ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/119

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੁੜ੍ਹੀ ਦੀ ਨੂੰਹ ਅੰਦਰ ਰਸੋਈ ਵਿੱਚ ਚਾਹ ਧਰਨ ਗਈ ਤਾਂ ਗੁਰੂ ਵੀ ਥੋੜ੍ਹੀ ਦੇਰ ਬਾਅਦ ਦਰਵਾਜ਼ੇ ਵਿਚੋਂ ਉਠ ਕੇ ਉਹਦੇ ਮਗਰ ਚਲਿਆ ਗਿਆ। ਮੈਂ ਬੁੜ੍ਹੀ ਨਾਲ ਉਹਦੇ ਮੁੰਡੇ ਦੀਆਂ ਗੱਲਾਂ ਛੇੜ ਲਈਆਂ।

ਕਦੇ-ਕਦੇ ਗੁਰੂ ਦੇ ਚੀਕ ਮਾਰਨ ਵਾਂਗ ਹੱਸਣ ਦੀ ਆਵਾਜ਼ ਦਰਵਾਜ਼ੇ ਤੱਕ ਪਹੁੰਚ ਜਾਂਦੀ। ਉਨ੍ਹਾਂ ਦੀਆਂ ਗੱਲਾਂ ਦੀ ਗੁਣ-ਗੁਣ ਤਾਂ ਲਗਾਤਾਰ ਹੀ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਅਸਲ ਵਿੱਚ ਮੇਰੇ ਕੰਨ ਤਾਂ ਰਸੋਈ ਵੱਲ ਹੀ ਲੱਗੇ ਹੋਏ ਸਨ। ਬੁੜ੍ਹੀ ਦੀ ਗੱਲ ਦਾ ਹੁੰਗਾਰਾ ਤਾਂ ਮੈ ਹੂੰ-ਹਾਂ ਕਰਕੇ ਹੀ ਭਰ ਰਿਹਾ ਸਾਂ। ਇੱਕ ਗੱਲ ਉਹ ਖ਼ਤਮ ਕਰਦੀ ਤਾਂ ਮੈਂ ਨਾਲ ਲੱਗਦਾ ਦੂਜਾ ਸਵਾਲ ਕਰ ਦਿੰਦਾ। ਬੁੜ੍ਹੀ ਬੋਲਦੀ ਰਹਿੰਦੀ।

ਬੁੜ੍ਹੀ ਦੀ ਨੂੰਹ ਮੇਰੇ ਤੇ ਬੁੜ੍ਹੀ ਵਾਸਤੇ ਚਾਹ ਦੇ ਦੋ ਗਲਾਸ ਲੈ ਆਈ। ਗੁਰੂ ਆਪਣਾ ਗਿਲਾਸ ਆਪ ਚੁੱਕ ਲਿਆਇਆ। ਅਸੀਂ ਚਾਹ ਪੀਣ ਲੱਗੇ। ਨੂੰਹ ਅੰਦਰ ਕਮਰੇ ਵਿੱਚ ਚਲੀ ਗਈ। ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਬੱਚਾ ਸੁੱਤਾ ਪਿਆ ਜਾਗ ਉੱਠਿਆ ਹੋਵੇਗਾ। ਉਹ ਓਸੇ ਨੂੰ ਸੰਭਾਲਣ ਗਈ ਹੋਵੇਗੀ।

ਗੁਰੂ ਨੇ ਆਪਣੇ ਗਿਲਾਸ ਵਿਚੋਂ ਇੱਕ ਘੁੱਟ ਭਰੀ। ਉਹ ਅੰਦਰ ਰਸੋਈ ਵਿੱਚ ਗਿਆ ਤੇ ਇੱਕ ਗਿਲਾਸ ਹੋਰ ਲਿਆ ਕੇ ਬਾਹਰ ਡਰਾਈਵਰ ਨੂੰ ਦੇ ਆਇਆ। ਪਹਿਲਾਂ ਉਹ ਭੁੱਲ ਗਿਆ ਹੋਵੇਗਾ।

ਏਸ ਦੌਰਾਨ ਬੁੜ੍ਹੀ ਨੇ ਮੈਨੂੰ ਦੱਸਿਆ- 'ਸਵੇਰ ਦਾ ਈ ਸੁੱਤਾ ਪਿਐ ਜਿਉਣ ਜੋਗਾ। ਪਤਾ ਨ੍ਹੀ, ਢਿੱਲੇ ਕੁੱਛ, ਭਾਈ।' ਤੇ ਫੇਰ ਬੁੜ੍ਹੀ ਦਰਵਾਜ਼ੇ ਵਿਚੋਂ ਹੀ ਉੱਚਾ ਬੋਲੀ-'ਕੁੜੇ ਬਹੂ, ਇਹਨੂੰ ਦੁੱਧ ਚੁੰਘਾ ਦੇ। ਹੁਣ ਉੱਠ ਖੜ੍ਹਨ ਦੇ। ਐਂ ਨ੍ਹੀ ਟਿਕਦਾ ਹੁਣ ਏਹ। ਨਹੀਂ ਲਿਆ ਮੈਨੂੰ ਦੇ ਜਾ।'

ਬੱਚਾ ਅਜੇ ਵੀ ਰੋਈ ਜਾ ਰਿਹਾ ਸੀ।

ਅਸੀਂ ਚਾਹ ਖ਼ਤਮ ਕੀਤੀ ਤੇ ਬਾਹਰੋਂ ਪੰਜ-ਛੇ ਸਾਲ ਦੀ ਇੱਕ ਕੁੜੀ ਆਈ ਤੇ ਬੁੜ੍ਹੀ ਦੀ ਗੋਦੀ ਵਿੱਚ ਲਿਟ ਗਈ। ਗੁਰੂ ਨੇ ਉਹਨੂੰ ਆਪਣੀ ਬੁੱਕਲ ਵਿੱਚ ਖਿੱਚ ਲਿਆ। ਪਿਆਰ ਕਰਨ ਲੱਗਿਆ।

ਹੁਣ ਬੱਚਾ ਚੁੱਪ ਹੋ ਚੁੱਕਿਆ ਸੀ। ਗੁਰੂ ਨੇ ਕੁੜੀ ਨੂੰ ਮੇਰੇ ਕੋਲ ਬਿਠਾਇਆ ਤੇ ਅੱਖਾਂ ਵਿੱਚ ਹੀ ਕੁਝ ਸਮਝਾ ਕੇ ਉਹ ਅੰਦਰ ਕਮਰੇ ਵਿੱਚ ਚਲਿਆ ਗਿਆ। ਮੈਂ ਹੁਣ ਕੁੜੀ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗਿਆ। ਬੁੜ੍ਹੀ ਨੇ ਆਪਣਾ ਅਟੇਰਨ ਚੁੱਕ ਲਿਆ। ਬੁੜ੍ਹੀ ਦੀ ਨੂੰਹ ਅੰਦਰੋਂ ਆਈ ਤੇ ਚਾਹ ਦਾ ਗਿਲਾਸ ਕੁੜੀ ਨੂੰ ਦੇ ਗਈ। ਉਸਨੇ ਖ਼ੁਦ ਸ਼ਾਇਦ ਚਾਹ ਨਹੀਂ ਪੀਤੀ ਹੋਵੇਗੀ। ਗੁਰੂ ਇੱਕ ਵਾਰ ਮੁੰਡੇ ਨੂੰ ਹੱਥਾਂ ਵਿੱਚ ਚੁੱਕੀ ਦਰਵਾਜ਼ੇ ਵਿੱਚ ਆਇਆ ਤੇ ਉਹਨੂੰ ਪਿਆਰ ਕਰਦਾ ਕਰਦਾ ਫੇਰ ਅੰਦਰ ਕਮਰੇ ਵਿੱਚ ਚਲਿਆ ਗਿਆ।

ਮੈਂ ਕੁੜੀ ਨਾਲ ਲਗਾਤਾਰ ਹੀ ਬੇ-ਸਿਰ ਪੈਰੀਆਂ ਜਿਹੀਆਂ ਗੱਲਾਂ ਕਰਦਾ ਜਾ ਰਿਹਾ ਸਾਂ। ਉਹ ਮੇਰੇ ਨਾਲ ਪੂਰਾ ਪਰਚ ਗਈ। ਮੇਰਾ ਕੰਨ ਅੰਦਰ ਕਮਰੇ ਵੱਲ ਸੀ। ਮੁੰਡਾ ਚੁੱਪ ਸੀ। ਗੁਰੂ ਤੇ ਬੁੜ੍ਹੀ ਦੀ ਨੂੰਹ ਦੀ ਵੀ ਕੋਈ ਆਵਾਜ਼ ਨਹੀਂ ਆ ਰਹੀ ਸੀ।

ਥੋੜ੍ਹੀ ਦੇਰ ਬਾਅਦ ਗੁਰੂ ਓਵੇਂ ਜਿਵੇਂ ਹੱਥਾਂ ਵਿੱਚ ਮੁੰਡੇ ਨੂੰ ਚੁੱਕੀ ਸਾਡੇ ਕੋਲ ਦਰਵਾਜ਼ੇ ਵਿੱਚ ਆਇਆ ਤੇ ਮੁੰਡੇ ਨੂੰ ਬੁੜ੍ਹੀ ਦੀ ਗੋਦੀ ਵਿੱਚ ਬਿਠਾ ਕੇ ਮੈਨੂੰ ਇੱਕ ਦਮ ਹੁਕਮ ਜਿਹਾ ਕੀਤਾ-ਚੱਲ ਬਈ। ਖੜ੍ਹਾ ਹੋਜਾ।'

ਲਗਾਓ

119