ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਾਂ ਹੱਦ ਹੋ ਗਈ। ਘੋਰ-ਮਸੋਰਾ ਇਹ ਵੀ ਕਿ ਕੱਲ੍ਹ ਆਥਣ ਦੇ ਘੁਸ-ਮੁਸੇ ਵਿੱਚ ਕਿਸੇ ਨੇ ਬੱਲੇ ਨੂੰ ਪਿੰਡ ਵਿੱਚ ਦੇਖਿਆ ਸੀ।

ਛੇ ਮਹੀਨੇ ਕੋਈ ਪਤਾ ਨਹੀਂ ਲੱਗਿਆ। ਜਿਵੇਂ ਮੁੰਡਾ-ਕੁੜੀ ਊਈਂ ਕਿਧਰੇ ਖਪਨ ਹੋ ਗਏ ਹੋਣ। ਜਿਵੇਂ ਧਰਤੀ ਉਤੋਂ ਲਕੀਰ ਮਿਟ ਜਾਂਦੀ ਹੈ।

ਸੱਥ ਵਿੱਚ ਦੱਬੀ ਸੁਰ ਵਾਲੀਆਂ ਗੱਲਾਂ ਹੁੰਦੀਆਂ-'ਬਾਬੇ ਕਿਆਂ ਨੇ ਦੋਵਾਂ ਨੂੰ ਵੱਢ-ਟੁੱਕ ਕੇ ਕਿਸੇ ਖੂਹ-ਖਾਤੇ 'ਚ ਸਿੱਟ 'ਤਾ। ਜੰਗਾ ਤੇ ਮੋਦਨ ਬੜੇ ਜ਼ਹਿਰੀ ਬੰਦੇ ਨੇ। ਐਵੇਂ ਲੱਗਦੇ ਨੇ, ਚੁੱਪ ਕੀਤੇ ਜ੍ਹੇ। ਇਹ ਦਾਨੋ ਨਾਲ ਵੀ ਖ਼ੈਰ ਨ੍ਹੀ ਗੁਜ਼ਾਰਨਗੇ। ਦੇਖ ਲਿਓ, ਇਹ ਵੈਂਗਣੀ ਵੀ ਉੱਘੜੀ ਲੈ। ਜੀਹਨੇ ਕੁਛ ਕਰਨਾ ਹੁੰਦੈ, ਉਹ ਬੋਲਦਾ ਨ੍ਹੀ ਹੁੰਦਾ। ਬਾਂ-ਬਾਂ ਕਰਨ ਆਲੇਤਾਂ ਨਖੱਟੂ ਹੁੰਦੇ ਨੇ।'

ਤੇ ਫੇਰ ਦੋ ਕੁ ਮਹੀਨੇ ਹੋਏ ਬੱਲਾ ਪਿੰਡ ਮੁੜ ਆਇਆ। ਇਕੱਲਾ। ਆਖਦਾ ਫਿਰੇ-'ਮੈਨੂੰ ਕਿਸੇ ਦੀ ਕੁੜੀ ਦਾ ਕੀ ਪਤੈ, ਮੈਂ ਤਾਂ 'ਕੱਲਾ ਗਿਆ ਸੀ, 'ਕੱਲਾ ਆ ਗਿਆ।' ਮੈਂ ਤਾਂ ਕੰਮ 'ਤੇ ਗਿਆ ਸੀ।

'ਕੰਮ ਕਿਹੜੇ ਬਈ? ਲੋਕ ਮੁਸਕੜੀਏਂ ਹੱਸਦੇ।

'ਟਰੱਕਾਂ ਦਾ ਕੰਮ ਸੀ।

'ਕੀ ਕੰਮ?'

'ਪਹਿਲਾਂ ਮੈਂ ਕਲੀਨਰ ਰਿਹਾ। ਫੇਰ ਡਰੈਵਰੀ ਮੇਰੀ ਤੱਕ 'ਚ ਨ੍ਹੀ ਆਈ। ਹਾਨੀਸਰ ਨੂੰ ਮੈਨੂੰ ਘਰ ਭੇਜ 'ਤਾ ਉਹਨਾਂ ਨੇ। ਅਖੇ-ਜਾਹ, ਤੇਰੇ ਸਿੱਖਣ ਦਾ ਕੰਮ ਨ੍ਹੀ ਏਹੇ। ਮਖਿਆ-ਚੰਗਾ ਭਾਈ। ਆ ਗਿਆ ਫੇਰ ਮੈਂ।'

ਉਹਦਾ ਬੋਲਣ-ਢੰਗ ਤੋਂ ਲੱਗਦਾ, ਜਿਵੇਂ ਉਹ ਕੋਈ ਗੱਲ ਲੁਕੋਂਦਾ ਹੋਵੇ। ਜਿਵੇਂ ਕੋਈ ਪਰਦਾ ਪਾਉਂਦਾ ਹੋਵੇ। ਸਭ ਨੂੰ ਇਹੀ ਸ਼ੱਕ, ਓਹੀ ਕੁੜੀ ਨੂੰ ਲੈ ਕੇ ਗਿਆ ਸੀ। ਲੱਖਣ ਲਾਉਂਦੇ- 'ਇਹ ਕਿਧਰੇ ਬਿਠਾ ਆਇਆ ਉਹਨੂੰ। ਪਿੰਡ ਦੀ ਖ਼ਬਰ-ਸਾਰ ਲੈਣ ਆਇਐ, ਫੇਰ ਜਾਉ ਓਥੇ ਈ।'

ਜੰਗੇ ਤੇ ਮੋਦਨ ਨੂੰ ਪੱਕਾ ਵਿਸ਼ਵਾਸ 'ਇਹੀ ਲੈ ਕੇ ਗਿਐ ਕੁੜੀ ਨੂੰ। ਇਹਤੋਂ ਬਗ਼ੈਰ ਹੋਰ ਕੋਈ ਹੋ ਈ ਨ੍ਹੀ ਸਕਦਾ।'

ਉਹ ਚਾਹ ਲੈ ਕੇ ਆਈ ਤਾਂ ਮੇਰੇ ਦਿਮਾਗ਼ ਦੀ ਕਥਾ-ਲੜੀ ਟੁੱਟ ਗਈ। ਦੋਵੇਂ ਕੁੜੀਆਂ ਨੂੰ ਉਹ ਅੰਦਰ ਹੀ ਛੱਡ ਆਈ ਸੀ। ਸ਼ਾਇਦ ਉਹ ਚਾਹ ਪੀ ਰਹੀਆਂ ਹੋਣਗੀਆਂ। ਚਾਹ ਨਾਲ ਕੁਝ ਖਾ ਵੀ ਰਹੀਆਂ ਹੋਣਗੀਆਂ। ਉਹ ਮੇਰੇ ਵਾਸਤੇ ਖਾਸਾ ਕੁਝ ਖਾਣ ਨੂੰ ਲੈ ਕੇ ਆਈ। ਇੱਕ ਪਲੇਟ ਵਿੱਚ ਬਰਫ਼ੀ, ਇੱਕ ਪਲੇਟ ਵਿੱਚ ਰਸਗੁੱਲੇ ਤੇ ਗੁਲਾਬ ਜਾਮਣਾਂ, ਇੱਕ ਹੋਰ ਪਲੇਟ ਵਿੱਚ ਨਮਕੀਨ। ਇਹ ਸਭ ਉਹਨੇ ਪਤਾ ਨਹੀਂ ਕਦੋਂ ਮੰਗਵਾ ਲਿਆ। ਮੈਂ ਹੱਸਿਆ-'ਭਾਈ ਸੀਬੋ, ਏਥੇ ਵੀ ਚਾਹ ਦਾ ਤਾਂ ਪਿੰਡ ਆਲਾ ਕੰਮ ਕਰ ਲਿਆ। ਐਨੀ ਚਾਹ!'

ਉਹ ਕਹਿੰਦੀ-'ਮੈਨੂੰ ਤਾਂ, ਮਾਸਟਰ ਜੀ, ਥੋੜੀ ਚਾਹ ਨਾਲ ਜਾਣੀ ਰੱਜ ਜ੍ਹਾ ਨ੍ਹੀ ਆਉਂਦਾ। ਤੁਸੀਂ ਵੀ ਤਾਂ ਪਿੰਡਾਂ ਦੇ ਓਂ। ਗੜਵੀ ਭਰ ਕੇ ਪੀਨੇ ਆਂ, ਆਪਾਂ ਪਿੰਡਾਂ ਦੇ ਲੋਕ ਤਾਂ।'

ਉਹ ਸਿਰਫ਼ ਚਾਹ ਪੀ ਰਹੀ ਸੀ। ਖਾਣਾ ਜਿਵੇਂ ਮੈਂ ਹੀ ਹੋਵੇ ਐਨਾ ਕੁਝ। ਉਹ ਪੁੱਛਣ ਲੱਗੀ-'ਸਾਡੇ ਪਿੰਡ ਕਿੰਨੇ ਸਾਲ ਰਹੇ ਤੁਸੀਂ?'

130

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ