ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਾਤ ਗੁਰੂ ਕਮਰੇ ਵਿੱਚ ਜਾਂਦਾ ਤੇ ਉਹ ਪੰਜ ਵਜੇ ਤੱਕ ਜਾਗਦੇ ਰਹਿੰਦੇ ਤੇ ਫੇਰ ਘਰਦਿਆਂ ਦੇ ਉੱਠਣ ਤੋਂ ਪਹਿਲਾਂ ਉਹ ਮਲਕੜੇ ਜਿਹੇ ਕਮਰੇ ਤੋਂ ਬਾਹਰ ਹੋ ਜਾਂਦਾ।

ਇੱਕ ਵਾਰ ਦੀ ਉਹਨੇ ਗੱਲ ਸੁਣਾਈ। ਕਮਰੇ ਦਾ ਖੜਕਾ ਸੁਣਕੇ ਖ਼ਜ਼ਾਨਚੀ ਜਾਗ ਉੱਠਿਆ। ਕਮਰੇ ਦਾ ਬਾਰ ਖੁਲ੍ਹਵਾਇਆ ਤਾਂ ਗੁਰੂ ਅੰਦਰ ਸੀ। ਖ਼ਜ਼ਾਨਚੀ ਨੇ ਪਛਾਣ ਲਿਆ ਪਰ ਬੋਲਿਆ ਕੁਝ ਨਾ। ਸੁੰਨ ਦਾ ਸੁੰਨ ਬਣਿਆ ਖੜ੍ਹਾ ਰਿਹਾ। ਗੁਰੂ ਨੇ ਧੀਰਜ ਨਾਲ ਕਮਰੇ ਦਾ ਗਲੀ ਵਾਲਾ ਬਾਰ ਖੋਲ੍ਹਿਆ ਤੇ ਬਾਹਰ ਹੋ ਗਿਆ। ਖ਼ਜ਼ਾਨਚੀ ਨੇ ਗਲੀ ਵਿੱਚ ਆ ਕੇ ਰੌਲਾ ਪਾ ਦਿੱਤਾ-ਚੋਰ ... ਚੋਰ ....ਸਾਰਾ ਮੁਹੱਲਾ ਇਕੱਠਾ ਹੋ ਗਿਆ। ਕਿਸੇ ਕੋਲ ਹਾਕੀ, ਕਿਸੇ ਕੋਲ ਬੰਦੂਕ, ਬਹੁਤੇ ਖ਼ਾਲੀ ਹੱਥ ਹੀ ਕੰਬਲਾਂ ਦੀਆਂ ਬੁੱਕਲਾਂ ਮਾਰੀ ਖ਼ਜ਼ਾਨਚੀ ਦੇ ਦਰਵਾਜ਼ੇ ਅੱਗੇ ਆ ਖੜ੍ਹੇ ਤੇ ਉਹਦੇ ਕੋਲੋਂ ਚੋਰ ਬਾਰੇ ਪੁੱਛਣ ਲੱਗੇ। ਲੋਕ ਜੋਸ਼ ਵਿੱਚ ਸਨ, 'ਦੱਸ ਕਿੱਧਰ ਨੂੰ ਗਿਐ ਚੋਰ? ਕਿੱਥੋਂ ਦੀ ਆਇਆ? ਕੁਛ ਲੈ ਤਾਂ ਨ੍ਹੀ ਗਿਆ? 'ਬੋਲਣ ਵਾਲਿਆਂ ਵਿੱਚ ਗੁਰੂ ਵੀ ਗੰਡਾਸਾ ਲਈ ਖੜ੍ਹਾ ਸੀ। ਖ਼ਜ਼ਾਨਚੀ ਇੰਜ ਸਾਰੀ ਕਹਾਣੀ ਬਿਆਨ ਕਰ ਰਿਹਾ ਸੀ ਜਿਵੇਂ ਹੁਣੇ ਚੋਰ ਗਿਆ ਹੋਵੇ। ਦਰਵਾਜ਼ੇ ਅੱਗੇ ਖਲੋਤੇ ਲੋਕਾਂ ਦੇ ਮਨਾਂ ਉੱਤੇ ਚੋਰ ਦਾ ਪ੍ਰਛਾਵਾਂ ਪ੍ਰਤੱਖ ਦਿਸ ਰਿਹਾ ਸੀ। ਗੁਰੂ ਜਾਣਦਾ ਸੀ, ਬੁੜ੍ਹਾ ਕਿਸੇ ਨਾਟਕ ਪਾਰਟੀ ਵਿੱਚ ਕੰਮ ਕਰਦਾ ਰਿਹਾ ਹੋਵੇਗਾ ਪਰ ਗੁਰੂ ਵੱਲ ਉਂਗਲ ਕਰਨ ਦੀ ਉਹਦੇ ਵਿੱਚ ਹਿੰਮਤ ਨਹੀਂ ਸੀ।

ਤੇ ਫੇਰ ਦੋ ਮਹੀਨਿਆਂ ਦੇ ਅੰਦਰ ਅੰਦਰ ਖ਼ਜ਼ਾਨਚੀ ਨੇ ਇੱਕ ਮੁੰਡਾ ਲੱਭਿਆ ਤੇ ਸਿਮ੍ਰਿਤੀ ਨੂੰ ਕਾਲਜੋਂ ਹਟਾ ਕੇ ਵਿਆਹ ਦਿੱਤਾ। ਉਹ ਵਿਆਹੀ ਗਈ ਤਾਂ ਗੁਰੂ ਵੀ ਕਾਲਜੋਂ ਹਟ ਗਿਆ। ਅਵਾਰਾ ਫਿਰਨ ਲੱਗਿਆ।

ਸਿਮ੍ਰਿਤੀ ਦੇ ਵਿਆਹ ਤੋਂ ਪਹਿਲਾਂ ਗੁਰੂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਦੇ ਨਾਲ ਹੀ ਉਸ ਦਾ ਵਿਆਹ ਹੋ ਜਾਵੇ ਪਰ ਗੱਲ ਤੁਰ ਹੀ ਨਹੀਂ ਸਕੀ ਸੀ। ਸਿਮ੍ਰਿਤੀ ਦੇ ਬਾਪ ਨੇ ਤਾਂ ਮੰਨਣਾ ਕੀ ਸੀ, ਗੁਰੂ ਦਾ ਬਾਪ ਵੀ ਡੰਡਾ ਲੈ ਕੇ ਦੌੜਿਆ ਸੀ। ਅਸਲ ਰੁਕਾਵਟ ਜ਼ਾਤ ਬਰਾਦਰੀ ਦਾ ਫ਼ਰਕ ਸੀ। ਸਿਮ੍ਰਿਤੀ ਬਾਪ ਦੀ ਮਰਜ਼ੀ ਦੇ ਉਲਟ ਨਹੀਂ ਜਾ ਸਕਦੀ ਸੀ।

ਉਸ ਆਖ਼ਰੀ ਦਿਨ ਜਦੋਂ ਅਸੀਂ ਚੁਬਾਰੇ ਵਿੱਚ ਬੈਠੇ ਪੀ ਰਹੇ ਸਾਂ ਤਾਂ ਉਹਨੇ ਮੈਨੂੰ ਦੱਸਿਆ ਕਿ ਉਹ ਸਿਮ੍ਰਿਤੀ ਨਾਲ ਪਵਿੱਤਰ ਰਿਹਾ ਸੀ। ਉਹਦੇ ਲਈ ਉਹ ਸਦਾ ਹੀ ਦੇਵੀ ਬਣੀ ਰਹੀ। ਉਹਨੇ ਤਾਂ ਬੱਸ ਉਹਦੀ ਪੂਜਾ ਹੀ ਕੀਤੀ।

ਮੈਂ ਤਿੜਕ ਕੇ ਕਿਹਾ-'ਆਂ, ਦੇਵੀ ਤੂੰ ਉਹਨੂੰ ਕਿਹੜਾ ਸਮਝਿਆ ਹੋਣੈ? ਕੁੜੀਆਂ ਨਾਲ ਤੇਰੇ ਸੰਬੰਧ ਰਹੇ, ਉਹਦੇ ਨਾਲ ਫੇਰ ਏਸ ਤਰ੍ਹਾਂ ਕਿਉਂ?'

'ਨਾ, ਸਿਮ੍ਰਿਤੀ ਪਹਿਲੀ ਕੁੜੀ ਸੀ ਜਿਸ ਨੂੰ ਮੈਂ ਪਾਕ ਮੁਹੱਬਤ ਕੀਤੀ। ਵਿਆਹ ਪਿੱਛੋਂ ਮਨ ਭੜਕ ਉੱਠਿਆ। ਸੋਚਿਆ, ਜਿਸਨੂੰ ਚਾਹਿਆ, ਉਹ ਮਿਲੀ ਨਾ, ਹੁਣ ਕੀ ਐ। ਤੇ ਫਿਰ ਮੇਰੇ ਵਾਸਤੇ ਹੋਰ ਕੋਈ ਵੀ ਕੁੜੀ ਪਵਿੱਤਰ ਨਾ ਰਹੀ।' ਤੇ ਫੇਰ ਉਹਨੇ ਦੱਸਿਆ ਕਿ ਉਸਦੇ ਵਿਆਹ ਪਿੱਛੋਂ ਵੀ ਉਹ ਉਹਨੂੰ ਮਿਲਦਾ ਰਿਹਾ। ਜਦੋਂ ਵੀ ਉਹ ਉਸ ਸ਼ਹਿਰ ਬਾਪ ਦੇ ਘਰ ਆਈ ਹੁੰਦੀ, ਉਹ ਮਿਲਦੇ। ਸਿਮ੍ਰਿਤੀ ਦੇ ਸਹੁਰੇ ਪਿੰਡ ਵੀ ਉਹ ਦੋ ਵਾਰੀ ਜਾ ਕੇ ਆਇਆ ਸੀ। ਉਹ ਮਿਲਦੇ ਤਾਂ ਗੱਲਾਂ ਹੀ ਕਰਦੇ। ਗੁਰੂ ਨੇ ਕਦੇ ਉਹਦਾ ਹੱਥ ਫੜ ਕੇ ਵੀ ਨਹੀਂ ਦੇਖਿਆ। ਗੱਲਾਂ ਕਰਨ ਨਾਲ ਹੀ ਇੱਕ ਰੱਜ ਜਿਹਾ ਆ ਜਾਂਦਾ।

122

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ