ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਅਹਿ ਗੋਡਿਆਂ ਨੂੰ ਹਿੱਕ ਨਾਲ ਜੋੜ ਲਈਦੈ। ਪੈਰਾਂ ਵਿੱਚ ਸੱਬਲ ਮਾਰੀਂ ਜਾਨਾਂ, ਨਾਲ ਦੀ ਨਾਲ ਘੁੰਮਦੇ ਵੀ ਰਹੀਦੈ। ਖੂੰਜਿਆਂ 'ਚੋਂ ਵੀ ਮਿੱਟੀ ਖੁਰਚੀਂ ਦੀ ਐ। ਫੇਰ ਪੱਟਾਂ ਵਿਚਾਲੇ ਬਾਲਟੀ ਲੈ ਕੇ ਤੇ ਘੁੰਮ ਘੁੰਮ ਕੇ ਬਾਟੀ ਨਾਲ ਮਿੱਟੀ ਚੱਕ ਚੱਕ ਪੌਂਦਾ ਜਾਨਾਂ।'

ਉਹਦੀ ਕਠਨ-ਤਪੱਸਿਆ ਵਾਲੀ ਇਸ ਕਮਾਈ ਨੂੰ ਦੇਖ ਕੇ ਮੈਂ ਹੈਰਾਨ ਸਾਂ। ਢਿੱਡ ਦੀ ਖ਼ਾਤਰ ਬੰਦੇ ਨੂੰ ਕੀ ਕੁਝ ਕਰਨਾ ਪੈਂਦਾ ਹੈ।

ਸ਼ਾਮ ਦੇ ਛੇ ਵਜੇ ਤੱਕ ਉਹ ਬਾਈ ਫੁੱਟ ਬੋਰ ਕਰ ਚੁੱਕਿਆ ਸੀ। ਮਜ਼ਦੂਰ ਮੁੰਡਾ ਛੁੱਟੀ ਕਰ ਗਿਆ। ਕਰਨੈਲ ਨੇ ਅੱਗੇ ਵਰਗਾ ਪਾਣੀ ਤੱਤਾ ਕਰਵਾਇਆ। ਵੱਡੀ ਬਾਲਟੀ ਭਰ ਕੇ ਵਿੱਚ ਲੂਣ ਸੁੱਟ ਲਿਆ। ਗੁਸਲਖਾਨੇ ਵਿੱਚ ਵੜ ਕੇ ਮਲ-ਮਲ ਕੇ ਨ੍ਹਾਤਾ। ਤੇ ਫੇਰ ਸਾਰੇ ਪਿੰਡੇ ਉੱਤੇ ਸਰੋਂ ਦਾ ਤੇਲ ਮਿਲਿਆ। ਸਿਰ ਨੂੰ ਤੇਲ ਲਾ ਕੇ ਇੱਕ-ਇੱਕ ਉਂਗਲ ਕੰਨਾਂ ਵਿੱਚ ਵੀ ਲਾ ਲਈ। ਰੋਟੀ ਬਣ ਚੁੱਕੀ ਸੀ। ਰੋਟੀ ਖਾ ਕੇ ਉਹਨੇ ਕੁੜਤਾ ਝਾੜਿਆ ਤੇ ਗਲ ਪਾ ਲਿਆ। ਚਾਦਰਾ ਪਹਿਲਾਂ ਹੀ ਬੰਨ੍ਹਿਆ ਹੋਇਆ ਸੀ। ਝਾੜ-ਸੰਵਾਰ ਕੇ ਸਾਫਾ ਵੀ ਬੰਨ੍ਹ ਲਿਆ। ਬੀੜੀ ਲਾਈ ਤੇ ਪੈਰੀਂ ਜੋੜੇ ਪਾ ਕੇ ਬਾਹਰ ਹੋ ਗਿਆ।

'ਬੋਰ ਨੇੜੇ ਕਿਸੇ ਜਵਾਕ ਨੂੰ ਨਾ ਜਾਣ ਦਈਂ ਮਾਸਟਰ' ਜਾਂਦਾ ਜਾਂਦਾ ਉਹ ਮੈਨੂੰ ਕਹਿ ਗਿਆ।

ਦੋ ਘੰਟੇ ਲਾ ਕੇ ਉਹ ਮੁੜਿਆ ਤਾਂ ਮੈਂ ਪੁੱਛਿਆ-'ਕਿਧਰ ਗੇੜਾ ਮਾਰ ਆਇਆ?'

'ਬੱਸ ਐਮੇਂ, ਮਖਿਆ, ਬਾਜ਼ਾਰ ਦੀ ਸੈਰ ਕਰ ਲੀਏ।'

'ਕੀ ਕੀ ਦੇਖਿਆ, ਫੇਰ?'

'ਬੱਸ' ਟੇਸ਼ਨ ਤੇ ਬੈਠਾ ਰਹਿਆ ਮੈਂ ਤਾਂ। ਗੱਡੀ ਦੀਆਂ ਸਵਾਰੀਆਂ ਦੇਖ ਲੀਆਂ।'

ਉਹਦੀਆਂ ਗੱਲਾਂ ਸੁਣ ਕੇ ਮੈਂ ਹੱਸਣ ਲੱਗਿਆ। ਓਧਰ ਵਿਹੜੇ ਵਿੱਚ ਹੀ ਉਹਦਾ ਮੰਜਾ-ਬਿਸਤਰਾ ਸੀ।ਉਹਨੂੰ ਮੈਂ ਦੁੱਧ ਦਾ ਅੱਧਾ ਗਿਲਾਸ ਫੜਾਇਆ ਤਾਂ ਉਹ ਕਹਿੰਦਾ- 'ਐਨੀ ਖੇਚਲ ਕਾਹਨੂੰ ਕਰਨੀ ਸੀ, ਮਾਸਟਰ?'

ਉਹਦੇ ਕੋਲੋਂ ਖ਼ਾਲੀ ਗਿਲਾਸ ਲੈ ਕੇ ਮੈਂ ਆਉਣ ਲੱਗਿਆ ਤਾਂ ਉਹ ਕਹਿੰਦਾ-'ਕੱਲ ਨੂੰ ਮਜ਼ਦੂਰ ਤਾਂ ਕੀ ਕਰਨੈ, ਮਾਸਟਰ। ਪਾਂਡੂ 'ਚ ਬਰੇਤੀ ਦੀ ਅਣਸ ਔਣ ਲੱਗ ਪੀ। ਪਾਣੀ ਨਾ ਥਿਆਇਆ ਤਾਂ ਪੱਚੀ ਫੁੱਟ ਤੇ ਬੰਦ ਕਰ ਦਿਆਂਗੇ। ਤਿੰਨ ਕੁ ਫੁੱਟ ਹੋਰ ਐ। ਤੂੰ ਈ ਕਰ ਲਈਂ ਖੇਚਲ। ਐਡਾ ਔਖਾ ਕੰਮ ਨੀ। ਛੋਟਾ ਕਾਕਾ ਹੈਗਾ। ਇਹ ਵੀ ਪਵਾਊ ਹੱਥ। ਅੱਡਾ ਵੀ ਆਪਾਂ ਈ ਬਣਾ ਲਾਂਗੇ। ਤੈਨੂੰ ਬਹੁਤਾ ਔਖਾ ਨ੍ਹੀ ਕਰਦੇ।'

ਦੂਜੇ ਦਿਨ ਦੁਪਹਿਰ ਤੱਕ ਅਸੀਂ ਸਾਰਾ ਕੰਮ ਨਿਬੇੜ ਲਿਆ। ਉਹ ਨਹਾ ਲਿਆ। ਮੈਂ ਰੋਟੀ ਪਾ ਦਿੱਤੀ। ਰੋਟੀ ਖਾ ਕੇ ਪੈਸੇ ਲੈਣ ਤੋਂ ਪਹਿਲਾਂ ਉਹਨੇ ਗੱਲ ਛੇੜੀ।

'ਮਾਸਟਰ' ਖਬਾਰਾਂ 'ਚ ਤੇਰੇ ਲੇਖ ਛਪਦੇ ਨੇ। ਸਾਰੇ ਅਬਸਰ ਤੈਨੂੰ ਜਾਣਦੇ ਨੇ। ਇੱਕ ਸਾਡਾ ਵੀ ਕੰਮ ਕਰ ਦੇ। ਲਾ ਦੇ ਦਮਰਦਾ।'

'ਕੀ ਦੱਸ?' ਮੈਂ ਪੁੱਛਿਆ।

'ਜੇ ਮੈਂ ਕਿਸੇ ਸਕੂਲ 'ਚ ਮਾਲੀ ਲੱਗ ਜਾਂ ਤਾਂ ਵਧੀਆ ਰਹੇ। ਸਾਡੇ ਪਿੰਡ ਬਜ਼ੀਰ ਆਇਆ ਸੀ, ਮੈਂ ਉਹਨੂੰ ਵੀ ਅਰਜ ਕੀਤੀ ਸੀ। ਸਾਡੇ ਲਾਕੇ ਦੇ ਐਮ. ਐਲੇ ਨੂੰ ਤਾਂ ਕਈ ਵਾਰੀ ਮਿਲਿਆ ਮੈਂ। ਰੋਜ਼ਗਾਰ ਦਫ਼ਤਰ ਨੂੰ ਵੀ ਨਾ ਦਿੱਤਾ ਵਿਐ। ਤੂੰ ਜੇ ਮੇਰਾ

ਸਭ ਤੋਂ ਵੱਡੀ ਛਾਲ

139