ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬੱਸ ਅੱਡੇ ਉੱਤੇ ਜਾ ਕੇ ਅਸੀਂ ਰਿਕਸ਼ਾ ਵਿੱਚੋਂ ਉਤਰੇ। ਮੈਂ ਰਿਕਸ਼ਾ ਵਾਲੇ ਨੂੰ ਪੈਸੇ ਦੇਣ ਲੱਗਿਆ ਤਾਂ ਗੁਰੂ ਟੈਕਸੀਆਂ ਵੱਲ ਚਲਿਆ ਗਿਆ। ਜਾਂਦੇ ਹੀ ਇੱਕ ਟੈਕਸੀ ਡਰਾਈਵਰ ਨਾਲ ਦੋ ਚਾਰ ਗੱਲਾਂ ਕੀਤੀਆਂ ਤੇ ਤਾਕੀ ਖੋਲ੍ਹ ਕੇ ਕਾਰ ਵਿੱਚ ਬੈਠ ਗਿਆ। ਓਦੋਂ ਤੱਕ ਮੈਂ ਵੀ ਉਹਦੇ ਕੋਲ ਜਾ ਖੜ੍ਹਾ ਸਾਂ। ਕਿਸੇ ਜਾਦੂ ਦੇ ਅਸਰ ਵਾਂਗ ਮੈਂ ਕਾਰ ਵਿੱਚ ਉਹਦੇ ਨਾਲ ਜਾ ਬੈਠਾ। ਸੋਚਿਆ, ਟੈਕਸੀ ਵਾਲਾ ਇਹਦਾ ਕੋਈ ਜਾਣੂ ਪਛਾਣੂ ਹੋਵੇਗਾ। ਮਿਲਿਆ ਹੈ ਤੇ ਕਾਰ ਵਿੱਚ ਬੈਠ ਗਿਆ ਹੈ।

ਸ਼ਹਿਰ ਵਿਚੋਂ ਦੋ ਮੀਲ ਬਾਹਰ ਨਿਕਲ ਕੇ ਮੈਂ ਉਹਨੂੰ ਪੁੱਛਿਆ-'ਗੁਰੂ, ਦੱਸ ਤਾਂ ਦੇਹ ਆਪਾਂ ਜਾ ਕਿੱਥੇ ਰਹੇ ਹਾਂ?'

ਉਹਨਾਂ ਮੇਰੇ ਪੱਟ ਉੱਤੇ ਜ਼ੋਰ ਦਾ ਧੱਫਾ ਮਾਰਿਆ ਤੇ ਕਹਿੰਦਾ-'ਤੇਰਾ ਲਹੂ ਤਾਂ ਪੀ ਲਿਆ, ਅੱਜ ਤੇਰੀ ਜਾਨ ਵੀ ਖਾਵਾਂਗਾ।' ਉਹਦੇ ਜਵਾਬ ਦੀ ਦਿਲਚਸਪੀ ਮੈਨੂੰ ਵਿਸਰ ਗਈ ਤੇ ਮੈਂ ਆਪਣਾ ਪੱਟ ਘੁੱਟਣ ਲਗਿਆ। ਉਹ ਹੱਸ ਰਿਹਾ ਸੀ।

ਦਸ ਮੀਲ ਉੱਤੇ ਜਾ ਕੇ ਇੱਕ ਪਿੰਡ ਆਇਆ। ਟੈਕਸੀ ਪਿੰਡ ਦੀ ਲਿੰਕ ਰੋਡ ਉੱਤੇ ਚੱਲਣ ਲੱਗੀ। ਗੁਰੂ ਡਰਾਈਵਰ ਦੇ ਕੰਨ ਕੋਲ ਹੋ ਕੇ ਕੁਝ ਦੱਸੀ ਜਾ ਰਿਹਾ ਸੀ ਤੇ ਟੈਕਸੀ ਪਿੰਡ ਦੀਆਂ ਪੱਕੀਆਂ ਗਲ਼ੀਆਂ ਉੱਤੇ ਏਧਰ-ਓਧਰ ਡੋਲਦੀ ਖੜਕਦੀ ਧੂੜ ਉਡਾਉਂਦੀ ਤੁਰੀ ਜਾ ਰਹੀ ਸੀ। ਪਿੰਡ ਦੇ ਪਰਲੇ ਪਾਸੇ ਇੱਕ ਚੌੜੇ ਜਿਹੇ ਦਰਵਾਜ਼ੇ ਅੱਗੇ ਟੈਕਸੀ ਜਾ ਰੁਕੀ। ਉਹ ਮੁਸਕਰਾਇਆ ਤੇ ਮੈਨੂੰ ਕਹਿੰਦਾ-'ਉਠ ਹੁਣ।'

ਦਰਵਾਜ਼ੇ ਵਿੱਚ ਇੱਕ ਬੁੜ੍ਹੀ ਮੰਜੇ ਉੱਤੇ ਬੈਠੀ ਸੂਤ ਅਟੇਰ ਰਹੀ ਸੀ। ਗੁਰੂ ਨੇ ਉਹਨੂੰ ਮੱਥਾ ਟੇਕਿਆ ਤੇ ਉਹਦੇ ਕੋਲ ਹੀ ਮੰਜੇ ਉੱਤੇ ਬੈਠ ਗਿਆ। ਬੁੜ੍ਹੀ ਨੇ ਉਹਨੂੰ ਸਿਆਣ ਲਿਆ। ਉਹ ਅਸੀਸਾਂ ਦੇਣ ਲੱਗੀ। ਮੈਂ ਦੂਜੇ ਮੰਜੇ ਉੱਤੇ ਬੈਠ ਗਿਆ। ਡਰਾਈਵਰ ਟੈਕਸੀ ਵਿੱਚ ਮਗਰਲੀ ਸੀਟ ਉੱਤੇ ਲੰਮਾ ਪੈ ਗਿਆ ਸੀ। ਮੈਂ ਅੰਦਾਜ਼ਾ ਲਾਇਆ ਕਿ ਗੁਰੂ ਨੇ ਛੇਤੀ ਹੀ ਵਾਪਸ ਏਸੇ ਟੈਕਸੀ ਵਿੱਚ ਮੁੜਨਾ ਹੋਵੇਗਾ।

ਬੁੜ੍ਹੀ ਉੱਠ ਕੇ ਵਿਹੜੇ ਵਿੱਚ ਗਈ ਤਾਂ ਉਹ ਮੇਰੇ ਮੰਜੇ ਉੱਤੇ ਆ ਬੈਠਾ। ਹੌਲੀ ਦੇ ਕੇ ਮੈਨੂੰ ਸਮਝਾਉਣ ਲੱਗਿਆ-'ਬੁੜ੍ਹੀ ਹੁਣ ਮੁੜ ਕੇ ਆ ਕੇ ਤੇਰੇ ਕੋਲ ਦਰਵਾਜ਼ੇ 'ਚ ਬੈਠੂਗੀ, ਤੂੰ ਇਹਦੇ ਨਾਲ ਇਹਦੇ ਮੁੰਡੇ ਦੀਆਂ ਗੱਲਾਂ ਕਰੀਂ, ਉਹ ਬਿਜਲੀ ਬੋਰਡ ਵਿੱਚ ਕਲਰਕ ਐ। ਦਾਰੂ ਬਹੁਤ ਪੀਂਦੈ, ਤੂੰ ਉਹਦੀ ਦਾਰੂ ਦੀ ਨਿੰਦਿਆਂ ਕਰੀਂ। ਫੇਰ ਨੀ ਬੁੜ੍ਹੀ ਤੇਰੇ ਕੋਲੋਂ ਉਠਦੀ।'

ਬੁੜ੍ਹੀ ਦੀ ਨੂੰਹ ਕਾਹਲੇ ਕਦਮੀਂ ਸਾਡੇ ਕੋਲ ਦਰਵਾਜ਼ੇ ਵਿੱਚ ਆਈ ਤੇ ਮੰਜੇ ਉੱਤੇ ਬੈਠ ਕੇ ਗੁਰੂ ਦਾ ਹਾਲ-ਚਾਲ ਪੁੱਛਣ ਲੱਗੀ। ਲਗਦੇ ਹੱਥ ਗੁਰੂ ਨੇ ਮੇਰੀ ਜਾਣਕਾਰੀ ਵੀ ਉਹਨੂੰ ਦੇ ਦਿੱਤੀ। ਮਗਰ ਦੀ ਮਗਰ ਬੁੜ੍ਹੀ ਵੀ ਦਰਵਾਜ਼ੇ ਵਿੱਚ ਆ ਬੈਠੀ।

ਅਸੀਂ ਚਾਰੇ ਏਧਰ ਓਧਰ ਦੀਆਂ ਗੱਲਾਂ ਕਰਨ ਲੱਗੇ। ਬਾਰ ਵਿੱਚ ਖੜ੍ਹੀ ਟੈਕਸੀ ਦੇਖ ਕੇ ਦੋ ਤਿੰਨ ਗਵਾਂਢੀ ਬੁੜ੍ਹੀਆਂ ਸਾਨੂੰ ਦੇਖਣ ਆਈਆਂ ਤੇ ਗੁਰੂ ਨੂੰ ਪਛਾਣ ਕੇ ਮੁੜ ਗਈਆਂ। ਗੁਰੂ ਪਹਿਲਾਂ ਵੀ ਓਥੇ ਕਈ ਵਾਰ ਆਇਆ ਹੋਵੇਗਾ। ਬਹੂ ਦੇ ਤਾਏ ਚਾਚੇ ਦਾ ਮੁੰਡਾ ਸਮਝ ਕੇ ਉਨ੍ਹਾਂ ਬੁੜ੍ਹੀਆਂ ਦੀ ਤਸੱਲੀ ਹੋ ਗਈ ਹੋਵੇਗੀ। ਨਿੱਕੇ ਨਿੱਕੇ ਮੁੰਡੇ ਕੁੜੀਆਂ ਟੈਕਸੀ ਦੇ ਆਲੇ-ਦੁਆਲੇ ਫਿਰ ਰਹੇ ਸਨ। ਇੱਕ ਦੂਜੇ ਨਾਲ ਛੇੜ ਛਾੜ ਕਰ ਰਹੇ ਸਨ।

118
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ