ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦਿਨ ਗੁਰੂ ਨੇ ਮੈਨੂੰ ਸਿਮ੍ਰਿਤੀ ਦੇ ਪਿੰਡ ਦਾ ਨਾਉਂ ਨਹੀਂ ਦੱਸਿਆ ਸੀ। ਮੈਂ ਵੀ ਉਚੇਚ ਨਾਲ ਨਹੀਂ ਪੁੱਛਿਆ ਹੋਵੇਗਾ। ਉਹ ਤਾਂ ਆਪ-ਮੁਹਾਰਾ ਹੀ ਬੋਲਦਾ ਜਾ ਰਿਹਾ ਸੀ ਤੇ ਮੈਂ ਸੁਣਦਾ ਰਿਹਾ। ਇੱਕ ਆਮ ਕਿੱਸੇ ਵਾਂਗ ਹੀ, ਜਿਸ ਤਰ੍ਹਾਂ ਦੇ ਕਿੱਸੇ ਉਹ ਹੋਰ ਕੁੜੀਆਂ ਦੇ ਸੁਣਾਇਆ ਕਰਦਾ ਤੇ ਮੈਂ ਸਿਰ ਸੁੱਟ ਕੇ ਸੁਣ ਲੈਂਦਾ। ਉਹਨੇ ਦੱਸਿਆ ਕਿ ਉਹ ਫੇਰ ਜਦੋਂ ਵੀ ਸਿਮ੍ਰਿਤੀ ਨੂੰ ਮਿਲਦਾ ਤਾਂ ਇੱਕ ਅਜੀਬ ਜਿਹਾ ਪਵਿੱਤਰਤਾ ਦਾ ਜਾਦੂ ਅਸਰ ਉਹਦੇ ਉੱਤੇ ਹੋਣ ਲਗਦਾ ਤੇ ਉਹ ਉਹਦੇ ਨਾਲ ਊਟ-ਪਟਾਂਗ ਜਿਹੀਆਂ ਗੱਲਾਂ ਹੀ ਕਰਦਾ। ਗੱਲਾਂ ਜਿਹੜੀਆਂ ਬਾਅਦ ਵਿੱਚ ਉਹਨੂੰ ਯਾਦ ਤੱਕ ਵੀ ਨਹੀਂ ਰਹਿ ਜਾਂਦੀਆਂ ਸਨ। ਤੇ ਜਿਨ੍ਹਾਂ ਗੱਲਾਂ ਦਾ ਉਸਨੂੰ ਖੁਰਾ ਵੀ ਨਹੀਂ ਲੱਭਦਾ ਸੀ। ਕਿੱਥੋਂ ਸ਼ੁਰੂ ਹੋਈਆਂ ਜਿੱਥੇ ਮੁੱਕ ਗਈਆਂ। ਫੇਰ ਵੀ ਸਿਮ੍ਰਿਤੀ ਨੂੰ ਦੁਬਾਰਾ ਮਿਲਣ ਦੀ ਇੱਕ ਤਲਬ ਜਿਹੀ ਹਮੇਸ਼ਾ ਹੀ ਲੱਗੀ ਰਹਿੰਦੀ।

ਉਸ ਦਿਨ ਸ਼ਾਮ ਦੀ ਗੱਡੀ ਜਦ ਉਹ ਮੇਰੇ ਸ਼ਹਿਰੋਂ ਮੇਰੇ ਕੋਲੋਂ ਜਾ ਰਿਹਾ ਸੀ ਤੇ ਬਿਲਕੁਲ ਖ਼ਾਮੋਸ਼ ਬੈਠਾ ਹੋਇਆ ਸੀ। ਮੈਂ ਉਹਨੂੰ ਹੌਲੀ ਦੇ ਕੇ ਪੁੱਛਿਆ, 'ਤੂੰ ਹੁਣ ਐਨੇ ਵਰ੍ਹਿਆਂ ਮਗਰੋਂ ਸਿਮ੍ਰਿਤੀ ਕੋਲ ਕੀ ਲੈਣ ਆਇਆ ਸੀ?'

'ਬੱਸ, ਉਹਨੂੰ ਦੇਖਣ।' ਅਗਾਂਹ ਜਿਵੇਂ ਉਹਦੇ ਬੁੱਲ੍ਹ ਹੀ ਸੀਉਂਤੇ ਗਏ ਹੋਣ। ਉਹ ਭੁੱਬਾਂ ਮਾਰ ਮਾਰ ਕੇ ਰੋਣ ਲੱਗਿਆ। ਬੱਚਿਆਂ ਵਾਂਗ ਉਹਦੀ ਹਿਚਕੀ ਬੱਝ ਗਈ। ਮੈਂ ਉਹਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਉਹਦੇ ਸਿਰ ਦੇ ਵਾਲ਼ਾਂ ਨੂੰ ਸਹਿਲਾਉਣ ਲੱਗਿਆ।

ਗੱਡੀ ਆਉਣ ਦਾ ਵਕਤ ਹੋ ਗਿਆ। ਅਸੀਂ ਉਸ ਬੈਂਚ ਤੋਂ ਉੱਠੇ ਤੇ ਟਿਕਟ ਲੈ ਆਏ। ਤੇ ਫੇਰ ਓਸੇ ਬੈਂਚ ਉੱਤੇ ਆ ਕੇ ਬੈਠ ਗਏ। ਹੁਣ ਸਾਡੇ ਵਿਚਕਾਰ ਕੋਈ ਵੀ ਗੱਲ ਨਹੀਂ ਹੋ ਰਹੀ ਸੀ। ਇੱਕ ਬੋਝਲ ਚੁੱਪ। ਮੈਂ ਉਹਨੂੰ ਸਮਝਾਉਣਾ ਚਾਹੁੰਦਾ ਸਾਂ ਕਿ ਉਹ ਸਿਮ੍ਰਿਤੀ ਦਾ ਖ਼ਿਆਲ ਹਣ ਛੱਡ ਦੇਵੇ। ਇਹ ਜ਼ਿੰਦਗੀ ਹੈ। ਜ਼ਿੰਦਗੀ ਵਿੱਚ ਪਰਛਾਵਿਆਂ ਦੀ ਪਕੜ ਕੌਣ ਕਰ ਸਕਿਆ ਹੈ। ਸੁਪਨਿਆਂ ਦਾ ਵਜੂਦ ਕੋਈ ਨਹੀਂ ਹੁੰਦਾ। ਤੇ ਫੇਰ ਉਹਨੇ ਖ਼ੁਦ ਹੀ ਚੁੱਪ ਤੋੜੀ-'ਇੱਕ ਲਗਾਓ ਐ, ਯਾਰ। ਇਹ ਟੁੱਟਦਾ ਨਹੀਂ। ਮੈਂ ਇਹਦੇ ਨਾਲ ਹੁਣ ਵੀ ਵਿਆਹ ਕਰਵੌਣ ਨੂੰ ਤਿਆਰ ਆਂ। ਮੈਂ ਸਾਰੀ ਦੁਨੀਆਂ ਛੱਡ ਦਿਆਂ ਜੇ ਮੈਨੂੰ ਸਿਮ੍ਰਿਤੀ ਮਿਲ ਜਾਵੇ।'

ਪਲੇਟਫਾਰਮ ਉੱਤੇ ਸਵਾਰੀਆਂ ਦੀ ਭੀੜ ਸੰਘਣੀ ਹੋਣ ਲੱਗੀ। ਗੱਡੀ ਆਉਣ ਦੇ ਸਮੇਂ ਨੂੰ ਪਲ਼-ਪਲ਼ ਕਰਕੇ ਉਡੀਕਿਆ ਜਾ ਰਿਹਾ ਸੀ। ਗੁਰੂ ਨੇ ਮੇਰੇ ਮੋਢੇ ਉੱਤੇ ਜ਼ੋਰ ਦਾ ਧੱਫਾ ਜਮਾਇਆ ਤੇ ਆਪਣਾ ਮਖਸੂਸ ਠਹਾਕਾ ਮਾਰ ਕੇ ਬਹੁਤ ਉੱਚਾ ਹੱਸਣ ਲੱਗਿਆ, ਸਿਗਰਟ ਸੁਲਗਾ ਲਈ। ਸਿਰ ਦੇ ਵਾਲ਼ਾਂ ਨੂੰ ਪਿਛਾਂਹ ਵੱਲ ਛੱਡਿਆ। ਪੁੱਛਣ ਲੱਗਿਆ-'ਤੂੰ ਸੁਣਾ ਯਾਰ, ਤੇਰਾ ਕੀ ਹਾਲ ਐ?'

ਮੈਂ ਕੀ ਦੱਸਦਾ। ਮੈਂ ਤਾਂ ਹੁਣ ਤੱਕ ਉਸਦੇ ਇਸ ਨਾਟਕੀ ਜਿਹੇ ਮਾਹੌਲ ਵਿੱਚ ਬੌਂਦਲਿਆ ਹੋਇਆ ਸਾਂ। ਗੱਡੀ ਆਈ ਤਾਂ ਉਹਨੇ ਮੈਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਤੁਰੀ ਜਾ ਰਹੀ ਗੱਡੀ ਵਿਚੋਂ ਉਹਦਾ ਹੱਥ ਦੂਰ ਤੱਕ ਉਤਾਂਹ ਉਠਿਆ ਰਿਹਾ। ਮੇਰੇ ਜ਼ਿਹਨ ਵਿੱਚ ਉਹਦਾ ਠਹਾਕਾ ਤੇ ਉਹਦੀਆਂ ਅੱਖਾਂ ਵਿਚਲੀ ਉਦਾਸ ਤਰਲ ਰੇਖਾ ਕਈ ਦਿਨਾਂ ਤੱਕ ਅਟਕੀ ਰਹੀ।♦

ਲਗਾਓ

123