹਾ ਸੀ। ਉਹ ਉਹਦਾ ਪਹਿਲਾਂ ਠਹਾਕਾ ਸੀ, ਉਹਦੇ ਚਿਹਰੇ ਉੱਤੇ ਗੁਲਾਬ ਖਿੜੇ ਹੋਏ ਸਨ। ਪਰ ਮੈਂ ਦੇਖਿਆ, ਉਹਦੀਆਂ ਅੱਖਾਂ ਵਿਚਲੀ ਤਰਲ ਰੇਖਾ ਨੇ, ਉਹਦੇ ਠਹਾਕੇ ਨਾਲੋਂ ਕੋਈ ਇੱਕ ਚਿੱਪਰ ਝਾੜ ਕੇ ਰੱਖ ਲਈ, ਜਿਸ ਕਰਕੇ ਉਹਦਾ ਹਾਸਾ ਮੈਨੂੰ ਨਾਮੁਕੰਮਲ ਜਿਹਾ ਹੀ ਲੱਗਿਆ। ਪਰ ਮੈਂ ਉਹਤੋਂ ਪੁੱਛਿਆ ਕੁਝ ਨਹੀਂ। ਸੋਚਿਆ, ਹੋ ਸਕਦਾ ਹੈ ਕਿ ਇਹ ਮੇਰਾ ਭਰਮ ਹੋਵੇ।

ਰਸ ਦੇ ਮੱਗ ਮੇਜ਼ ਉੱਤੇ ਆ ਟਿਕੇ ਤਾਂ ਮੈਂ ਉਹਨੂੰ ਪੁੱਛਿਆ-'ਇੱਕ ਅਧੀਆ ਫੜ ਨਾ ਲਿਆਵਾਂ, ਅੰਗ੍ਰੇਜ਼ੀ ਦਾ। ਮੱਗਾਂ ਵਿੱਚ ਪਾ ਲਵਾਂਗੇ, ਥੋੜ੍ਹੀ ਥੋੜ੍ਹੀ। ਜ਼ਾਇਕਾ ਦੇਖੀ।'

ਪਰ ਉਹਨੇ ਮੈਨੂੰ ਇੱਕ ਦਮ ਰੋਕ ਦਿੱਤਾ-'ਲਹੂ ਵਿੱਚ ਸ਼ਰਾਬ ਦਾ ਕੀ ਕੰਮ? ਅੱਜ ਤੇਰੇ ਲਹੂ ਦਾ ਨਸ਼ਾ ਈ ਦੇਖਾਂਗੇ।' ਉਹ ਫੇਰ ਹੱਸਿਆ ਤੇ ਰਸ ਪੀਣ ਲੱਗਿਆ।

ਓਥੋਂ ਉੱਠ ਕੇ ਮੈਂ ਉਹਨੂੰ ਛੱਤਾ ਖੂਹ ਚੌਕ ਵੱਲ ਲੈ ਗਿਆ। ਦੱਸਿਆ- ਰੋਟੀ ਅਜੇ ਮੈਂ ਵੀ ਨੀ ਖਾਧੀ। ਕੋਈ ਸਬਜ਼ੀ ਲੈ ਕੇ ਤੇਰੀ ਭਰਜਾਈ ਨੂੰ ਦੇ ਆਈਏ।'

'ਥੋੜ੍ਹੀ ਦੂਰ ਜਾ ਕੇ ਉਹ ਤਿੜਕ ਉੱਠਿਆ- 'ਯਾਰ, ਰੋਟੀ ਦੇ ਮਾਰ ਗੋਲ਼ੀ। ਰੋਟੀ ਖਾ ਲਾਂਗੇ। ਕੋਈ ਰਿਕਸ਼ਾ ਲੈ, ਅੱਡੇ ਤੇ ਚਲਦੇ ਆਂ।'

'ਕਿਉਂ, ਅੱਡੇ ਤੇ ਕੀਹ ਐ?' ਮੈਂ ਵੀ ਖੜ੍ਹ ਕੇ ਉਹਨੂੰ ਪੁੱਛਿਆ।

'ਤੂੰ ਚੱਲ ਤਾਂ ਸਹੀ।' ਕਹਿ ਕੇ ਉਹਨੇ ਕੋਲ ਹੀ ਜਾਂਦੇ ਇੱਕ ਖਾਲੀ ਰਿਕਸ਼ੇ ਨੂੰ ਰੋਕ ਲਿਆ ਤੇ ਛਾਲ ਮਾਰ ਕੇ ਬੈਠ ਗਿਆ। ਮੈਨੂੰ ਵੀ ਬਿਠਾ ਲਿਆ। ਰਾਹ ਵਿੱਚ ਅਸੀਂ ਇੱਕ ਦੂਜੇ ਨਾਲ ਕੋਈ ਖ਼ਾਸ ਗੱਲ ਨਾ ਕੀਤੀ। ਆਉਂਦੇ ਜਾਂਦੇ ਲੋਕਾਂ ਦੇ ਚਿਹਰਿਆਂ ਨੂੰ ਤੱਕਦੇ। ਉਹ ਵੀ ਤੇ ਮੈਂ ਵੀ। ਕਦੇ-ਕਦੇ ਉਹ ਕਿਸੇ ਜਨਾਨੀ ਨੂੰ ਦੇਖਦਾ ਤੇ ਹੌਲੀ ਦੇ ਕੇ ਕੋਈ ਰਿਮਾਰਕ ਛੱਡ ਦਿੰਦਾ। ਸਿਰਫ਼ ਮੈਨੂੰ ਸੁਣਾਉਣ ਲਈ ਹੀ। ਮੈਂ ਪੋਲਾ ਜਿਹਾ ਮੁਸਕਰਾਉਂਦਾ ਤੇ ਚੁੱਪ ਰਹਿੰਦਾ।

ਲਗਾਓ

117