ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਮੁੰਡਾ ਸੀ- ਬੱਲਾ। ਉਹ ਨਵਾਂ ਹੀ ਆਉਣ ਲੱਗਿਆ ਸੀ। ਉਹ ਦਿਨ-ਛਿਪੇ ਆਉਂਦਾ ਤੇ ਸਭ ਤੋਂ ਮਗਰੋਂ ਜਾਂਦਾ। ਉਹ ਤਾਂ ਮੇਰੇ ਨਿੱਕੇ-ਮੋਟੇ ਕੰਮ ਧੰਦੇ ਵੀ ਕਰਦਾ ਰਹਿੰਦਾ। ਮੇਰੀ ਦਾਲ-ਸਬਜ਼ੀ ਬਣਾ ਦਿੰਦਾ। ਕਦੇ-ਕਦੇ ਓਥੇ ਹੀ ਰੋਟੀ ਖਾ ਲੈਂਦਾ। ਫੇਰ ਤਾਂ ਉਹ ਮੇਰੇ ਜੂਠੇ ਭਾਂਡੇ ਨਿੱਤ ਮਾਂਜ ਕੇ ਜਾਂਦਾ।

ਇੱਕ ਰਾਤ ਉਹ ਕਾਫ਼ੀ ਦੇਰ ਤੱਕ ਬੈਠਾ ਰਿਹਾ। ਘਰ ਨੂੰ ਜਾਵੇ ਨਾ। ਸਿਆਲ ਦੀਆਂ ਰਾਤਾਂ ਸਨ। ਮੈਂ ਬਿਸਤਰਾ ਵਿਛਾ ਕੇ ਰਜ਼ਾਈ ਵੀ ਖੋਲ੍ਹ ਲਈ। ਪਰ ਉਹ ਕੁਰਸੀ ਉੱਤੇ ਬੈਠੇ ਦਾ ਬੈਠਾ। ਉਸ ਦਿਨ ਉਹ ਬਹੁਤ ਘੱਟ ਬੋਲ ਰਿਹਾ ਸੀ। ਜਿਵੇਂ ਆਪਣੇ ਅੰਦਰ ਕੁਝ ਲਈ ਬੈਠਾ ਹੋਵੇ।

'ਬੱਲਿਆ, ਕੀ ਗੱਲ ਓਏ? ਅੱਜ ਜਾਂਦਾ ਨੀ?' ਮੈਂ ਇਸ ਢੰਗ ਨਾਲ ਪੁੱਛਿਆ ਜਿਵੇਂ ਉਹਨੂੰ ਮੱਲੋ ਮੱਲੀ ਕਮਰੇ ਵਿਚੋਂ ਬਾਹਰ ਕੱਢ ਦੇਣਾ ਹੋਵੇ।

'ਆਹ ਇੱਕ ਕਾਗ਼ਜ਼ ਪੜ੍ਹ ਕੇ ਦੱਸਿਓ, ਕੀ ਲਿਖਿਆ ਹੋਇਐ?' ਉਹਨੇ ਆਪਣੇ ਗੀਝੇ ਵਿਚੋਂ ਚਾਰ ਤਹਿਆਂ ਕੀਤਾ ਸਕੂਲੀ ਕਾਪੀ ਦਾ ਇੱਕ ਵਰਕਾ ਕੱਢਿਆ।

ਲੈਂਪ ਕੋਲ ਜਾ ਕੇ ਮੈਂ ਇਹ ਪੜ੍ਹ ਲਿਆ। ਕਿਸੇ ਕੁੜੀ ਦੀ ਚਿੱਠੀ ਸੀ, ਬੱਲੇ ਦੇ ਨਾਉਂ।

'ਇਹ ਕੌਣ ਐਂ ਓਏ?' ਮੈਂ ਉਹਦੇ ਵੱਲ ਝਾਕਿਆ ਤੇ ਝਾਕਦਾ ਹੀ ਰਿਹਾ। ਉਹ ਸ਼ਰਮਾ ਰਿਹਾ ਸੀ।

'ਇਹੀ ਪੜ੍ਹੌਣ ਨੂੰ ਬੈਠਾ ਸੀ ਐਨੇ ਚਿਰ ਦਾ।' ਮੈਂ ਸ਼ੱਕੀ ਨਿਗਾਹਾਂ ਨਾਲ ਉਹਦੇ ਵੱਲ ਕਣੱਖਾ ਜਿਹਾ ਦੇਖ ਰਿਹਾ ਸਾਂ। ਫੇਰ ਪੁੱਛਿਆ-'ਕੌਣ ਐਂ ਇਹ ਕੁੜੀ?'

'ਪੈਲੇ 'ਗਵਾੜੋਂ ਐਂ। ਬਾਬੇ ਕੇ ਵਜਦੇ ਨੇ ਓਹੋ। ਦੋ ਭਾਈ ਨੇ ਉਹ-ਜੰਗਾ ਤੇ ਮੋਦਨ। ਉਹਨਾਂ ਦਾ ਇੱਕ ਮੁੰਡਾ ਵੀ ਪੜ੍ਹਦੈ ਥੋਡੇ ਕੋਲ।' ਉਹ ਦੱਸ ਰਿਹਾ ਸੀ।

'ਪੜ੍ਹੀ ਵਈ ਐ?'

'ਹੋਰ ਫੇਰ। ਤਾਂ ਹੀ ਲਿਖੀ ਐ ਚਿੱਠੀ ਉਹਨੇ।'

ਉਹਨੂੰ ਤੇਰੀ ਨ੍ਹੀ ਪਤਾ, ਬਈ ਤੂੰ ਅਣਪੜ੍ਹ ਐਂ?'

'ਕੀ ਪਤੈ ਜੀ। ਉਹ ਮੈਨੂੰ ਪੜ੍ਹਿਆ ਵਿਆ ਈ ਸਮਝਦੀ ਹੋਊ। ਨਹੀਂ ਤਾਂ ਸਿੱਧੇ ਮੂੰਹ ਕਰਦੀ ਗੱਲ। ਲਿਖ ਕੇ ਕਾਹਨੂੰ ਦਿੰਦੀ।'

ਤੇ ਫੇਰ ਬੱਲੇ ਨੇ ਮੈਨੂੰ ਦੱਸਿਆ ਕਿ ਇਹ ਕੁੜੀ ਤੀਆਂ ਵਾਲੇ ਖੂਹ ਵੱਲ ਆਪਣੇ ਵਾੜੇ ਵਿੱਚ ਗੋਹਾ ਸੁੱਟਣ ਆਉਂਦੀ ਹੈ। ਕਿੰਨਾ-ਕਿੰਨਾ ਚਿਰ ਓਥੇ ਪਾਥੀਆਂ ਪਥਦੀ ਰਹਿੰਦੀ ਹੈ। ਸੁੱਕੀਆਂ ਪਾਥੀਆਂ ਗੁਹਾਰੇ ਉੱਤੇ ਚਿਣਦੀ ਹੈ। ਕੰਮ ਘੱਟ ਕਰਦੀ ਹੈ, ਏਧਰ-ਓਧਰ ਦੇਖਦੀ ਬਹੁਤ ਹੈ। ਜਿਵੇਂ ਕਿਸੇ ਨੂੰ ਉਡੀਕਦੀ ਹੋਵੇ। ਜਿਵੇਂ ਕੁਝ ਲੱਭਦੀ ਹੋਵੇ। ਜਿਵੇਂ ਉਹਦਾ ਕੰਮ ਕਰਨ ਨੂੰ ਜੀਅ ਨਾ ਕਰਦਾ ਹੋਵੇ। ਜਿਵੇਂ ਉਹ ਘਰ ਨੂੰ ਵਾਪਸ ਜਾਣਾ ਚਾਹੁੰਦੀ ਨਾ ਹੋਵੇ।

ਉਹ ਕਹਿੰਦਾ- 'ਮੈਂ ਓਥੇ ਦੀ, ਉਹਨਾਂ ਦੇ ਵਾੜੇ ਮੂਹਰ ਦੀ ਲੰਘਦਾ ਹੁੰਨਾ- ਡੇਰੇ ਵਾਲੀ ਹਲਟੀ 'ਤੇ ਨ੍ਹਾਉਣ ਜਾਨਾਂ ਨਾ, ਦਿਨ-ਚੜ੍ਹੇ ਜ੍ਹੇ। ਬੱਸ ਮਾਸਟਰ ਜੀ, ਪਹਿਲਾਂ ਤਾਂ ਝਾਕ-ਝਕਈਆਂ ਜ੍ਹਾ ਸੀ। ਇੱਕ ਦਿਨ ਉਹਨੇ ਖੰਘੂਰ ਮਾਰੀ ਤੇ ਮੈਨੂੰ ਇੱਕ ਕਾਗ਼ਜ਼ ਜ੍ਹਾ

ਤੀਰਥ

127