ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/128

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦਖਾ ਕੇ ਪਾਥੀ ਥੱਲੇ ਦੇ 'ਤਾ। ਮੈਂ ਹਲਟੀ ਤੋਂ ਮੁੜ ਕੇ ਆਇਆ ਤਾਂ ਦੇਖਿਆ, ਆਪ ਉਹ ਓਥੇ ਨਹੀਂ ਸੀ। ਇੱਕ ਪਾਥੀ 'ਤੇ ਕਾਨਾ ਗੱਡਿਆ ਪਿਆ। ਮੈਂ ਉਹ ਕਾਨੇ ਆਲੀ ਪਾਥੀ ਉਲਟਾ ਕੇ ਦੇਖੀ, ਥੱਲੇ ਇਹ ਕਾਗ਼ਜ਼। ਮੈਂ ਤਾਂ, ਮਾਸਟਰ ਜੀ, ਕਈ ਦਿਨਾਂ ਤੋਂ ਇਹ ਕਾਗ਼ਜ਼ ਗੀਝੇ 'ਚ ਪਾਈ ਫ਼ਿਰਦਾ। ਹਿੰਮਤ ਨ੍ਹੀ ਪਈ ਕਿਸੇ ਨੂੰ ਦਖੌਣ ਦੀ। ਬੱਸ ਅੱਜ...।'

ਮੈਂ ਉਹਦੀ ਕੁਰਸੀ ਕੋਲ ਹੀ ਦੂਜੇ ਮੰਜੇ ਉੱਤੇ ਬੈਠ ਗਿਆ ਤੇ ਸਾਰੀ ਚਿੱਠੀ ਉਹਨੂੰ ਪੜ੍ਹ ਕੇ ਸੁਣਾਈ। ਉਹ ਮੁਸਕਰਾ ਰਿਹਾ ਸੀ, ਹੈਰਾਨ ਸੀ ਤੇ ਕੁਝ ਸ਼ਰਮਾਉਂਦਾ ਵੀ ਸੀ। ਕੁੜੀ ਨੇ ਉਹਨੂੰ ਬਹੁਤ ਪਿਆਰੀਆਂ ਗੱਲਾਂ ਲਿਖੀਆਂ ਸਨ। ਨਿੱਕੀ-ਨਿੱਕੀ ਲਿਖਾਈ ਸੀ। ਵਿੱਚ ਦੋ ਟੱਪੇ ਵੀ ਸਨ। ਇੱਕ ਟੱਪਾ- 'ਤੇਰਾ ਪਿੱਛਾ ਨਹੀਂ ਛੱਡਣਾ, ਭਾਵੇਂ ਲੱਗ ਜਾਣ ਹੱਥਕੜੀਆਂ।'

ਓਦੋਂ ਉਸ ਚਿੱਠੀ ਨੂੰ ਮੈਂ ਕੋਈ ਬਹੁਤੀ ਮਹੱਤਤਾ ਨਹੀਂ ਦਿੱਤੀ ਸੀ। ਇਹ ਐਂਵੇ ਬੱਸ ਮੁੰਡੇ-ਕੁੜੀਆਂ ਦੇ ਭਾਵੁਕ ਜਿਹੇ ਇਸ਼ਕ-ਮੁਸ਼ਕ ਵਾਲੀ ਗੱਲ ਸੀ। ਕੁੜੀ ਨਾਲ ਨਫ਼ਰਤ ਵੀ ਹੋਈ ਸੀ- ਹਾਸੇ ਭਰੀ ਨਫ਼ਰਤ। ਮਨ ਵਿੱਚ ਕਿਹਾ-'ਅਣਪੜ੍ਹ ਮੁੰਡਾ ਐ। ਤੇਰੀ ਭਾਵੁਕ ਸਾਂਝ ਨਾਲ ਕਿਵੇਂ ਪੂਰਾ ਪੈ ਸਕੂਗਾ, ਸਹੁਰੀਏ। ਫੇਰ ਪਿੰਡ ਦਾ ਮੁੰਡਾ। ਤੂੰ ਖਾਂਦੇ ਪੀਂਦੇ ਘਰ ਦੀ, ਇਹ ਨੰਗ-ਮਲੰਗ। ਜ਼ਿੰਦਗੀ ਦੀ ਆਖ਼ਰੀ ਮੰਜ਼ਲ ਤੱਕ ਕਿਵੇਂ ਤੁਰ ਸਕੇਂਗੀ ਤੂੰ ਇਹਦੇ ਨਾਲ।'

ਫੇਰ ਵੀ ਮੈਂ ਉਹਨੂੰ ਪੁੱਛਿਆ-ਕਿਵੇਂ ਕਰਨੈ?'

ਉਹ ਕਹਿੰਦਾ-'ਇੱਕ ਵਧੀਆਂ ਜ੍ਹੀ ਚਿੱਠੀ ਲਿਖ ਦਿਓ, ਮੇਰੇ ਵੰਨੀਓ। ਬੱਸ, ਏਸ ਚਿੱਠੀ ਨਾਲੋਂ ਉਤੋਂ ਦੀ ਹੋਵੇ ਚਿੱਠੀ।'

ਮੈਂ ਕਿਹਾ-'ਚੰਗਾ, ਤੂੰ ਚਾਹ ਧਰ ਸਟੋਵ 'ਤੇ। ਠੰਢ ਜ੍ਹੀ ਐ। ਨਾਲੇ ਚਾਹ ਪੀ ਕੇ ਲਿਖਦੇ ਆਂ ਤੇਰੀ ਚਿੱਠੀ। ਚੰਗੀਆਂ ਗੱਲਾਂ ਔੜਨਗੀਆਂ। ਮੈਂ ਐਧਰ ਰੂੜੀਆਂ 'ਤੇ ਜਾ ਆਵਾ। ਅੱਜ ਪੇਟ 'ਚ ਕੁੱਛ ਗੜਬੜ ਜ੍ਹੀ ਲੱਗਦੀ ਹੈ।'

ਪਾਣੀ ਦੀ ਗੜਵੀ ਭਰ ਕੇ ਮੈਂ ਹਥਾਈ ਤੋਂ ਬਾਹਰ ਹੋ ਗਿਆ। ਸਾਰਾ ਸਮਾਂ ਮੈਂ ਇਹੀ ਸੋਚਦਾ ਰਿਹਾ ਕਿ ਕੁੜੀ ਨੂੰ ਚਿੱਠੀ ਵਿੱਚ ਕੀ ਲਿਖਿਆ ਜਾਵੇ।

ਹਥਾਈ ਵਿੱਚ ਵਾਪਸ ਆਇਆ ਤਾਂ ਉਹ ਦੋ ਗਿਲਾਸ ਵਿੱਚ ਚਾਹ ਪਾਈ ਬੈਠਾ ਮੇਰੀ ਉਡੀਕ ਕਰ ਰਿਹਾ ਸੀ। ਚਾਹ ਪੀਤੀ ਤੇ ਫੇਰ ਮੈਂ ਥੋੜ੍ਹਾ ਚਿਰ ਲਾ ਕੇ ਵਧੀਆ-ਵਧੀਆ ਅੱਖਰਾਂ ਵਿੱਚ ਭਾਵੁਕ ਜਿਹੇ ਫਿਕਰੇ ਲਿਖ ਦਿੱਤੇ। ਖਾਸੀ ਲੰਬੀ ਚਿੱਠੀ ਲਿਖੀ। ਉਹਨੂੰ ਪੜ੍ਹ ਕੇ ਸੁਣਾਈ ਤਾਂ ਉਹ ਪੂਰਾ ਖ਼ੁਸ਼ ਹੋਇਆ। ਉਹਨੇ ਦੋਵੇਂ ਚਿੱਠੀਆਂ ਜੇਬ ਵਿੱਚ ਪਾ ਲਈਆਂ।

ਉਹ ਕੁੜੀ ਦੇ ਵਾੜੇ ਵਿੱਚ ਜਾਂਦਾ ਤੇ ਕਾਨੇ ਵਾਲੀ ਪਾਥੀ ਥੱਲਿਓਂ ਚਿੱਠੀ ਕੱਢ ਲਿਆਉਂਦਾ। ਮੇਰੇ ਕੋਲ ਆ ਕੇ ਉਹ ਉਸ ਚਿੱਠੀ ਨੂੰ ਸੁਣਦਾ ਤੇ ਫੇਰ ਮੈਨੂੰ ਨਵੀਂ ਚਿੱਠੀ ਲਿਖਣ ਲਈ ਆਖਦਾ। ਮੈਂ ਉਹਦੀ ਚਿੱਠੀ ਲਿਖ ਦਿੰਦਾ। ਉਹ ਆਥਣੇ ਦਿਨ-ਛਿਪੇ ਜਿਹੇ ਵਾੜੇ ਵਿੱਚ ਜਾ ਕੇ ਓਸੇ ਕਾਨੇ ਵਾਲੀ ਪਾਥੀ ਥੱਲੇ ਆਪਣੀ ਚਿੱਠੀ ਰੱਖ ਆਉਂਦਾ।

ਚਿੱਠੀਆਂ ਦਾ ਸਿਲਸਿਲਾ ਇੱਕ ਮਹੀਨਾ ਚੱਲਦਾ ਰਿਹਾ। ਇਸ ਦੌਰਾਨ ਬੱਲਾ ਮੇਰੇ ਕੋਲ ਆ ਕੇ ਪੜ੍ਹਨ ਵੀ ਲੱਗ ਪਿਆ। ਘੰਟਾ-ਘੰਟਾ, ਦੋ-ਦੋ ਘੰਟੇ ਰਾਤ ਨੂੰ ਬੈਠਾ ਸਲੇਟ ਉੱਤੇ ਅੱਖਰ ਪਾਉਂਦਾ

128
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ