ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/129

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਹਿੰਦਾ। ਪੈਂਤੀ ਸਿੱਖ ਲਈ ਤੇ ਫੇਰਨ ਲਗਾਂ-ਮਾਤਰਾਂ ਸਿੱਖ ਕੇ ਅੱਖਰ ਜੋੜ ਜੋੜ ਸ਼ਬਦ ਲਿਖਣ ਲੱਗਿਆ। ਦੋ ਅੱਖਰੇ, ਤਿੰਨ ਅੱਖਰੇ ਤੇ ਫੇਰ ਚਾਰ ਅੱਖਰੇ ਸ਼ਬਦ ਵੀ।

ਗੱਲ ਏਥੋਂ ਤੱਕ ਪਹੁੰਚ ਗਈ, ਉਹ ਫੇਰ ਦਾਨੋ ਬੁੜ੍ਹੀ ਦੇ ਘਰ ਮਿਲਣ ਲੱਗੀ। ਚਿੱਠੀਆਂ ਰਾਹੀਂ ਮਿਲਣ ਦ ਪ੍ਰੋਗਰਾਮ ਬਣਾ ਲੈਂਦੇ। ਹੁਣ ਬੱਲਾ ਆਪ ਚਿੱਠੀ ਲਿਖ ਲੈਂਦਾ, ਕੁੜੀ ਦੀ ਚਿੱਠੀ ਪੜ੍ਹ ਵੀ ਲੈਂਦਾ। ਉਹ ਛੋਟੀ ਚਿੱਠੀ ਲਿਖਦਾ। ਕੁੜੀ ਲੰਬੀ ਚਿੱਠੀ ਲਿਖਦੀ ਸੀ। ਪਾਥੀਆਂ ਦੇ ਵਾੜੇ ਵਿੱਚ ਕਾਨੇ ਵਾਲੀ ਪਾਥੀ ਮੁੰਡੇ-ਕੁੜੀ ਦਾ ਪੱਤਰ-ਵਿਹਾਰ ਦਫ਼ਤਰ ਬਣਿਆ ਹੋਇਆ ਸੀ।

ਦਾਨੋ ਇਕੱਲੀ ਸੀ। ਉਹਦਾ ਇੱਕ ਮੁੰਡਾ ਸੀ ਬੱਸ। ਉਹ ਫੌਜ ਵਿੱਚ ਸੀ। ਇੱਕ ਕੁੜੀ ਵੀ ਸੀ, ਉਹ ਵਿਆਹ-ਵਰ ਦਿੱਤੀ ਸੀ। ਕਦੇ-ਕਦੇ ਆਉਂਦੀ। ਕੁੜੀ ਦੇ ਅਗਾਂਹ ਕੋਈ ਔਲਾਦ ਨਹੀਂ ਸੀ। ਦਾਨੋ ਦਾ ਘਰ ਵਾਲਾ ਕਈ ਵਰ੍ਹੇ ਹੋਏ ਮਰ ਗਿਆ ਸੀ। ਥੋੜ੍ਹੀ ਜਿੰਨੀ ਜ਼ਮੀਨ ਸੀ। ਬੁੜ੍ਹੀ ਦੇ ਖਾਣ ਜੋਗਾ ਦਾਣਾ-ਫੱਕਾ ਆਈ ਜਾਂਦਾ। ਘਰ ਵਿੱਚ ਉਹ ਇੱਕ ਮੱਝ ਰੱਖਦੀ। ਇੱਕ ਪਾਲ਼ੀ ਵੀ। ਪਾਲ਼ੀ ਹੀ ਮੱਝ ਦਾ ਸਭ ਕਰਦਾ। ਜੁਆਨੀ-ਪਹਿਰੇ ਦਾਨੋ ਦੇ ਆਪਣੇ ਚਾਲੇ ਵੀ ਠੀਕ ਨਹੀਂ ਰਹੇ ਸਨ। ਹੁਣ ਉਹ ਖਾਣ ਦੀ ਕੁੱਤੀ ਸੀ। ਬੱਲਾ ਉਹਨੂੰ ਲਾਲਚ ਦਿੰਦਾ ਰਹਿੰਦਾ। ਕੁੜੀ ਬੱਲੇ ਨੂੰ ਖਵਾਉਂਦੀ ਸੀ।

ਇਸ਼ਕ ਛੁਪਾਇਆ ਛੁਪਦਾ ਨਹੀਂ,

ਭਾਹ ਨਾ ਛੁਪਦੀ ਕੱਖੀਂ।

ਓੜਕ ਇੱਕ ਦਿਨ ਜ਼ਾਹਰ ਹੋਵੇ,

ਨਸ਼ਰ ਹੋਵੇ ਵਿੱਚ ਲੱਖੀਂ।

ਕੁੜੀ ਦੇ ਭਰਾਵਾਂ ਨੇ ਕੁੜੀ ਨੂੰ ਘਰ ਲਿਜਾ ਕੇ ਮੱਕੀ ਦੀਆਂ ਛੱਲੀਆਂ ਵਾਂਗ ਕੁੱਟ ਦਿੱਤਾ। ਉਹਦੇ ਗਲ਼ ਵਿੱਚ ਰੱਸਾ ਪਾ ਕੇ ਉਹਨੂੰ ਲਟੈਣ ਨਾਲ ਫਾਹਾ ਦੇਣ ਲੱਗੇ ਸਨ, ਪਰ ਭਰਜਾਈਆਂ ਨੇ ਉਹਨੂੰ ਬਚਾ ਲਿਆ।

ਬੱਲਾ ਪਿੰਡ ਛੱਡ ਕੇ ਕਿਧਰੇ ਭੱਜ ਗਿਆ। ਕਈ ਦਿਨ ਨਾ ਮੁੜਿਆ। ਕੁੜੀ ਦੇ ਭਰਾਵਾਂ ਨੇ ਮਿਥੀ ਹੋਈ ਸੀ ਕਿ ਜਿੱਥੇ-ਕਿਤੇ ਵੀ ਉਹ ਮਿਲ ਗਿਆ, ਉਹ ਉਹਨੂੰ ਜਾਨੋਂ ਮਾਰ ਦੇਣਗੇ। ਪਹਿਲਾਂ ਉਹਦੀ ਲੱਤ ਵੱਢਣਗੇ। ਫੇਰ ਅੱਖਾਂ ਕੱਢ ਕੇ ਉਹਨੂੰ ਜਿਉਂਦੇ ਨੂੰ ਕਿਸੇ ਖੂਹ ਵਿੱਚ ਸੁੱਟਣਗੇ।

ਪੰਦਰਾਂ ਦਿਨ, ਵੀਹ ਦਿਨ ਤੇ ਫੇਰ ਮਹੀਨਾ ਲੰਘ ਗਿਆ। ਬੱਲਾ ਪਿੰਡ ਨਹੀਂ ਵੜਿਆ। ਕੁੜੀ ਨੂੰ ਬਾਰ ਦੀ ਦੇਹਲੀ ਟੱਪਣ ਦਾ ਹੁਕਮ ਨਹੀਂ ਸੀ। ਉਹ ਕੱਚੀਆਂ ਕੰਧਾਂ ਦੀ ਵਲਗਣ ਵਿੱਚ ਘਰ ਦੇ ਨਿੱਕੇ-ਮੋਟੇ ਕੰਮ ਕਰਦੀ ਰਹਿੰਦੀ। ਮਨ ਨਾਲ ਝੇੜਾ ਕਰਦੀ। ਦਿਨ ਚੜ੍ਹਦਾ ਸੀ, ਲਹਿ ਜਾਂਦਾ ਸੀ। ਰਾਤਾਂ ਮੁੱਕਣ ਵਿੱਚ ਨਾ ਆਉਂਦੀਆਂ।

ਦਾਨੋ ਬਘਿਆੜੀ ਬਣ ਬੈਠੀ-'ਜੀਹਨੇ ਮੈਨੂੰ ਕੁਛ ਆਖਿਐ, ਮੈਂ ਤਾਂ ਪਾੜ ਕੇ ਦੋ ਬਣਾ ਦੂੰਗੀ। ਮੈਂ ਕੋਈ ਨ੍ਹੀ ਕਿਸੇ ਤੋਂ ਡਰਦੀ-ਝਿਪਦੀ। ਮੈਂ ਕਿਹੜਾ ਉਹਨੂੰ ਕੰਜਰੀ ਨੂੰ ਘਰੋਂ ਸੱਦ ਕੇ ਲਿਆਉਂਦੀ ਸੀ? ਆਵਦੀ ਨੂੰ ਸਮਝਾ ਕੇ ਰੱਖਦੇ। ਅੰਨ੍ਹੇ ਤਾਂ ਨ੍ਹੀ ਸੀ ਓਦੋਂ?'

ਤੇ ਫੇਰ ਇੱਕ ਦਿਨ ਗਜ਼ਬ ਹੋ ਗਿਆ। ਸੂਰਜ ਚੜ੍ਹਦੇ ਨਾਲ ਹੀ ਹਵਾ ਨੂੰ ਗੰਢਾਂ ਪੈ ਗਈਆਂ। ਕੰਧਾਂ-ਕੌਲੇ ਚੁਗ਼ਲੀਆਂ ਕਰਨ ਲੱਗੇ। ਕੁੜੀ ਗਈ ਤਾਂ ਗਈ ਕਿਵੇਂ? ਇਹ

ਤੀਰਥ
129