ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਉਹਦਾ ਪਿੰਡ ਕਿਹੜਾ ਹੈ। ਇਹ ਬੋਰ-ਟੱਟੀ ਲਾਉਂਦਾ ਕਦੇ ਕੋਈ ਮੈਂ ਦੇਖਿਆ ਵੀ ਨਹੀਂ ਸੀ। ਉਸ ਨੂੰ ਮੇਰੇ ਕੋਲ ਮੇਰੇ ਇੱਕ ਮਿੱਤਰ ਨੇ ਭੇਜਿਆ ਸੀ। ਉਸਨੇ ਇਹਨੂੰ ਦੱਸਿਆ ਹੋਵੇਗਾ ਕਿ ਮੈਂ ਮਾਸਟਰ ਹਾਂ। ਨਹੀਂ ਤਾਂ, ਮੇਰੇ ਕੀ ਮੂੰਹ ਉੱਤੇ ਲਿਖਿਆ ਹੋਇਆ ਸੀ ਕਿ ਮੈਂ ਮਾਸਟਰ ਹਾਂ। ਫਲੱਸ਼-ਟੱਟੀ ਦਾ ਅਜੇ ਪ੍ਰਬੰਧ ਨਹੀਂ ਹੋ ਸਕਿਆ ਸੀ। ਉਸ ਉੱਤੇ ਤਾਂ ਖਰਚ ਵੀ ਬਹੁਤ ਆਉਣਾ ਸੀ। ਨਾ ਹੀ ਕੰਮ-ਸਾਰੂ ਜਿਹੀ ਟੱਟੀ ਦਾ ਕੋਈ ਮਜ਼ਾ ਸੀ। ਵਿਹੜੇ ਵਿੱਚ ਮੁਸ਼ਕ ਉੱਭਰਿਆ ਰਹਿੰਦਾ। ਚਾਰ-ਚਾਰ ਦਿਨ ਸਫ਼ਾਈ ਵਾਲੀ ਆਉਂਦੀ ਹੀ ਨਾ। ਇਸ ਲਈ ਇਹ ਬੋਰ-ਟੱਟੀ ਬਣਵਾਉਣ ਲਈ ਮੈਂ ਆਪਣੇ ਕਈ ਰਿਸ਼ਤੇਦਾਰਾਂ-ਮਿੱਤਰਾਂ ਨੂੰ ਕਹਿ ਛੱਡਿਆ ਹੋਇਆ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਬੰਦਾ, ਜਦੋਂ ਵੀ ਮਿਲੇ, ਮੇਰੇ ਕੋਲ ਭੇਜ ਦੇਣ। ਬੋਰ-ਟੱਟੀ ਬਣਾਉਣ ਵਾਲਾ ਕਿਤੇ-ਕਿਤੇ ਕਦੇ-ਕਦੇ ਹੀ ਏਧਰ ਕੋਈ ਮਿਲਦਾ ਹੈ। ਇਹ ਕੰਮ ਹਰ ਕਿਸੇ ਦੇ ਕਰਨ ਦਾ ਨਹੀਂ। ਪੈਸੇ ਤਹਿ ਕਰਨ ਦੀ ਗਰਜ਼ ਨਾਲ ਮੈਂ ਉਹਦੇ ਨਾਲ ਪਹਿਲਾਂ ਏਧਰ-ਓਧਰ ਦੀਆਂ ਗੱਲਾਂ ਮਾਰਨ ਲੱਗਿਆ। ਪੁੱਛਿਆ-'ਬਾਈ ਸਿਆਂ, ਤੇਰਾ ਪਿੰਡ ਕਿਹੜਾ ਐ?'

'ਪਿੰਡ ਤਾਂ ਐਧਰ ਮਾਨਸਾ ਕੰਨੀ ਐ ਮੇਰਾ।' ਉਹ ਬੋਲਿਆ।

'ਫੇਰ ਵੀ, ਪਿੰਡ ਦਾ ਨਾਉਂ ਕੀ ਐ।'

'ਮੌੜ ਮੰਡੀ ਤੋਂ ਉਰੇ ਜੇ ਬੱਸ।'

'ਕਿੱਥੇ ਮੌੜ ਮੰਡੀ, ਕਿੱਥੇ ਮਾਨਸਾ। ਫੇਰ ਵੀ?'

ਮਾਈਸਰ ਖਾਨੇ ਕੋਲ।'

'ਕੁੱਤੀਵਾਲ।'

ਪਿੰਡ ਦਾ ਨਾਉਂ ਸੁਣ ਕੇ ਅਸੀਂ ਸਾਰੇ ਹੱਸ ਪਏ। ਮਜ਼ਦੂਰ ਮੁੰਡਾ ਕਹਿੰਦਾ-'ਤਾਂ ਈ ਨ੍ਹੀ ਸੀ ਦੱਸਦਾ।'

'ਜਿਹੜਾ ਨੌ ਧਰ 'ਤਾ ਅਗਲਿਆਂ ਨੇ, ਧਰ 'ਤਾ। ਹੁਣ ਬਦਲਿਆ ਥੋੜ੍ਹਾ ਜਾਂਦਾ।' ਉਹਨੇ ਤਰਕ ਦਿੱਤਾ।

ਹੁਣ ਉਨ੍ਹਾਂ ਨੇ ਬਾਲਟੀ ਨਾਲ ਰੱਸਾ ਬੰਨ੍ਹ ਲਿਆ। ਥੱਲਿਓਂ ਉਹ ਮਿੱਟੀ ਦੀ ਬਾਲਟੀ ਭਰਦਾ ਤੇ ਮਜ਼ਦੂਰ ਮੁੰਡਾ ਬਾਲਟੀ ਨੂੰ ਉਤਾਂਹ ਖਿੱਚ ਕੇ ਇਕ ਪਾਸੇ ਢੇਰੀ ਕਰ ਦਿੰਦਾ।

'ਤੇਰਾ ਨਾਂ ਕੀ ਐ?' ਮੈਂ ਪੁੱਛਿਆ।

'ਕਰਨੈਲ ਵੀ ਕਹਿ ਦਿੰਦੇ ਐ, ਜਮਾਲੂ ਵੀ ਕਹਿ ਦਿੰਦੇ ਐ।' ਉਹਨੇ ਸਹਿਜ-ਭਾਅ ਜਵਾਬ ਦਿੱਤਾ।

'ਇਹ ਦੋ ਨਾਉਂ ਕਿਵੇ?'

'ਮਾਪਿਆਂ ਨੇ ਜਮਾਲੂ ਰੱਖਿਆ ਸੀ। ਵੱਢਾ-ਟੁੱਕੀ ਵੇਲੇ ਅਸੀਂ ਐਧਰ ਈ ਰਹਿ ਪੇ। ਫੇਰ ਮੇਰਾ ਨਾਉਂ ਕਰਨੈਲ ਧਰ ਲਿਆ। ਜੈਸਾ ਦੇਸ, ਵੈਸਾ ਭੇਸ। ਪਿੰਡ ਦੇ ਲੋਕ ਮੈਨੂੰ ਕਰਨੈਲ ਈ ਕਹਿੰਦੇ ਐ। ਮੇਰੀ ਮਾਂ ਮੈਨੂੰ ਜਮਾਲੂ ਆਖਦੀ ਐ।' ਉਹ ਗੱਲਾਂ ਕਰਨ ਲੱਗਿਆ ਜਿਵੇਂ ਕੋਈ ਪਰੀ-ਕਹਾਣੀ ਸੁਣਾ ਰਿਹਾ ਹੋਵੇ।

'ਪਿਓ ਹੈਗਾ?'

'ਨਾ ਜੀ, ਉਹ ਤਾਂ ਕਦੋਂ ਦਾ ਗੁਜ਼ਰ ਗਿਆ। ਮਾਂ ਐ ਬੱਸ। ਹੋਰ ਕੋਈ ਨਾ ਭੈਣ, ਨਾ ਭਾਈ।'

ਸਭ ਤੋਂ ਵੱਡੀ ਛਾਲ

135